Nimma Kharoud Death: ਆਏ ਦਿਨ ਵਿਦੇਸ਼ਾਂ ਤੋਂ ਮੰਦਭਾਗੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਵੇਲੇ ਦੀ ਵੱਡੀ ਮੰਦਭਾਗੀ ਖ਼ਬਰ ਪੰਜਾਬੀ ਸੰਗੀਤ ਜਗਤ ਨਾਲ ਜੁੜੀ ਹੈ।ਦਰਅਸਲ, ਖ਼ਬਰ ਹੈ ਕਿ ਪੰਜਾਬੀ ਗਾਇਕ ਨਿੰਮਾ ਖਰੌੜ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। 


ਦੱਸ ਦਈਏ ਕਿ ਨਿੰਮਾ ਖਰੌੜ ਆਸਟਰੇਲੀਆ 'ਚ ਸਨ। ਉਨ੍ਹਾਂ ਦੀ ਅਚਨਚੇਤ ਮੌਤ ਨਾਲ ਪੰਜਾਬੀ ਸੰਗੀਤ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਪਈ ਹੈ। ਨਿੰਮਾ ਖਰੌੜ ਦੀ ਮੌਤ ਦਾ ਅਸਲ ਕਾਰਨ ਕੀ ਹੈ, ਇਸ ਬਾਰੇ ਹਾਲੇ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਹੈ।


ਦੱਸਣਯੋਗ ਹੈ ਕਿ ਬੀਤੇ ਦਿਨੀਂ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਦੀ ਵੀ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ। ਮੈਨੇਜਰ ਦੀ ਮੌਤ ਨਾਲ ਰਣਜੀਤ ਬਾਵਾ ਨੂੰ ਡੂੰਘਾ ਧੱਕਾ ਲੱਗਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲਿਖਿਆ, 'ਮੇਰਾ ਭਰਾ ਡਿਪਟੀ ਵੋਹਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ, ਭਰਾ ਹਾਲੇ ਅਸੀਂ ਬਹੁਤ ਕੰਮ ਕਰਨਾ ਸੀ, ਬਹੁਤ ਅੱਗੇ ਜਾਣਾ ਸੀ। ਸਾਡੀ 20 ਸਾਲ ਦੀ ਯਾਰੀ ਨੂੰ ਤੋੜ ਗਿਆ ਯਾਰਾ, ਮੈਂ ਕਿੱਥੇ ਲੱਭੂ ਤੇਰੇ ਵਰਗਾ ਇਮਾਨਦਾਰ, ਦਲੇਰ ਤੇ ਦਿਲ ਦਾ ਰਾਜਾ ਭਰਾ, ਅਲਵਿਦਾ ਭਰਾ।'


ਕੌਣ ਸੀ ਨਿੰਮਾ ਖਰੌੜ?
ਨਿੰਮਾ ਖਰੌੜ- ਮੈਲਬੌਰਨ ਵੱਸਦਾ ਪੰਜਾਬੀ ਭਾਈਚਾਰਾ ਤਾਂ ਇਸ ਨਾਮ ਤੋਂ ਵਾਕਫ਼ ਹੀ ਸੀ। ਲਗਪਗ ਡੇਢ ਦਹਾਕਾ ਪਹਿਲਾਂ ਜਦੋਂ ਪਟਿਆਲਾ ਜਿਲ੍ਹੇ ਦੇ ਪਿੰਡ ਲੰਗ ਤੋਂ ਉਹ ਆਸਟ੍ਰੇਲੀਆ ਆਇਆ ਤਾਂ ਉਸਦੀ ਅੱਖਾਂ ਵਿੱਚ ਸੁਫਨੇ ਸਨ। ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ (ਵੱਡੀ ਲੜਕੀ ਅਤੇ ਛੋਟਾ ਲੜਕਾ) ਨਾਲ ਪਰਿਵਾਰ ਹਾਸੇ ਖੇਡੇ 'ਚ ਜੀਵਨ ਬਸਰ ਕਰ ਰਿਹਾ ਸੀ। ਪਰ ਬੀਤੀ ਕੱਲ੍ਹ ਨਿੰਮੇ ਦੀ ਹੋਈ ਅਚਾਨਕ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ।










ਪਟਿਆਲੇ ਦੇ ਮਹਿੰਦਰਾ ਕਾਲਜ ਵਿੱਚ ਪੜ੍ਹਦਿਆਂ ਹੋਇਆਂ ਨਿੰਮਾ ਗਾਇਕੀ ਦੇ ਖੇਤਰ ਵਿੱਚ ਚੰਗਾ ਮੁਕਾਮ ਹਾਸਲ ਕਰ ਗਿਆ ਸੀ। ਕੈਨਬਰਾ ਵੱਸਦੇ ਉਸਦੇ ਕਾਲਜ ਦੇ ਮਿੱਤਰ ਪਰਮਦੀਪ ਸਿੰਘ ਨਰੈਣ ਨੇ ਇੱਕ ਯਾਦ ਸਾਂਝੀ ਕਰਦਿਆਂ ਦੱਸਿਆ ਕਿ ਇੱਕ ਵਾਰ ਉਹਨਾਂ ਦਾ ਯੂਨੀਵਰਸਿਟੀ ਪੱਧਰ ਦਾ ਭੰਗੜਾ ਮੁਕਾਬਲਾ ਚੱਲ ਰਿਹਾ ਸੀ। ਨਿੰਮਾ ਹਮੇਸ਼ਾ ਦੀ ਤਰ੍ਹਾਂ ਬੋਲੀਆਂ ਪਾ ਰਿਹਾ ਸੀ, ਅਚਾਨਕ ਉਹ ਆਖਿਰੀ ਬੋਲੀ ਭੁੱਲ ਗਿਆ, ਪਰ ਡੋਲਿਆ ਨਹੀਂ। ਉਸਨੇ ਉਹਨੀਂ ਦਿਨੀਂ ਜਲੰਧਰ ਦੂਰਦਰਸ਼ਨ 'ਤੇ ਆਉਂਦੇ ਕਲਸੀ ਪੰਪ ਦੇ ਇਸ਼ਤਿਹਾਰ ਨੂੰ ਹੀ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਹਾਲ ਚ ਸੀਟੀਆਂ ਤਾੜੀਆਂ ਗੂੰਜ ਉਠੀਆਂ।