Mankirt Aulakh Interview With ABP Sanjha: ਪੰਜਾਬੀ ਸਿੰਗਰ ਮਨਕੀਰਤ ਔਲਖ ਇੰਨੀਂ ਭਾਰਤ ‘ਚ ਹੈ। ਇਸ ਦੌਰਾਨ ਗਾਇਕ ਖੂਬ ਸੁਰਖੀਆਂ ਬਟੋਰ ਰਿਹਾ ਹੈ। ਹਾਲ ਹੀ ‘ਚ ਮਨਕੀਰਤ ਨੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਨੇ ਏਬੀਪੀ ਸਾਂਝਾ ਦੇ ਸ਼ੋਅ ‘ਮੁੱਕਦੀ ਗੱਲ’ ‘ਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਪ੍ਰਤੀ ਆਪਣੇ ਗੁੱਸੇ ਨੂੰ ਜ਼ਾਹਰ ਕੀਤਾ। ਮਨਕੀਰਤ ਨੇ ਇੰਟਰਵਿਊ ਦੇ ਇਸ ਅੰਸ਼ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਇਸ ਦੌਰਾਨ ਮਨਕੀਰਤ ਔਲਖ ਮੀਡੀਆ ਪ੍ਰਤੀ ਆਪਣੇ ਗੁੱਸੇ ਨੂੰ ਜ਼ਾਹਰ ਕਰਦਾ ਨਜ਼ਰ ਆ ਰਿਹਾ ਹੈ।
ਮਨਕੀਰਤ ਨੇ ਕਿਹਾ ਕਿ ‘ਜਦੋਂ ਵੀ ਮੇਰਾ ਕੋਈ ਗਾਣਾ ਰਿਲੀਜ਼ ਹੁੰਦਾ ਹੈ, ਮੈਂ ਤੁਰੰਤ ਮੀਡੀਆ ਦੇ ਨਿਸ਼ਾਨੇ ‘ਤੇ ਆ ਜਾਂਦਾ ਹਾਂ। ਮੈਂ ਕੀ ਮਾੜਾ ਕੀਤਾ ਮੀਡੀਆ ਵਾਲਿਆਂ ਦਾ? ਟੀਵੀ ਨਿਊਜ਼ ਚੈਨਲ ਸਿਰਫ ਟੀਆਰਪੀ ਲਈ ਮੇਰੇ ਨਾਂ ਦਾ ਇਸਤੇਮਾਲ ਕਰ ਰਹੇ ਹਨ। ਜਦੋਂ ਵੀ ਕਿਸੇ ਦਾ ਚੈਨਲ ਢਿੱਲਾ ਪੈਣ ਲੱਗਦਾ ਹੈ, ਤਾਂ ਉਹ ਮਨਕੀਰਤ ਔਲਖ ਦਾ ਨਾਂ ਲੈ ਲੈਂਦਾ ਹੈ।’ ਇਸ ਦੇ ਨਾਲ ਹੀ ਔਲਖ ਨੇ ਇਹ ਵੀ ਕਿਹਾ ਕਿ ਉਹ ਹਰ ਮੀਡੀਆ ਹਾਊਸ ‘ਤੇ ਤੰਜ ਨਹੀਂ ਕੱਸ ਰਿਹਾ ਹੈ, ਪਰ ਕੁੱਝ ਚੈਨਲ ਇਸੇ ਤਰ੍ਹਾਂ ਕਰਦੇ ਹਨ। ਇਸ ਵੀਡੀਓ ‘ਚ ਮਨਕੀਰਤ ਔਲਖ ਦੇ ਚਿਹਰੇ ‘ਤੇ ਗੁੱਸਾ ਸਾਫ ਨਜ਼ਰ ਆ ਰਿਹਾ ਹੈ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਉਦੋਂ ਤੋਂ ਹੀ ਮਨਕੀਰਤ ਔਲਖ ਸੁਰਖੀਆਂ ‘ਚ ਹੈ। ਕਿਉਂਕਿ ਉਸ ਦਾ ਨਾਂ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨਾਲ ਜੋੜਿਆ ਗਿਆ ਸੀ। ਇਸ ਦੀ ਵਜ੍ਹਾ ਸੀ ਉਸ ਦੀ ਵਿੱਕੀ ਮਿੱਡੂਖੇੜਾ ਤੇ ਲਾਰੈਂਸ ਬਿਸ਼ਨੋਈ ਨਾਲ ਦੋਸਤੀ। ਪਰ ਪੰਜਾਬ ਪੁਲਿਸ ਦੀ ਜਾਂਚ ‘ਚ ਮਨਕੀਰਤ ਔਲਖ ਬੇਗੁਨਾਹ ਪਾਇਆ ਗਿਆ ਅਤੇ ਉਸ ਨੂੰ ਕਲੀਨ ਚਿੱਟ ਮਿਲੀ। ਮਨਕੀਰਤ ਔਲਖ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇੰਨੀਂ ਦਿਨੀਂ ਭਾਰਤ ਵਿੱਚ ਹੀ ਹੈ। ਉਹ ਆਪਣੀ ਆਉਣ ਵਾਲੀ ਫਿਲਮ ‘ਬਰਾਊਨ ਬੁਆਏਜ਼’ ਦੀ ਸ਼ੂਟਿੰਗ ਕਰ ਰਿਹਾ ਹੈ। ਇਹ ਫਿਲਮ ਅਗਲੇ ਸਾਲ ਯਾਨਿ 2023 ‘ਚ ਰਿਲੀਜ਼ ਹੋਣ ਜਾ ਰਹੀ ਹੈ।