Sharry Maan Latest Interview: ਪੰਜਾਬੀ ਗਾਇਕ ਸ਼ੈਰੀ ਮਾਨ ਆਪਣੀ ਮਾਂ ਦੀ ਮੌਤ ਦੇ ਗ਼ਮ ਤੋਂ ਹਾਲੇ ਤੱਕ ਉੱਭਰ ਨਹੀਂ ਸਕੇ ਹਨ। ਉਹ ਇੰਨੀਂ ਦਿਨੀਂ ਡਿਪਰੈਸ਼ਨ ਵਿੱਚੋਂ ਲੰਘ ਰਹੇ ਹਨ। ਇਸ ਦਾ ਖੁਲਾਸਾ ਉਨ੍ਹਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਪੋਸਟ `ਚ ਕੀਤਾ ਸੀ। ਇਸ ਦੇ ਨਾਲ ਨਾਲ ਉਹ ਹਾਲ ਹੀ `ਚ ਪਰਮੀਸ਼ ਵਰਮਾ ਨਾਲ ਹੋਏ ਵਿਵਾਦ ਕਰਕੇ ਵੀ ਸੁਰਖੀਆਂ `ਚ ਰਹੇ। 









ਸ਼ੈਰੀ ਮਾਨ ਨੇ ਹੁਣ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਹੈ, ਜਿਸ ਵਿੱਚ ਉਹ ਫ਼ਿਰ ਤੋਂ ਪਰਮੀਸ਼ ਵਰਮਾ ਦੇ ਉੱਪਰ ਤਿੱਖੇ ਹਮਲੇ ਕਰਦੇ ਨਜ਼ਰ ਆ ਰਹੇ ਹਨ। ਸ਼ੋਅ ਦੀ ਐਂਕਰ ਨੇ ਸ਼ੈਰੀ ਮਾਨ ਤੋਂ ਸਵਾਲ ਪੁੱਛਿਆ ਕਿ ਇੰਡਸਟਰੀ `ਚ ਉਨ੍ਹਾਂ ਦਾ ਕੌਣ ਦੋਸਤ ਹੈ? ਇਸ ਤੇ ਮਾਨ ਨੇ ਕਿਹਾ, "ਇੰਡਸਟਰੀ `ਚ ਦੋਸਤੀ ਨਾਂ ਦੀ ਚੀਜ਼ ਦਾ ਕੋਈ ਵਜੂਦ ਹੀ ਨਹੀਂ ਹੈ। ਇੱਥੇ ਰਿਸ਼ਤੇ ਸਿਰਫ਼ ਲੈਣ-ਦੇਣ ਦੇ ਰਿਸ਼ਤੇ ਹਨ। ਮੈਨੂੰ ਇਹ ਚੀਜ਼ ਹੁਣ ਸਮਝ ਲੱਗੀ ਹੈ।" ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ "ਤੁਹਾਡਾ ਸੱਚਾ ਦੋਸਤ ਉਹ ਹੁੰਦਾ ਜੋ ਤੁਹਾਡੀ ਤਾਰੀਫ਼ ਹੀ ਨਹੀਂ ਕਰਦਾ,, ਸਗੋਂ ਜਦੋਂ ਤੁਸੀਂ ਕੁੱਝ ਗ਼ਲਤ ਕਰਦੇ ਹੋ ਤਾਂ ਤੁਹਾਡੀ ਬੁਰਾਈ ਕਰਨ ਤੋਂ ਵੀ ਪਰਹੇਜ਼ ਨਹੀਂ ਕਰਦਾ। ਜਿਹੜਾ ਹਮੇਸ਼ਾ ਤੁਹਾਡੀ ਤਾਰੀਫ਼ ਹੀ ਕਰੀ ਜਾਵੇ, ਉਸ ਤੋਂ ਬਚੋ, ਕਿਉਂਕਿ ਉਹ ਤੁਹਾਡਾ ਸਵਿੱਚ ਦੱਬ ਰਿਹਾ।" ਦੱਸ ਦਈਏ ਕਿ ਸ਼ੈਰੀ ਮਾਨ ਨੇ ਆਪਣੀ ਇੰਟਰਵਿਊ ਦਾ ਕੁੱਝ ਹਿੱਸਾ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ।




ਹਾਲੇ ਵੀ ਸਿੱਖ ਰਿਹਾ ਹਾਂ: ਸ਼ੈਰੀ ਮਾਨ
ਆਪਣੇ ਗਾਇਕੀ ਦੇ ਕਰੀਅਰ ਬਾਰੇ ਬੋਲਦਿਆਂ ਸ਼ੈਰੀ ਨੇ ਕਿਹਾ ਕਿ ਉਨ੍ਹਾਂ ਦੀ ਪਹਿਚਾਣ ਦੇ ਲੋਕ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਹ ਕਲਾਕਾਰ ਬਹੁਤ ਵਧੀਆ ਹਨ, ਪਰ ਉਨ੍ਹਾਂ ਨੂੰ ਕਾਰੋਬਾਰ ਨਹੀਂ ਆਉਂਦਾ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਸੰਗੀਤ ਦੀ ਕਲਾ ਸਿੱਖਣਾ ਕੋਈ ਖੇਡ ਨਹੀਂ ਹੈ, ਇਹ ਕਿਸੇ ਨੂੰ ਇੱਕ ਜਨਮ `ਚ ਨਹੀਂ ਆ ਸਕਦੀ। ਇਸ ਲਈ ਮੈਂ ਹਾਲੇ ਹੋਰ ਸਿੱਖ ਰਿਹਾ ਹਾਂ।