ਬਟਾਲਾ: ਪੰਜਾਬ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕੋਰੋਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੂਬੇ ‘ਚ ਕਰਫਿਊ ਲਗਾਇਆ ਗਿਆ। ਅਜਿਹੇ ‘ਚ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਤੋਂ ਮਨ੍ਹਾਂ ਕੀਤਾ ਗਿਆ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰਾਂ ‘ਚ ਹੀ ਜ਼ਰੂਰੀ ਚੀਜ਼ਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸ ਸਭ ਦਰਮਿਆਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਵੀ ਮਦਦ ਲਈ ਅੱਗੇ ਆ ਰਹੇ ਹਨ।


ਪ੍ਰਸ਼ਾਸਨ ਦੀ ਮਦਦ ਨਾਲ ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਪਿੰਡ ਵਡਾਲਾ ਗ੍ਰੰਥੀਆਂ ਤੇ ਨਜ਼ਦੀਕੀ ਇਲਾਕਿਆਂ ਦੇ ਲੋਕਾਂ ਦੀ ਸੇਵਾ ‘ਚ ਜੁਟੇ ਹੋਏ ਹਨ। ਰਣਜੀਤ ਬਾਵਾ ਵਲੋਂ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬਾਵਾ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਦੱਸਿਆ ਕਿ ਹੋਰ ਪੰਜਾਬੀ ਗਾਇਕ ਵੀ ਇਸ ਕੰਮ ‘ਚ ਉਨ੍ਹਾਂ ਦੀ ਮਦਦ ਕਰ ਰਹੇ ਹਨ। ਬਾਵਾ ਨੇ ਪੁਲਿਸ ਤੇ ਪ੍ਰਸ਼ਾਸਨ ਦੇ ਕੰਮ ਦੀ ਸ਼ਲਾਘਾ ਕੀਤੀ।

ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਭ ਕੁੱਝ ਉਨ੍ਹਾਂ ਦੀ ਸੁਰੱਖਿਆ ਲਈ ਕੀਤਾ ਜਾ ਰਿਹਾ ਹੈ, ਇਸ ਲਈ ਲੋਕ ਘਰਾਂ ‘ਚ ਹੀ ਰਹਿਣ। ਬਿਨ੍ਹਾਂ ਕਿਸੇ ਬਹੁਤ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਾ ਨਿਕਲਿਆ ਜਾਵੇ, ਜਿਸ ਨਾਲ ਕੋਰੋਨਾ ਖ਼ਿਲਾਫ਼ ਇਸ ਜੰਗ ਨੂੰ ਲੜ੍ਹਿਆ ਜਾ ਸਕੇ।