Jasmine Sandlas On Spotify India Bilboard: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਪੰਜਾਬ ‘ਚ ਹੈ। ਉਹ 6 ਸਾਲਾਂ ਬਾਅਦ ਪੰਜਾਬ ਪਰਤੀ ਹੈ। ਜਦੋਂ ਤੋਂ ਉਸ ਨੇ ਪੰਜਾਬ ਪੈਰ ਪਾਇਆ ਹੈ, ਉਦੋਂ ਤੋਂ ਹੀ ਉਹ ਸੁਰਖੀਆਂ ‘ਚ ਬਣੀ ਹੋਈ ਹੈ। ਹਾਲ ਹੀ ‘ਚ ਜੈਸਮੀਨ ਸੋਨਮ ਬਾਜਵਾ ਦੇ ਸ਼ੋਅ ‘ਦਿਲ ਦੀਆਂ ਗੱਲਾਂ 2’ ‘ਚ ਨਜ਼ਰ ਆਈ ਸੀ, ਜਿੱਥੇ ਉਸ ਨੇ ਆਪਣੇ ਦਿਲ ਦੇ ਡੂੰਘੇ ਰਾਜ਼ ਖੋਲੇ ਸੀ। ਇਸ ਦੇ ਨਾਲ ਨਾਲ ਹਾਲ ਹੀ ‘ਚ ਉਹ ਆਪਣੇ ਨਵੇਂ ਗਾਣੇ ‘ਚ ਬੋਲਡ ਲੁੱਕ ਨੂੰ ਲੈਕੇ ਵੀ ਚਰਚਾ ‘ਚ ਰਹੀ। ਹੁਣ ਜੈਸਮੀਨ ਫਿਰ ਤੋਂ ਸੁਰਖੀਆਂ ‘ਚ ਆ ਗਈ ਹੈ, ਪਰ ਇਸ ਵਾਰ ਵਜ੍ਹਾ ਨੈਗਟਿਵ ਨਹੀਂ ਹੈ।
ਦਰਅਸਲ, ਜੈਸਮੀਨ ਸੈਂਡਲਾਸ ਸਪੌਟੀਫਾਈ ਇੰਡੀਆ ਦੇ ਬਿਲਬੋਰਡ ‘ਤੇ ਨਜ਼ਰ ਆਈ ਹੈ। ਉਹ ਸਪੌਟੀਫਾਈ ਇੰਡੀਆ ਦੇ ਬਿਲਬੋਰਡ ‘ਤੇ ਛਾਈ ਹੋਈ ਹੈ, ਜਿਸ ‘ਤੇ ਗਾਇਕਾ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਜੈਸਮੀਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਜੈਸਮੀਨ ਨੇ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, “ਮੈਂ ਸਭ ਤੋਂ ਪਹਿਲਾਂ ਇਹ ਤਸਵੀਰਾਂ ਆਪਣੇ ਮੰਮਾ ਨੂੰ ਭੇਜੀਆਂ ਹਨ। ਮੈਂ ਇਸ ਤੋਂ ਕਦੇ ਬਿਲਬੋਰਡ ‘ਤੇ ਨਜ਼ਰ ਨਹੀਂ ਆਈ ਸੀ। ਮੇਰੇ ਲਈ ਇਹ ਇੱਕ ਨਵਾਂ ਅਹਿਸਾਸ ਹੈ। ਸ਼ੁਕਰੀਆ ਸਪੌਟੀਫਾਈ ਇੰਡੀਆ।”
ਇਸ ਤੋਂ ਬਾਅਦ ਜੈਸਮੀਨ ਇੰਨੀਂ ਜ਼ਿਆਦਾ ਖੁਸ਼ ਨਜ਼ਰ ਆ ਰਹੀ ਹੈ ਕਿ ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਸ ਦੇ ਹੱਥ ‘ਚ ਕੌਫੀ ਦਾ ਕੱਪ ਨਜ਼ਰ ਆ ਰਿਹਾ ਹੈ। ਤਸਵੀਰ ਸ਼ੇਅਰ ਕਰਦਿਆਂ ਜੈਸਮੀਨ ਨੇ ਕੈਪਸ਼ਨ ‘ਚ ਲਿਖਿਆ, “ਕੰਸਰਟ ਕਰਨ ਦਾ ਜੀ ਜਿਹਾ ਕਰਦਾ ਯਾਰ। ਜ਼ਿੰਦਗੀ ਬਦਲਣ ਵਾਲੀਆਂ, ਖੁਦ ਨੂੰ ਖੁਸ਼ੀ ਦੇਣ ਵਾਲੀਆਂ ਗੱਲਾਂ ਕਰਨ ਦਾ ਜੀ ਜਿਹਾ ਕਰਦਾ। ਪਿਆਰੇ ਪਿਆਰੇ ਫ਼ੈਨਜ਼ ਨੂੰ ਮਿਲਣ ਦਾ ਜੀ ਜਿਹਾ ਕਰਦਾ। ਦੁਨੀਆ ਵੇਖਣ ਦਾ ਜੀ ਜਿਹਾ ਕਦਾ। ਜੀ ਜਿਹਾ ਕਰਦਾ।”
ਜੈਸਮੀਨ ਦੀ ਇਸ ਪੋਸਟ ‘ਤੇ ਉਸ ਦੇ ਫੈਨਜ਼ ਖੂਬ ਪਿਆਰ ਬਰਸਾ ਰਹੇ ਹਨ। ਜੈਸਮੀਨ ਨੂੰ ਕਮੈਂਟਸ ‘ਚ ਖੂਬ ਵਧਾਈਆਂ ਮਿਲ ਰਹੀਆਂ ਹਨ। ਦੱਸ ਦਈਏ ਕਿ ਜੈਸਮੀਨ ਦੀ ਜੋ ਤਸਵੀਰ ਬਿਲਬੋਰਡ ‘ਤੇ ਨਜ਼ਰ ਆ ਰਹੀ ਹੈ। ਉਹ ਉਸ ਦੇ ਨਵੇਂ ਗਾਣੇ ‘ਜੀ ਜਿਹਾ ਕਰਦਾ’ ਦਾ ਪੋਸਟਰ ਹੈ। ਗਾਇਕਾ ਦੇ ਇਸ ਗਾਣੇ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹੀ ਨਹੀਂ ਜੈਸਮੀਨ ਗਾਣੇ ਨਾਲੋਂ ਜ਼ਿਆਦਾ ਆਪਣੇ ਬੋਲਡ ਲੁੱਕ ਕਰਕੇ ਜ਼ਿਆਦਾ ਚਰਚਾ ਖੱਟ ਰਹੀ ਹੈ।