Happy Birthday Satwinder Bitti: ਸਤਵਿੰਦਰ ਬਿੱਟੀ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਆਪਣੇ ਸਮੇਂ ‘ਚ ਉਹ ਪੰਜਾਬੀ ਇੰਡਸਟਰੀ ‘ਤੇ ਰਾਜ ਕਰਦੀ ਸੀ। ਅੱਜ ਬਿੱਟੀ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 29 ਨਵੰਬਰ 1975 ਨੂੰ ਪਟਿਆਲਾ ਵਿਖੇ ਹੋਇਆ ਸੀ। ਤਾਂ ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੀਆਂ ਅਣਸੁਣੀਆਂ ਗੱਲਾਂ, ਜੋ ਸ਼ਾਇਦ ਹੀ ਤੁਸੀਂ ਕਿਤੇ ਸੁਣੀਆਂ ਹੋਣ:
ਜਨਮ ਤੇ ਸ਼ੁਰੂਆਤੀ ਜੀਵਨ
ਬਿੱਟੀ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸ: ਗੁਰਨੈਬ ਸਿੰਘ ਅਤੇ ਮਾਤਾ ਗੁਰਚਰਨ ਕੌਰ ਹੈ। ਉਨ੍ਹਾਂ ਨੂੰ ਸੰਗੀਤ ਵਿੱਚ ਬੇਹੱਦ ਰੁਚੀ ਸੀ। ਉਹ ਵੱਖ-ਵੱਖ ਸ਼ਰਧਾ ਭਾਵਨਾਵਾਂ 'ਤੇ ਧਾਰਮਿਕ ਗੀਤ ਗਾਉਂਦੀ ਸੀ ਅਤੇ ਇਸ ਤਰ੍ਹਾਂ ਪੰਜ ਸਾਲ ਦੀ ਛੋਟੀ ਉਮਰ ਤੋਂ ਹੀ ਗਾਉਣ ਲੱਗ ਪਈ। ਉਹ ਗਾਇਕਾ ਲਤਾ ਮੰਗੇਸ਼ਕਰ ਦੀ ਪ੍ਰਸ਼ੰਸਕ ਹੈ ਅਤੇ ਬਾਅਦ ਵਿੱਚ, ਗਾਇਕੀ ਨੂੰ ਪੇਸ਼ੇ ਵਜੋਂ ਅਪਣਾ ਲਿਆ ਅਤੇ ਬਹੁਤ ਸਾਰੀਆਂ ਧਾਰਮਿਕ ਅਤੇ ਲੋਕ ਐਲਬਮਾਂ ਜਾਰੀ ਕੀਤੀਆਂ। ਬਿੱਟੀ ਦੇ ਪਿਤਾ ਪੀਡਬਲਿਊਡੀ ਦੇ ਮੁਲਾਜ਼ਮ ਸੀ ਅਤੇ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਇਸ ਕਰਕੇ ਬਿੱਟੀ ਨੇ ਗਾਇਕੀ ਆਪਣੇ ਪਿਤਾ ਤੋਂ ਹੀ ਸਿੱਖੀ। ਬਿੱਟੀ ਨੇ 5 ਸਾਲ ਦੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਮਾਤਾ ਪਿਤਾ ਜਦੋਂ ਵੀ ਉਨ੍ਹਾਂ ਨੂੰ ਕਿਸੇ ਫੈਮਿਲੀ ਫੰਕਸ਼ਨ ‘ਤੇ ਲਿਜਾਂਦੇ ਸੀ, ਤਾਂ ਉਥੇ ਉਹ ਧਾਰਮਿਕ ਪ੍ਰੋਗਰਾਮਾਂ ‘ਚ ਭਜਨ ਗਾਉਂਦੀ ਹੁੰਦੀ ਸੀ। ਬਾਅਦ ਵਿੱਚ ਉਹ ਆਪਣੇ ਸਕੂਲ ਤੇ ਕਾਲਜ ਦੀ ਪੜ੍ਹਾਈ ਦੌਰਾਨ ਸਟੇਜ ‘ਤੇ ਨੱਚਣ ਗਾਉਣ ਲੱਗ ਪਈ। ਇਸ ਤਰ੍ਹਾਂ ਬਿੱਟੀ ਗਾਇਕੀ ‘ਚ ਮਾਹਰ ਹੋਈ। ਪੜ੍ਹਾਈ ਦੀ ਗੱਲ ਕਰੀਏ ਤਾਂ ਬਿੱਟੀ ਨੇ ਬੀਐਸਸੀ ਦੀ ਪੜ੍ਹਾਈ ਕੀਤੀ ਹੈ।
