ਸੁਪਰਸਟਾਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਆਉਣ ਵਾਲੀ ਫਿਲਮ ਟਾਈਗਰ 3 ਨੂੰ ਲੈ ਕੇ ਫੈਨਜ਼ ਵਿਚ ਕਾਫੀ ਵੱਡਾ ਕ੍ਰੇਜ਼ ਹੈ। ਇਸ ਫਿਲਮ ਦੀ ਅਨਾਊਸਮੈਂਟ ਤੋਂ ਬਾਅਦ ਫੈਨਜ਼ ਦਾ ਕਹਿਣਾ ਹੈ ਕਿ ਇਹ ਫਿਲਮ ਵੱਡਾ ਧਮਾਕਾ ਕਰੇਗੀ। ਪਰ ਜਿਵੇਂ ਹੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ, ਤਾਂ ਕੁਝ ਅਜਿਹਾ ਹੋਇਆ ਜੋ ਮੇਕਰਸ ਲਈ ਬਿਲਕੁਲ ਠੀਕ ਨਹੀਂ ਸੀ। ਮੁੰਬਈ ਵਿਚ ਆਏ 'ਤਾਉਤੇ' ਤੂਫ਼ਾਨ ਨੇ ਟਾਈਗਰ 3 ਦੇ ਸੈੱਟ ਨੂੰ ਉੜਾ ਦਿੱਤਾ ਸੀ। ਹੁਣ ਜਦ ਦੁਬਾਰਾ ਇਸ ਫਿਲਮ ਦਾ ਸੈੱਟ ਬਣਨਾ ਤਿਆਰ ਹੋਇਆ ਹੈ ਤਾਂ ਇਸ ਉਪਰ ਮੁੜ ਲਾਗਤ 9 ਕਰੋੜ ਦੀ ਆਉਣ ਵਾਲੀ ਹੈ।
ਦਰਅਸਲ ਜਦ ਹੁਣ ਇਹ ਸੈੱਟ ਦੁਬਾਰਾ ਬਣ ਰਿਹਾ ਹੈ ਤਾਂ ਇਸ ਵਿਚ ਤਕਰੀਬਨ 100 ਤੋਂ 150 ਮਜ਼ਦੂਰ ਕੰਮ ਕਰਨ ਜਾ ਰਹੇ ਹਨ। ਇਹ ਸੈੱਟ ਮਾਰਚ ਵਿੱਚ 250 ਤੋਂ 300 ਕਰਮਚਾਰੀਆਂ ਦੁਆਰਾ ਬਣਾਇਆ ਗਿਆ ਸੀ, ਜੋ ਤੂਫਾਨ ਵਿਚ ਪੂਰੀ ਤਰਾਂ ਬਰਬਾਦ ਹੋ ਗਿਆ ਸੀ। ਫਿਲਮ ਦਾ ਸੈੱਟ ਇਨ੍ਹਾਂ ਕੁ ਗ੍ਰੈਂਡ ਤੇ ਵੱਧ ਲਾਗਤ ਵਾਲਾ ਹੈ ਜਿਸ ਨੂੰ ਮੁੜ ਖੜਾ ਕਰਨ 'ਚ ਕਰੋੜਾਂ ਵਿਚ ਰਕਮ ਅਦਾ ਕਰਨੀ ਪੈ ਰਹੀ ਹੈ।
ਟਾਈਗਰ 3 ਦੀ ਸ਼ੂਟਿੰਗ ਮੁੰਬਈ ਵਿੱਚ ਮਾਰਚ 2021 ਵਿੱਚ ਸ਼ੁਰੂ ਹੋਈ ਸੀ। ਪਰ ਫਿਰ ਕੁਝ ਦਿਨਾਂ ਬਾਅਦ ਕੈਟਰੀਨਾ ਕੈਫ ਕੋਰੋਨਾ ਪੌਜ਼ੇਟਿਵ ਪਾਈ ਗਈ ਤੇ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ। ਇਸ ਵਾਰ ਫਿਲਮ ਨੂੰ ਹੋਰ ਸ਼ਾਨਦਾਰ ਅਤੇ ਮਜ਼ਬੂਤ ਬਣਾਉਣ ਲਈ 350 ਕਰੋੜ ਦਾ ਬਜਟ ਤੈਅ ਕੀਤਾ ਗਿਆ ਹੈ। ਇਸ ਵਾਰ ਇਮਰਾਨ ਹਾਸ਼ਮੀ ਸਲਮਾਨ ਖਾਨ ਨਾਲ ਟੱਕਰ ਲੈਂਦੇ ਨਜ਼ਰ ਆਉਣਗੇ। ਇਮਰਾਨ ਹਾਸ਼ਮੀ ਵਿਲੇਨ ਦੇ ਕਿਰਦਾਰ ਲਈ ਇਕ ਜ਼ਬਰਦਸਤ ਟ੍ਰਾਂਸਫੋਰਮੇਸ਼ਨ ਕਰ ਸਕਦੇ ਹਨ।