Sargun Mehta Birthday: ਸਰਗੁਣ ਮਹਿਤਾ ਅੱਜ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਸਰਗੁਣ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ `ਚ ਹੋਇਆ ਸੀ। ਸਰਗੁਣ ਮਹਿਤਾ ਨੂੰ ਬਚਪਨ ਤੋਂ ਹੀ ਐਕਟਿੰਗ ਤੇ ਡਾਂਸ ਦਾ ਸ਼ੌਕ ਰਿਹਾ ਹੈ। ਬਚਪਨ `ਚ ਸਰਗੁਣ ਤੇ ਉਨ੍ਹਾਂ ਦੇ ਛੋਟੇ ਭਰਾ ਨੇ ਟੀਵੀ ਦੇ ਪ੍ਰਸਿੱਧ ਸ਼ੋਅ `ਬੂਗੀ ਵੂਗੀ` `ਚ ਹਿੱਸਾ ਲਿਆ ਸੀ, ਪਰ ਦੋਵੇਂ ਰਿਜੈਕਟ ਹੋ ਗਏ ਸੀ। ਮਹਿਤਾ ਨੇ ਆਪਣੀ ਸਕੂਲੀ ਪੜ੍ਹਾਈ ਸੈਕਰਡ ਹਾਰਟ ਕਾਨਵੈਂਟ ਸਕੂਲ, ਚੰਡੀਗੜ੍ਹ ਤੋਂ ਕੀਤੀ। ਸਰਗੁਣ ਨੇ ਬੀ ਕੌਮ ਦੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਐਮਬੀਏ ਦੀ ਪੜ੍ਹਾਈ ਵੀ ਕੀਤੀ।
ਬਚਪਨ ਤੋਂ ਸੀ ਐਕਟਿੰਗ ਦਾ ਸ਼ੌਕ
ਸਰਗੁਣ ਮਹਿਤਾ ਨੇ ਭਾਵੇਂ ਐਮਬੀਏ ਕੀਤੀ ਸੀ, ਪਰ ਉਨ੍ਹਾਂ ਨੂੰ ਬਿਜ਼ਨਸ `ਚ ਕੋਈ ਦਿਲਚਸਪੀ ਨਹੀਂ ਸੀ। ਨਾ ਹੀ ਉਹ ਕੋਈ ਨੌਕਰੀ ਕਰਨਾ ਚਾਹੁੰਦੀ ਹੈ। ਇੱਕ ਦਿਨ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ ਟੀਵੀ ਸੀਰੀਅਲ ਲਈ ਦਿੱਲੀ `ਚ ਆਡੀਸ਼ਨ ਹੋ ਰਹੇ ਹਨ। ਉਹ ਉੱਥੇ ਆਡੀਸ਼ਨ ਦੇਣ ਗਈ ਅਤੇ ਇਸ ਤਰ੍ਹਾਂ ਸਰਗੁਣ ਨੂੰ ਆਪਣਾ ਪਹਿਲਾ ਟੀਵੀ ਸੀਰੀਅਲ 12/24 ਕਰੋਲ ਬਾਗ਼ (2009) ਮਿਲਿਆ।
ਕਰੋਲ ਬਾਗ਼ ਦੇ ਸੈੱਟ ਤੇ ਰਵੀ ਦੂਬੇ ਨਾਲ ਮੁਲਾਕਾਤ
