Sharry Maan: ਕੁਝ ਦਿਨ ਪਹਿਲਾਂ ਸ਼ੈਰੀ ਮਾਨ ਨੇ ਸ਼ਰਾਬ ਪੀ ਕੇ ਇਕ ਲਾਈਵ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਹ ਗਾਇਕ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢ ਰਹੇ ਸਨ। ਇਸ ਦੌਰਾਨ ਸ਼ੈਰੀ ਮਾਨ ਨੇ ਗੁਰੂਆਂ ਨੂੰ ਲੈ ਕੇ ਵੀ ਅਜਿਹੀ ਗੱਲ ਆਖ ਦਿੱਤੀ, ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ।
ਸ਼ੈਰੀ ਮਾਨ ਨੇ ਕਿਹਾ ਸੀ ਕਿ ਜੇ ਹੁਣ ਉਸ ਨੂੰ ਕੋਈ ਸਹੀ ਰਸਤੇ ’ਤੇ ਲੈ ਕੇ ਆ ਸਕਦਾ ਹੈ ਤਾਂ ਉਹ ਸਿਰਫ ਓਸ਼ੋ ਹੀ ਹੈ, ਹੋਰ ਕਿਸੇ ਗੁਰੂ ’ਚ ਤਾਕਤ ਨਹੀਂ। ਸ਼ੈਰੀ ਮਾਨ ਦੀ ਇਸ ਵੀਡੀਓ ਤੋਂ ਬਾਅਦ ਲੋਕਾਂ ਦਾ ਗੁੱਸਾ ਫੁੱਟ ਗਿਆ ਤੇ ਉਸ ਦਾ ਵਿਰੋਧ ਹੋਣਾ ਸ਼ੁਰੂ ਹੋਇਆ।
ਵਿਵਾਦ ਵਧਣ ਤੋਂ ਬਾਅਦ ਸ਼ੈਰੀ ਮਾਨ ਨੇ ਅੱਜ ਇਕ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਮੁਆਫ਼ੀ ਮੰਗੀ ਹੈ।
ਸ਼ੈਰੀ ਮਾਨ ਨੇ ਲਿਖਿਆ, ‘‘ਗੁਰੂ ਪਿਆਰੀ ਸਾਧ ਸੰਗਤ ਜੀ, ਦਸ ਗੁਰੂ ਸਾਹਿਬਾਨ ਤੇ ਦਸਾਂ ਗੁਰੂਆਂ ਦੀ ਜਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਮੇਰੇ ਦਿਲ ’ਚ ਹੈ, ਸੀ ਤੇ ਹਮੇਸ਼ਾ ਰਹੇਗਾ ਤੇ ਮੈਂ ਸੁਪਨੇ ’ਚ ਵੀ ਕੋਈ ਅਜਿਹੀ ਗੱਲ ਨਹੀਂ ਸੋਚ ਸਕਦਾ।’’
ਸ਼ੈਰੀ ਨੇ ਅੱਗੇ ਪੋਸਟ ’ਚ ਲਿਖਿਆ, ‘‘ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਸਭ ਤੋਂ ਉੱਪਰ ਹਨ, ਉਨ੍ਹਾਂ ਦੀ ਕਿਸੇ ਨਾਲ ਤੁਲਨਾ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ, ਸੋ ਕਿਰਪਾ ਕਰਕੇ ਮੇਰੀ ਕਿਸੇ ਗੱਲ ਨੂੰ ਇਸ ਪਾਸੇ ਨਾ ਜੋੜਿਆ ਜਾਵੇ ਤੇ ਜਾਣੇ-ਅਣਜਾਣੇ ਜੇ ਮੇਰੇ ਕਰਕੇ ਕਿਸੇ ਦਾ ਦਿਲ ਦੁਖਿਆ ਤਾਂ ਦਾਸ ਖਿਮਾ ਦਾ ਜਾਚਕ ਹੈ। ਆਪਜੀ ਦਾ ਆਪਣਾ ਸ਼ੈਰੀ ਮਾਨ।’’