Jasbir Jassi Video: ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੀ ਮਾਸੀ ਦੇ ਪਿੰਡ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਮਾਸੀ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਮੰਜੇ ਦੀ ਪੈਂਦ ਨੂੰ ਕੱਸਦੇ ਦਿਖਾਈ ਦੇ ਰਹੇ ਹਨ । ਇਹ ਮੰਜਾ ਉਨ੍ਹਾਂ ਦੀ ਮਾਂ ਦੇ ਵੱਲੋਂ ਬੁਣਿਆ ਗਿਆ ਸੀ।


ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਵੈਸੇ ਤੇ ਮੈਂ ਮਾਂ ਦਾ ਹਿੱਸਾ ਹਾਂ, ਕਣ ਜਿਹਾ। ਤੇ ਅੱਜ ਇੰਝ ਜਾਪਿਆ ਜਿਵੇਂ ਮਾਂ ਨੂੰ ਛੂਹ ਆਇਆ ਹਾਂ, ਗਲਵਕੜੀ ਪਾ ਆਇਆ ਹਾਂ। ਉਸਦੇ ਹੱਥਾਂ ਨੇ ਜਿਵੇਂ ਮੇਰੇ ਨਿੱਕੇ ਜਿਹੇ ਦੀ ਉਂਗਲ ਫੜ੍ਹ ਲਈ ਹੋਵੇ ਤੇ ਉਸਦਾ ਦੁਪੱਟਾ ਮੇਰੇ ਅੱਗੇ ਸਾਰੇ ਦਾ ਸਾਰਾ ਹਵਾ ਵਿੱਚ ਉੱਡ ਰਿਹਾ ਹੋਵੇ। ਮਾਂ ਤੇਰੀ ਘਾਟ ਨੇ ਮੇਰਾ ਅੰਦਰ ਅੱਥਰੂਆਂ ਨਾਲ ਭਰ ਦਿੱਤਾ ਹੈ।









ਹੰਝੂ ਅੱਜ ਬਾਹਰ ਨਹੀਂ ਸਨ ਆਏ। ਅੱਜ ਮਾਸੀ ਜੀ ਦੇ ਪਿੰਡ ਉਹਨਾਂ ਦੇ ਘਰ ਗਿਆ ਤੇ ਮਾਸੀ ਜੀ ਨੇ ਦੱਸਿਆ ਕਿ ਇਹ ਮੰਝਾ ਮੇਰੀ ਮਾਂ ਨੇ ਬੁਣਿਆ ਸੀ, ਓਹੀ ਪਾਵੇ ਨੇ, ਓਹੀ ਹੀਆਂ ਨੇ, ਓਹੀ ਸੂਤ ਹੈ। ਸੂਤ, ਮਾਂ ਦੇ ਪੋਟਿਆਂ ਦੀ ਛੋਹ, ਉਸਦੀ ਮਮਤਾ, ਮਾਂ ਦੀ ਮਿਹਨਤ ਦੀ ਖੁਸ਼ਬੂ ਵਿੱਚ ਭਿੱਜਾ ਸੀ।


ਬਚਪਨ ਵਿੱਚ ਮੇਰੀ ਮਾਂ ਨੇ ਮੈਨੂੰ ਪੈਂਦ ਕੱਸਣੀ ਸਿਖਾਈ ਸੀ। ਮੈਂ ਸੋਚਦਾ ਹਾਂ ਮਾਂ ਦਾ ਸਿਖਾਇਆ ਵੀ ਕਦੇ ਨਹੀਂ ਭੁੱਲਦਾ। ਕਿੰਨੀ ਵਿਥ ਰੱਖਣੀ ਹੈ, ਸੇਰੂ ਨਾਲ ਬੰਨ੍ਹਣਾ, ਬਰਾਬਰ ਕਰਨਾ, ਕੱਦ ਗੰਢ ਦੇਣੀ, ਕਿੰਨੀਆਂ ਰੱਸੀਆਂ ਕਿਵੇਂ ਕਿਥੋਂ ਲੰਘਾਉਣੀਆਂ.... ਅੱਜ ਜਦ ਫੇਰ ਤੋਂ ਪੈਂਦ ਕੱਸੀ ਮਾਂ - ਤੇਰੀ ਬਹੁਤ ਯਾਦ ਆਈ’ !ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ।