Sharry Mann On Viral Video With Anmol Bishnoi: ਪੰਜਾਬੀ ਸਿੰਗਰ ਕਰਨ ਔਜਲਾ ਤੇ ਸ਼ੈਰੀ ਮਾਨ ਦੋਵੇਂ ਵਿਵਾਦਾਂ 'ਚ ਹਨ। ਦਰਅਸਲ, ਦੋਵਾਂ ਨੂੰ ਅਮਰੀਕਾ ਦੇ ਕੈਲੀਫੋਰਨੀਆ 'ਚ ਇੱਕ ਵਿਆਹ ਦੇ ਫੰਕਸ਼ਨ 'ਚ ਸਟੇਜ ਸ਼ੋਅ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਉਸੇ ਵਿਆਹ 'ਚ ਮੂਸੇਵਾਲਾ ਕਤਲ ਮਾਮਲੇ ਦਾ ਦੋਸ਼ੀ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਮੌਜੂਦ ਸੀ। ਅਨਮੋਲ ਦੀ ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਕਰਨ ਔਜਲਾ ਤੇ ਸ਼ੈਰੀ ਮਾਨ ਦੋਵੇਂ ਹੀ ਹੇਟਰਜ਼ ਦੇ ਨਿਸ਼ਾਨੇ 'ਤੇ ਆ ਗਏ ਹਨ।
ਇਸ ਤੋਂ ਪਹਿਲਾਂ ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਪਣਾ ਪੱਖ ਰੱਖਿਆ ਸੀ। ਹੁਣ ਸ਼ੈਰੀ ਮਾਨ ਨੇ ਵੀ ਆਪਣੀ ਸਫਾਈ ਦੇ ਦਿੱਤੀ ਹੈ। ਸ਼ੈਰੀ ਮਾਨ ਨੇ ਲੰਬੀ ਚੌੜੀ ਪੋਸਟ ਸ਼ੇਅਰ ਕਰ ਲਿਿਖਿਆ, 'ਕਿਰਪਾ ਕਰਕੇ ਨਫਰਤ ਨਾ ਫੈਲਾਓ। ਕਲਾਕਾਰ ਹੋਣ ਦੇ ਨਾਤੇ ਮੈਨੂੰ ਲੋਕਾਂ ਵੱਲੋਂ ਜਗ੍ਹਾ ਜਗ੍ਹਾ 'ਤੇ ਪਰਫਾਰਮ ਕਰਨ ਲਈ ਬੁਲਾਇਆ ਜਾਂਦਾ ਹੈ। ਹਾਲ ਹੀ 'ਚ ਮੈਂ ਕੈਲੀਫੋਰਨੀਆ 'ਚ ਕਰਨ ਔਜਲਾ ਨਾਲ ਪਰਫਾਰਮ ਕੀਤਾ ਸੀ। ਮੇਰੀ ਟੀਮ, ਜੋ ਮੇਰੇ ਸ਼ੋਅਜ਼ ਬੁੱਕ ਕਰਦੀ ਹੈ, ਜ਼ਿਆਦਾਤਰ ਮੌਕਿਆਂ 'ਤੇ ਚੈੱਕ ਨਹੀਂ ਕਰਦੀ ਕਿ ਕਿਸ ਨੇ ਬੁਕਿੰਗ ਕੀਤੀ ਹੈ। ਅਸੀਂ ਜਿੱਥੇ ਬੁਕਿੰਗ ਕੀਤੀ ਹੁੰਦੀ ਹੈ, ਉਥੇ ਪਰਫਾਰਮੈਂਸ ਬਾਰੇ ਹੀ ਵਿਚਾਰ ਵਟਾਂਦਰਾ ਕਰੀਦਾ ਹੈ, ਹੋਰ ਕੋਈ ਫਾਲਤੂ ਗੱਲ ਨਹੀਂ। ਅਖੀਰ 'ਚ ਅਸੀਂ ਬਿਜ਼ਨਸ ਕਰ ਰਹੇ ਹਾਂ। ਹੋਰਨਾਂ ਕਾਰੋਬਾਰਾਂ ਵਾਂਗ ਸਾਡਾ ਵੀ ਆਪਣੇ ਕਲਾਇੰਟ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਣਾ ਹੀ ਜ਼ਰੂਰੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਸਭ ਸਮਝੋਗੇ। ਪਹਿਲਾਂ ਹੀ ਮੇਰੇ ਵਰਗੇ ਕਲਾਕਾਰਾਂ 'ਤੇ ਤਾਂ ਬਹੁਤ ਲੋਕ ਉਂਗਲਾਂ ਚੁੱਕਦੇ ਹਨ। ਕਿਰਪਾ ਕਰਕੇ ਤੁਸੀਂ ਸਾਰੇ ਸਾਰੇ ਸੁਰੱਖਿਅਤ ਰਹੋ। ਵਾਹਿਗੁਰੂ ਤੁਹਾਨੂੰ ਸਭ ਨੂੰ ਤਰੱਕੀਆਂ ਬਖਸ਼ੇ।'
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਅਮਰੀਕਾ 'ਚ ਸਟੇਜ ਪਰਫਾਰਮੈਂਸ ਦਿੰਦੇ ਹੋਏ ਦੇਖਿਆ ਗਿਆ ਸੀ। ਇਸ ਦੌਰਾਨ ਉਸੇ ਫੰਕਸ਼ਨ 'ਚ ਅਨਮੋਲ ਬਿਸ਼ਨੋਈ ਵੀ ਮੌਜੂਦ ਸੀ। ਅਨਮੋਲ ਮੂਸੇਵਾਲਾ ਕਤਲ 'ਚ ਪੰਜਾਬ ਪੁਲਿਸ ਨੂੰ ਲੋੜੀਂਦਾ ਹੈ। ਵੀਡੀਓ 'ਚ ਅਨਮੋਲ ਨੂੰ ਕਰਨ ਤੇ ਸ਼ੈਰੀ ਦੇ ਬਿਲਕੁਲ ਕਰੀਬ ਖੜੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਤੋਂ ਬਾਅਦ ਮੂਸੇਵਾਲਾ ਦੇ ਚਾਹੁਣ ਵਾਲੇ ਦੋਵੇਂ ਗਾਇਕਾਂ 'ਤੇ ਸਵਾਲ ਖੜੇ ਕਰ ਰਹੇ ਹਨ।