Salman Khan Threat Case: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਜਦੋਂ ਤੋਂ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਉਦੋਂ ਤੋਂ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲ ਹੀ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਗੈਂਗਸਟਰ ਦਾ ਨਿਸ਼ਾਨਾ ਸਲਮਾਨ ਖਾਨ ਹਨ। ਇਸ ਮਾਮਲੇ ਵਿੱਚ ਮੁੰਬਈ ਦੀ ਬਾਂਦਰਾ ਪੁਲਿਸ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਚਰਚਾ ਵਿੱਚ ਹੈ। ਚਰਚਾ ਤੋਂ ਬਾਅਦ ਸਿੱਧੂ ਮੂਸੇਵਾਲਾ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਵੇਂ ਮੁਲਜ਼ਮਾਂ ਤੋਂ ਪੁੱਛਗਿੱਛ ਲਈ ਟੀਮ ਭੇਜੀ ਜਾਵੇਗੀ।


ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸ਼ੂਟਰ ਕਪਿਲ ਪੰਡਿਤ ਤੋਂ ਪੁੱਛਗਿੱਛ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਦੱਸਿਆ ਸੀ ਕਿ ਲਾਰੇਂਸ ਬਿਸ਼ਨੋਈ ਨੇ ਕਪਿਲ ਨੂੰ ਸਲਮਾਨ ਖਾਨ ਦੀ ਰੇਕੀ ਕਰਨ ਦਾ ਟਾਸਕ ਦਿੱਤਾ ਸੀ। ਇਸ ਖੁਲਾਸੇ ਤੋਂ ਬਾਅਦ ਮੁੰਬਈ ਪੁਲਿਸ ਨੇ ਇੱਕ ਟੀਮ ਬਣਾ ਕੇ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਦਾ ਫੈਸਲਾ ਕੀਤਾ ਹੈ।


ਵਧਾਈ ਗਈ ਸਲਮਾਨ ਦੀ ਸੁਰੱਖਿਆ
ਜੂਨ ਵਿੱਚ ਸਲਮਾਨ ਖਾਨ ਅਤੇ ਸਲੀਮ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਜਿਸ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਦੀ ਗੱਡੀ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ। ਹੁਣ ਉਹ ਬੁਲੇਟਪਰੂਫ ਚਿੱਟੇ ਰੰਗ ਦੀ ਕਾਰ ਵਿੱਚ ਸਫ਼ਰ ਕਰਦੇ ਹਨ। ਸਲਮਾਨ ਦੇ ਸੈੱਟ 'ਤੇ ਵੀ ਗਾਰਡ ਵਧਾ ਦਿੱਤੇ ਗਏ ਹਨ। ਹੁਣ ਸਲਮਾਨ ਦੇ ਨਾਲ ਹਮੇਸ਼ਾ ਕਈ ਗਾਰਡ ਹੁੰਦੇ ਹਨ। ਸਲਮਾਨ ਨੂੰ ਹੁਣ ਬੰਦੂਕ ਰੱਖਣ ਦਾ ਲਾਇਸੈਂਸ ਮਿਲ ਗਿਆ ਹੈ।


ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਜਲਦ ਹੀ ਕੈਟਰੀਨਾ ਕੈਫ ਦੇ ਨਾਲ ਟਾਈਗਰ 3 'ਚ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ਪੂਜਾ ਹੇਗੜੇ ਨਾਲ `ਕਿਸੀ ਕਾ ਭਾਈ ਕਿਸੀ ਕੀ ਜਾਨ` 'ਚ ਨਜ਼ਰ ਆਉਣਗੇ। ਇਸ ਫਿਲਮ ਦੇ ਟਾਈਟਲ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫਿਲਮ 'ਚ ਸਲਮਾਨ ਦਾ ਲੁੱਕ ਕਾਫੀ ਵੱਖਰਾ ਹੋਣ ਵਾਲਾ ਹੈ।