ਹਾਕੀ ‘ਚ ਗੋਲਡ ਮੈਡਲ
ਸਤਵਿੰਦਰ ਬਿੱਟੀ ਚੰਡੀਗੜ੍ਹ ਦੇ ਐਮਸੀਐਮ ਡੀਏਵੀ ਕਾਲਜ ;ਚ ਪੜ੍ਹਦੀ ਸੀ। ਇਸ ਦੌਰਾਨ ਉਹ ਕਾਫੀ ਸਟੇਜ ਸ਼ੋਅਜ਼ ‘ਚ ਭਾਗ ਲੈਂਦੀ ਰਹੀ ਅਤੇ ਕਾਲਜ ਨੂੰ ਕਈ ਟਰਾਫੀਆਂ ਵੀ ਜਿਤਵਾਈਆਂ। ਇਸ ਦੇ ਨਾਲ ਨਾਲ ਬਿੱਟੀ ਨੂੰ ਹਾਕੀ ਖੇਡਣ ਦਾ ਵੀ ਸ਼ੌਕ ਸੀ। ਬਿੱਟੀ ਨੇ ਹਾਕੀ ਦੇ ਖੇਤਰ ‘ਚ ਕਾਫੀ ਨਾਮ ਕਮਾਇਆ ਸੀ। ਆਪਣੀ ਮੇਹਨਤ ਤੇ ਟੈਲੇਂਟ ਨਾਲ ਬਿੱਟੀ ਨੂੰ ਹਾਕੀ ‘ਚ ਗੋਲਡ ਮੈਡਲ ਵੀ ਮਿਲਿਆ। ਇਸ ਦੇ ਨਾਲ ਨਾਲ ਬਿੱਟੀ ਨੈਸ਼ਨਲ ਲੈਵਲ ‘ਤੇ ਵੀ ਹਾਕੀ ਖਿਡਾਰਨ ਰਹੀ। ਹਾਕੀ ਦੇ ਖੇਤਰ ‘ਚ ਬੇਹਤਰੀਨ ਪ੍ਰਦਰਸ਼ਨ ਦੇਣ ਕਾਰਨ ਬਿੱਟੀ ਨੂੰ ਏਅਰ ਇੰਡੀਆ ਹਾਕੀ ਫੈਡਰੇਸ਼ਨ ‘ਚ ਨੌਕਰੀ ਵੀ ਮਿਲੀ।
ਗਾਇਕੀ ਖਾਤਰ ਛੱਡੀ ਨੌਕਰੀ
ਬਿੱਟੀ ਦੀ ਜ਼ਿੰਦਗੀ ‘ਚ ਸਭ ਕੁੱਝ ਠੀਕ ਠਾਕ ਸੀ। ਉਹ ਨਾਮੀ ਹਾਕੀ ਪਲੇਅਰ ਹੋਣ ਦੇ ਨਾਲ ਨਾਲ ਸਰਕਾਰੀ ਨੌਕਰੀ ਵੀ ਕਰਦੀ ਸੀ। ਸਭ ਕੁੱਝ ਬੇਹਤਰੀਨ ਚੱਲ ਰਿਹਾ ਸੀ। ਪਰ ਬਿੱਟੀ ਇਸ ਸਭ ਤੋਂ ਕਿਤੇ ਨਾ ਕਿਤੇ ਅਸੰਤੁਸ਼ਟ ਸੀ। ਕਿਉਂਕਿ ਗਾਇਕੀ ਹੀ ਬਿੱਟੀ ਦਾ ਜਨੂੰਨ ਸੀ ਅਤੇ ਹੁਣ ਨੌਕਰੀ ਕਰਕੇ ਬਿੱਟੀ ਗਾਇਕੀ ਤੋਂ ਦੂਰ ਹੋ ਰਹੀ ਸੀ। ਆਖਰ ਬਿੱਟੀ ਨੇ ਫੈਸਲਾ ਕੀਤਾ ਕਿ ਉਹ ਆਪਣੇ ਜਨੂੰਨ ਵੱਲ ਵਧੇਗੀ। ਇਸ ਲਈ ਉਨ੍ਹਾਂ ਨੇ ਸਰਕਾਰੀ ਨੌਕਰੀ ਛੱਡ ਕੇ ਪਟਿਆਲਾ ਵਾਪਸ ਆ ਗਈ। ਇੱਥੇ ਉਨ੍ਹਾਂ ਨੇ ਪੱਕਾ ਫੈਸਲਾ ਕੀਤਾ ਕਿ ਉਹ ਗਾਇਕੀ ;ਚ ਹੀ ਆਪਣਾ ਕਰੀਅਰ ਬਣਾਵੇਗੀ।
ਪਹਿਲੀ ਐਲਬਮ ਰਹੀ ਸੁਪਰਹਿੱਟ
ਜਦੋਂ ਬਿੱਟੀ ਨੇ ਗਾਇਕੀ ਖਾਤਰ ਨੌਕਰੀ ਛੱਡੀ ਤਾਂ ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਉਨ੍ਹਾਂ ਦੀ ਕਿਸਮਤ ਗਾਇਕੀ ;ਚ ਚਮਕੇਗੀ ਜਾਂ ਨਹੀਂ, ਬੱਸ ਉਹ ਆਪਣੇ ਜਨੂੰਨ ਵੱਲ ਵਧਦੀ ਗਈ। ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ‘ਪੁਰੇ ਦੀ ਹਵਾ’ ਕੱਢੀ, ਜੋ ਕਿ ਸੁਪਰਹਿੱਟ ਰਹੀ। ਇਸ ਤੋਂ ਬਾਅਦ ਬਿੱਟੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਆਪਣੇ ਗਾਇਕੀ ਦੇ ਕਰੀਅਰ ‘ਚ ਬਿੱਟੀ ਨੇ 25-30 ਐਲਬਮਾਂ ਕੱਢੀਆਂ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਹਿੱਟ ਰਹੀਆਂ ਹਨ। ਸਤਵਿੰਦਰ ਬਿੱਟੀ ਦੇ ਗੀਤਾਂ ਵਿੱਚ ਪੂਰੇ ਦੀ ਹਵਾ, ਇੱਕ ਵਾਰੀ ਹੱਸ ਕੇ, ਨਚਦੀ ਦੇ ਸਿਰੋਂ ਪਤਾਸੇ, ਚਾਂਦੀ ਦੀਆਂ ਝਾਂਜਰਾਂ, ਨਚਨਾ ਪਟੋਲਾ ਬਣਕੇ, ਦਿਲ ਦੇ ਮਰੀਜ਼, ਗਿੱਧੇ ਚ ਗੁਲਾਬੋ ਨਚਦੀ, ਮਰ ਗਈ ਤੇਰੀ ਤੇ, ਮੈਂ ਨੀ ਮੰਗਣਾ ਕਰੌਣਾ, ਨੱਚਦੀ ਮੈਂ ਨੱਚਦੀ, ਪਰਦੇਸੀ ਢੋਲਾ, ਸਬਰ, ਖੰਡ ਦਾ ਖੇਡਨਾ, ਵੇ ਸੱਜਨਾ ਵਰਗੇ ਹਿੱਟ ਗੀਤ ਸ਼ਾਮਿਲ ਹਨ।
2007 ‘ਚ ਕੀਤਾ ਵਿਆਹ
ਸਤਵਿੰਦਰ ਬਿੱਟੀ ਜਦੋਂ ਆਪਣੇ ਕਰੀਅਰ ਦੀਆਂ ਬੁਲੰਦੀਆਂ ‘ਤੇ ਸੀ ਤਾਂ ਉਨ੍ਹਾਂ ਨੇ 2007 ;ਚ ਕੁਲਰਾਜ ਸਿੰਘ ਗਰੇਵਾਲ ਨਾਲ ਵਿਆਹ ਕਰਵਾ ਲਿਆ। ਇਸ ਤੋਂ ਉਨ੍ਹਾਂ ਦੇ ਘਰ ਇੱਕ ਪੁੱਤਰ ਯੁਵਰਾਜ ਗਰੇਵਾਲ ਨੇ ਜਨਮ ਲਿਆ। ਇੰਜ ਬਿੱਟੀ ਆਪਣੀ ਪਰਿਵਾਰਕ ਜ਼ਿੰਦਗੀ ‘ਚ ਬਿਜ਼ੀ ਹੋ ਗਈ ਅਤੇ ਗਾਇਕੀ ਤੋਂ ਉਨ੍ਹਾਂ ਨੇ ਦੂਰੀ ਬਣਾ ਲਈ।
ਸਾਲ 2011 ‘ਚ ਆਇਆ ਬੁਰਾ ਦੌਰ
ਸਾਲ 2011 ‘ਚ ਸਤਵਿੰਦਰ ਬਿੱਟੀ ਐਮਐਚ ਵੰਨ ਦੇ ਸ਼ੋਅ ‘ਆਵਾਜ਼ ਪੰਜਾਬ ਦੀ’ ‘ਚ ਜੱਜ ਰਹੀ ਸੀ। ਸਭ ਕੁੱਝ ਠੀਕ ਚੱਲ ਰਿਹਾ ਸੀ, ਪਰ ਫਰਵਰੀ 2011 ‘ਚ ਸਤਵਿੰਦਰ ਬਿੱਟੀ ਨਾਲ ਭਿਆਨਕ ਹਾਦਸਾ ਹੋਇਆ, ਜਦੋਂ ਉਹ ਆਪਣੀ ਕਾਰ ‘ਚ ਜਾ ਰਹੀ ਸੀ ਅਤੇ ਰਾਹ ;ਚ ਉਨ੍ਹਾਂ ਦੀ ਕਾਰ ਦੀ ਟੱਕਰ ਟਰੱਕ ਨਾਲ ਹੋਈ ਅਤੇ ਬਿੱਟੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਪਰ ਬਿੱਟੀ ਨੇ ਹਾਰ ਨਹੀਂ ਮੰਨੀ। ਭਾਵੇਂ ਇਸ ਹਾਦਸੇ ਨੇ ਉਨ੍ਹਾਂ ਦੇ ਕਰੀਅਰ ਨੂੰ ਢਾਹ ਲਾਈ, ਪਰ ਬਾਵਜੂਦ ਇਸ ਦੇ ਉਹ ਫਿਰ ਤੋਂ ਆਪਣੇ ਪੈਰਾਂ ‘ਤੇ ਖੜੀ ਹੋਈ।