Jasbir Jassi: ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਲਾਚਾਰ ਤੇ ਬੇਵੱਸ ਪੰਜਾਬੀ ਔਰਤ ਨੇ ਵੀਡੀਓ ਬਣਾਇਆ ਸੀ, ਜਿਸ ਵਿੱਚ ਉਸ ਨੇ ਆਪਣੇ `ਤੇ ਹੁੰਦੇ ਜ਼ੁਲਮਾਂ ਦਾ ਦਰਦ ਬਿਆਨ ਕੀਤਾ ਸੀ। ਇਹ ਵੀਡੀਓ ਸੋਸ਼ਲ ਮੀਡੀਆ ;ਤੇ ਅੱਗ ਵਾਂਗ ਫੈਲ ਰਹੀ ਹੈ। ਜਿਸ ਨੇ ਸਾਨੂੰ ਸਭ ਨੂੰ ਇਹ ਸੋਚਣ `ਤੇ ਮਜਬੂਰ ਕਰ ਦਿਤਾ ਹੈ ਕਿ 21ਵੀਂ ਸਦੀ ;ਚ ਵੀ ਇਹ ਸਭ ਹੁੰਦਾ ਹੈ?
ਦੂਜੇ ਪਾਸੇ ਪਾਲੀਵੁੱਡ ਕਲਾਕਾਰ ਵੀ ਇਸ ਵੀਡੀਓ ਨੂੰ ਲੈਕੇ ਡੂੰਘੇ ਸਦਮੇ `ਚ ਹਨ। ਹੁਣ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਇਸ ਵੀਡੀਓ ਦੇ ਸਕ੍ਰੀਨਸ਼ਾਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਤਿੱਖਾ ਸਵਾਲ ਪੁੱਛਿਆ ਹੈ। ਉਨ੍ਹਾਂ ਕਿਹਾ ਕਿ "ਅਸੀਂ ਇਹ ਕਿਸ ਤਰ੍ਹਾਂ ਦੀ ਪੰਜਾਬੀਅਤ ਦਿਖਾ ਰਹੇ ਹਾਂ।" ਇਸ ਤੋਂ ਅੱਗੇ ਉਨ੍ਹਾਂ ਨੇ ਲਿਖਿਆ, "ਸੌਰੀ ਭੈਣੇ।" ਜ਼ਾਹਰ ਹੈ ਕਿ ਹਰ ਕੋਈ ਇਸ ਵੀਡੀਓ ਨੂੰ ਲੈਕੇ ਸਦਮੇ `ਚ ਹੈ।
ਦੂਜੇ ਪਾਸੇ ਪੰਜਾਬੀ ਸਿੰਗਰ ਤੇ ਐਕਟਰ ਰਣਜੀਤ ਬਾਵਾ ਨੇ ਵੀ ਇਸ ਵੀਡੀਓ ਦੇ ਸਕ੍ਰੀਨਸ਼ਾਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ `ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇੱਕ ਵੱਡਾ ਨੋਟ ਲਿਖ ਕੇ ਉਸ ਮੌਤ ਤੇ ਦੁੱਖ ਜ਼ਾਹਰ ਕੀਤਾ ਹੈ।
ਇਸ ਤੋਂ ਪਹਿਲਾਂ ਬੀਤੇ ਦਿਨ ਸਰਗੁਣ ਮਹਿਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ;ਤੇ ਇਸ ਔਰਤ ਦੀ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ ਸੀ। ਸਰਗੁਣ ਮਹਿਤਾ ਨੇ ਇਸ ਬਾਰੇ ਕਾਫ਼ੀ ਲੰਬੀ ਚੌੜੀ ਪੋਸਟ ਲਿਖ ਕੇ ਆਪਣਾ ਇਤਰਾਜ਼ ਦਰਜ ਕਰਾਇਆ ਸੀ। ਸਰਗੁਣ ਨੇ ਕਿਹਾ ਸੀ ਕਿ 21ਵੀਂ ਸਦੀ `ਚ ਜੀ ਰਹੇ ਹਾਂ, ਹੋਰ ਕਦੋਂ ਤੱਕ ਔਰਤਾਂ ਨਾਲ ਧੱਕਾ ਹੁੰਦਾ ਰਹੇਗਾ?
ਕਾਬਿਲੇਗ਼ੌਰ ਹੈ ਕਿ ਮ੍ਰਿਤਕ ਔਰਤ ਭਾਵੇਂ ਅੱਜ ਦੁਨੀਆ `ਚ ਨਹੀਂ ਹੈ, ਪਰ ਉਹ ਆਪਣੇ ਪਿੱਛੇ ਵੱਡੇ ਸਵਾਲ ਛੱਡ ਗਈ ਹੈ। ਉਸ ਦਾ ਕਸੂਰ ਬੱਸ ਇੰਨਾਂ ਹੀ ਸੀ ਕਿ ਉਹ ਬੇਟੇ ਨੂੰ ਜਨਮ ਨਹੀਂ ਦੇ ਸਕੀ ਸੀ। ਉਸ ਦੀਆਂ ਦੋ ਧੀਆਂ ਹੀ ਸਨ, ਜਿਸ ਦੀ ਵਜ੍ਹਾ ਕਰਕੇ ਉਸ ਦਾ ਪਤੀ ਤੇ ਸਹੁਰਾ ਪਰਿਵਾਰ 8 ਸਾਲ ਉਸ `ਤੇ ਜ਼ੁਲਮ ਕਰਦਾ ਰਿਹਾ।