Salman Khan House Firing: ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਇੱਕ ਨਵਾਂ ਖੁਲਾਸਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਫੇਸਬੁੱਕ ਪੇਜ ਦਾ ਆਈਪੀ ਐਡਰੈੱਸ ਕੈਨੇਡਾ ਦਾ ਨਿਕਲਿਆ।


ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਕੁਝ ਘੰਟਿਆਂ ਬਾਅਦ, ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਇੱਕ ਕਥਿਤ ਫੇਸਬੁੱਕ ਔਨਲਾਈਨ ਪੋਸਟ ਵਿੱਚ ਘਟਨਾ ਦੀ ਜ਼ਿੰਮੇਵਾਰੀ ਲਈ ਅਤੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਇਹ ਇੱਕ 'ਟ੍ਰੇਲਰ' ਸੀ। ਜਾਂਚ ਏਜੰਸੀ ਨਾਲ ਜੁੜੇ ਸੂਤਰਾਂ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਇਸ ਮਾਮਲੇ ਦੀ ਸਾਜ਼ਿਸ਼ ਅਮਰੀਕਾ ਵਿੱਚ ਰਚੀ ਗਈ ਸੀ। ਇਹ ਯੋਜਨਾ ਕਰੀਬ ਇੱਕ ਮਹੀਨੇ ਤੋਂ ਚੱਲ ਰਹੀ ਸੀ।


ਦਰਅਸਲ, ਐਤਵਾਰ (14 ਅਪ੍ਰੈਲ, 2024) ਨੂੰ ਮੁੰਬਈ ਵਿੱਚ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਦੋ ਸ਼ੂਟਰਾਂ ਨੇ ਗੋਲੀਬਾਰੀ ਕੀਤੀ ਸੀ। ਇਸ ਤੋਂ ਬਾਅਦ ਦੋਵੇਂ ਫ਼ਰਾਰ ਹੋ ਗਏ ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਇਸ ਵਿਚ ਇਕ ਵਿਸ਼ਾਲ ਰਾਹੁਲ ਉਰਫ ਕਾਲੂ ਵੀ ਸ਼ਾਮਲ ਹੈ।


ਕੌਣ ਹੈ ਵਿਸ਼ਾਲ ਰਾਹੁਲ ਉਰਫ ਕਾਲੂ?
ਪੁਲਸ ਡੋਜ਼ੀਅਰ 'ਚ ਸਾਹਮਣੇ ਆਇਆ ਹੈ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀ ਚਲਾਉਣ ਵਾਲਾ ਵਿਸ਼ਾਲ ਰਾਹੁਲ ਉਰਫ ਕਾਲੂ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਕਾਲੂ ਨੇ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਅਤੇ ਉਸ ਖਿਲਾਫ 5 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।


ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਲਾਰੇਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਉਹ ਮੁਆਫੀ ਮੰਗਣ ਨਹੀਂ ਤਾਂ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਵੇਗਾ। ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਨੂੰ ਜੂਨ 2022 'ਚ ਹੱਥ-ਲਿਖਤ ਪੱਤਰ ਰਾਹੀਂ ਧਮਕੀ ਦਿੱਤੀ ਗਈ ਸੀ।


ਪੁਲਿਸ ਨੇ ਕੀ ਕਿਹਾ?
ਬਾਂਦਰਾ ਪੁਲਿਸ ਨੇ ਦੱਸਿਆ ਕਿ ਭਾਰਤੀ ਦੰਡਾਵਲੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਅਤੇ ਅਸਲਾ ਐਕਟ ਦੇ ਤਹਿਤ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਸਵੇਰੇ 5 ਵਜੇ ਦੇ ਕਰੀਬ ਬਾਂਦਰਾ ਇਲਾਕੇ 'ਚ ਗਲੈਕਸੀ ਅਪਾਰਟਮੈਂਟਸ ਦੇ ਬਾਹਰ ਦੋ ਵਿਅਕਤੀਆਂ ਨੇ ਚਾਰ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਇਸ ਤੋਂ ਬਾਅਦ ਖਾਨ ਦੀ ਰਿਹਾਇਸ਼ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।