Rajinikanth Health Updates: ਸੁਪਰਸਟਾਰ ਰਜਨੀਕਾਂਤ ਨੂੰ ਵੀਰਵਾਰ ਸ਼ਾਮ ਨੂੰ ਚੇਨਈ ਦੇ ਕਾਵੇਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਹ ਜਾਣਕਾਰੀ ਖੁਦ ਹਸਪਤਾਲ ਨੇ ਦਿੱਤੀ ਹੈ। ਹੁਣ ਕਾਵੇਰੀ ਹਸਪਤਾਲ ਨੇ ਆਪਣਾ ਹੈਲਥ ਬੁਲੇਟਿਨ ਜਾਰੀ ਕੀਤਾ ਹੈ। ਹਸਪਤਾਲ ਨੇ ਦੱਸਿਆ ਕਿ ਅਭਿਨੇਤਾ ਰਜਨੀਕਾਂਤ ਨੂੰ ਚੱਕਰ ਆਉਣ ਕਾਰਨ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਕਾਰਟੋਇਡ ਆਰਟਰੀ ਰੀਵੈਸਕੁਲਰਾਈਜ਼ੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ। ਹਸਪਤਾਲ ਨੇ ਦੱਸਿਆ ਕਿ ਇਹ ਪ੍ਰਕਿਰਿਆ ਅੱਜ ਸਫਲਤਾਪੂਰਵਕ ਪੂਰੀ ਹੋਈ। ਉਨ੍ਹਾਂ ਨੂੰ ਕੁਝ ਦਿਨਾਂ 'ਚ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।


 


ਦੱਸ ਦੇਈਏ ਕਿ ਬੀਤੇ ਦਿਨ ਰਜਨੀਕਾਂਤ ਦੇ ਹਸਪਤਾਲ ਵਿੱਚ ਦਾਖਲ ਹੋਣ ਬਾਰੇ ਉਨ੍ਹਾਂ ਦੀ ਟੀਮ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਰੁਟੀਨ ਚੈਕਅੱਪ ਲਈ ਹਸਪਤਾਲ ਲਿਜਾਇਆ ਗਿਆ ਹੈ। ਅਭਿਨੇਤਾ ਰਜਨੀਕਾਂਤ ਦੇ ਲੋਕ ਸੰਪਰਕ ਨੂੰ ਦੇਖਣ ਵਾਲੇ ਰਿਆਜ਼ ਕੇ. ਅਹਿਮਦ ਨੇ ਕਿਹਾ, "ਇਹ ਸਮੇਂ-ਸਮੇਂ 'ਤੇ ਕੀਤੀ ਜਾਣ ਵਾਲੀ ਸਿਹਤ ਜਾਂਚ ਹੈ। ਉਹ ਇਸ ਸਮੇਂ ਜਾਂਚ ਲਈ ਇੱਕ ਨਿੱਜੀ ਹਸਪਤਾਲ ਵਿੱਚ ਹੈ।"


 


70 ਸਾਲਾ ਅਭਿਨੇਤਾ ਦਾਦਾ ਸਾਹਿਬ ਫਾਲਕੇ ਪੁਰਸਕਾਰ ਲੈਣ ਲਈ ਕੁਝ ਦਿਨ ਪਹਿਲਾਂ ਦਿੱਲੀ ਆਏ ਸਨ ਅਤੇ 27 ਅਕਤੂਬਰ ਨੂੰ ਪੁਰਸਕਾਰ ਨਾਲ ਸਨਮਾਨਿਤ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਸਨ।


 


ਉਥੇ ਹੀ ਦਸੰਬਰ 2020 ਵਿੱਚ, ਫਿਲਮ ਅਦਾਕਾਰ ਨੂੰ ਬਲੱਡ ਪ੍ਰੈਸ਼ਰ ਵਿੱਚ ਉਤਰਾਅ-ਚੜ੍ਹਾਅ ਕਾਰਨ ਹੈਦਰਾਬਾਦ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਦੋਂ ਅਦਾਕਾਰ ਪਿਛਲੇ 10 ਦਿਨਾਂ ਤੋਂ ਹੈਦਰਾਬਾਦ ਵਿੱਚ ਸ਼ੂਟਿੰਗ ਕਰ ਰਹੇ ਸਨ। ਉਸ ਸਮੇਂ ਉਸ ਨੂੰ ਦੋ ਦਿਨਾਂ ਦੇ ਅੰਦਰ ਛੁੱਟੀ ਦੇ ਦਿੱਤੀ ਗਈ ਸੀ। ਸੈੱਟ 'ਤੇ ਕੁਝ ਲੋਕਾਂ ਦੇ ਕੋਵਿਡ -19 ਨਾਲ ਸੰਕਰਮਿਤ ਹੋਣ ਤੋਂ ਬਾਅਦ, ਉਹ ਕੁਆਰੰਟੀਨ ਵਿੱਚ ਚਲੇ ਗਏ।