ਸਰਗੁਣ ਮਹਿਤਾ ਨੇ ਹਾਲ ਹੀ `ਚ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਸੀ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਹ ਕਰੋਲ ਬਾਗ਼ ਸ਼ੋਅ ਦਾ ਹਿੱਸਾ ਬਣੀ। ਸਰਗੁਣ ਕਹਿੰਦੀ ਹੈ ਕਿ ਕਰੋਲ ਬਾਗ਼ ਸ਼ੋਅ ਉਨ੍ਹਾਂ ਦੇ ਲਈ ਬਹੁਤ ਖਾਸ ਹੈ। ਕਿਉਂਕਿ ਇੱਕ ਤਾਂ ਉਨ੍ਹਾਂ ਨੇ ਇਸ ਸ਼ੋਅ ਦੇ ਜ਼ਰੀਏ ਟੀਵੀ ਦੀ ਦੁਨੀਆ `ਚ ਕਦਮ ਰੱਖਿਆ, ਦੂਜਾ ਇਹੀ ਉਹ ਸ਼ੋਅ ਸੀ, ਜਿਸ ਵਿੱਚ ਉਹ ਆਪਣੇ ਹਮਸਫ਼ਰ ਰਵੀ ਦੂਬੇ ਨੂੰ ਮਿਲੀ।
ਕਰੋਲ ਬਾਗ਼ `ਚ ਰਵੀ ਦੂਬੇ ਨੇ ਓਮੀ ਨਾਗਰ ਦਾ ਕਿਰਦਾਰ ਨਿਭਾਇਆ ਸੀ। ਉਹ ਸ਼ੋਅ `ਚ ਸਰਗੁਣ ਯਾਨਿ ਨੀਤੂ ਸੇਠੀ ਦੇ ਪਤੀ ਬਣੇ ਸੀ। 2009 `ਚ ਹੀ ਸਰਗੁਣ ਤੇ ਰਵੀ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ। 4 ਸਾਲ ਦੋਵਾਂ ਦਾ ਚੱਕਰ ਚੱਲਿਆ ਤੇ ਫ਼ਿਰ ਦੋਵੇਂ ਸਾਲ 2013 `ਚ ਵਿਆਹ ਦੇ ਬੰਧਨ `ਚ ਬੱਝ ਗਏ।
ਬਿੱਗ ਬੌਸ 8 `ਚ ਲਿਆ ਹਿੱਸਾ
ਕੀ ਤੁਸੀਂ ਜਾਣਦੇ ਹੋ ਕਿ ਸਰਗੁਣ ਟੀਵੀ ਦੇ ਸਭ ਤੋਂ ਵਿਵਾਦਤ ਰਿਐਲਟੀ ਸ਼ੋਅ ਬਿੱਗ ਬੌਸ ਦਾ ਹਿੱਸਾ ਰਹੀ ਸੀ। ਜੀ ਹਾਂ, 2014 ਵਿੱਚ ਸਰਗੁਣ ਨੇ ਬਿੱਗ ਬੌਸ `ਚ ਹਿੱਸਾ ਲਿਆ। ਇਹ ਸ਼ੋਅ ਸਰਗੁਣ ਨੇ ਨਹੀਂ ਜਿੱਤਿਆ, ਪਰ ਉਹ ਹਿੰਦੁਸਤਾਨ ਦਾ ਦਿਲ ਜਿੱਤਣ `ਚ ਜ਼ਰੂਰ ਕਾਮਯਾਬ ਰਹੀ। ਬਿੱਗ ਬੌਸ 8 ਦੀ ਜੇਤੂ ਕਰਿਸ਼ਮਾ ਤੰਨਾ ਰਹੀ ਸੀ।
ਬਾਲਿਕਾ ਵਧੂ ਸੀਰੀਅਲ `ਚ ਕੀਤਾ ਕੰਮ
ਸਰਗੁਣ ਮਹਿਤਾ ਟੀਵੀ ਦੇ ਸਭ ਤੋਂ ਪ੍ਰਸਿੱਧ ਸ਼ੋਅਜ਼ `ਚੋਂ ਇੱਕ `ਬਾਲਿਕਾ ਵਧੂ` ਦਾ ਹਿੱਸਾ ਵੀ ਰਹੀ ਹੈ। ਇਸ ਸ਼ੋਅ `ਚ ਉਨ੍ਹਾਂ ਨੇ ਗੰਗਾ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੇ ਕਿਰਦਾਰ ਨਿਭਾਇਆ ਸੀ।
ਪੰਜਾਬੀ ਇੰਡਸਟਰੀ `ਚ ਐਂਟਰੀ
ਸਰਗੁਣ ਮਹਿਤਾ ਨੇ 2015 `ਚ ਟੀਵੀ ਤੋਂ ਪੰਜਾਬੀ ਸਿਨੇਮਾ ਦਾ ਰੁਖ ਕੀਤਾ। ਉਨ੍ਹਾਂ ਦੀ ਪਹਿਲੀ ਫ਼ਿਲਮ `ਅੰਗਰੇਜ` ਸੀ। ਇਸ ਫ਼ਿਲਮ ਉਨ੍ਹਾਂ ਦੇ ਨਾਲ ਅਮਰਿੰਦਰ ਗਿੱਲ ਤੇ ਬਿਨੂੰ ਢਿੱਲੋਂ ਵੀ ਮੁੱਖ ਕਿਰਦਾਰ `ਚ ਨਜ਼ਰ ਆਏ ਸੀ। ਆਪਣੀ ਪਹਿਲੀ ਹੀ ਫ਼ਿਲਮ ਤੋਂ ਸਰਗੁਣ ਮਹਿਤਾ ਨੇ ਸਭ ਦਾ ਦਿਲ ਜਿੱਤ ਲਿਆ ਸੀ। ਇਸ ਫ਼ਿਲਮ ਦੇ ਲਈ ਸਰਗੁਣ ਨੂੰ ਬੇਹਤਰੀਨ ਅਦਾਕਾਰਾ ਦਾ ਐਵਾਰਡ ਵੀ ਮਿਲਿਆ ਸੀ। ਸਰਗੁਣ ਆਪਣੀ ਪਹਿਲੀ ਹੀ ਫ਼ਿਲਮ ਤੋਂ ਪੰਜਾਬ ਦੀ ਸਟਾਰ ਬਣ ਗਈ ਸੀ। ਇਸ ਤੋਂ ਬਾਅਦ ਸਰਗੁਣ ਮਹਿਤਾ ਨੇ ਲਵ ਪੰਜਾਬ, ਜਿੰਦੁਆ ਤੇ ਲਹੌਰੀਏ ਵਰਗੀਆਂ ਫ਼ਿਲਮਾਂ `ਚ ਕੰਮ ਕੀਤਾ। 2018 `ਚ ਸਰਗੁਣ ਮਹਿਤਾ ਐਮੀ ਵਿਰਕ ਨਾਲ ਫ਼ਿਲਮ `ਕਿਸਮਤ` `ਚ ਨਜ਼ਰ ਆਈ। ਇਸ ਫ਼ਿਲਮ ਨੂੰ ਪੰਜਾਬੀ ਸਿਨੇਮਾ ਦੀ ਕਲਟ ਕਲਾਸਿਕ ਫ਼ਿਲਮ ਮੰਨਿਆ ਜਾਂਦਾ ਹੈ। ਇਹ ਫ਼ਿਲਮ ਜ਼ਬਰਦਸਤ ਹਿੱਟ ਰਹੀ ਹੈ। ਫ਼ਿਲਮ ਦੇ ਲਈ ਮਹਿਤਾ ਨੂੰ ਦੁਬਾਰਾ ਬੇਹਤਰੀਨ ਅਦਾਕਾਰਾ ਦਾ ਐਵਾਰਡ ਮਿਲਿਆ।
ਸਰਗੁਣ ਮਹਿਤਾ ਦੀ ਜਾਇਦਾਦ
ਹਾਲਾਂਕਿ ਸਰਗੁਣ ਮਹਿਤਾ ਦਾ ਜਾਇਦਾਦ ਬਾਰੇ ਕੋਈ ਤਾਜ਼ਾ ਵੇਰਵਾ ਮੌਜੂਦ ਨਹੀਂ ਹੈ। ਜੇ ਗੱਲ ਕੀਤੀ ਜਾਵੇ 2020 ਦੀ ਤਾਂ ਇੱਕ ਰਿਪੋਰਟ ਮੁਤਾਬਕ 2020 `ਚ ਸਰਗੁਣ ਮਹਿਤਾ ਦੀ ਕੁੱਲ ਜਾਇਦਾਦ 15 ਮਿਲੀਅਨ ਡਾਲਰ (ਅਮਰੀਕੀ) ਯਾਨਿ 100 ਕਰੋੜ ਰੁਪਏ ਹੈ। ਜੇ ਸਰਗੁਣ ਤੇ ਉਨ੍ਹਾਂ ਦੇ ਪਤੀ ਰਵੀ ਦੂਬੇ ਦੀ ਜਾਇਦਾਦ ਨੂੰ ਜੋੜਿਆ ਜਾਵੇ ਤਾਂ ਦੋਵਾਂ ਦੀ ਕੁੱਲ ਜਾਇਦਾਦ 22 ਮਿਲੀਅਨ ਯਾਨਿ 300 ਕਰੋੜ (2020 ਦੇ ਅੰਕੜਿਆਂ ਮੁਤਾਬਕ) ਤੋਂ ਵੱਧ ਹੈ। ਸਰਗੁਣ ਮਹਿਤਾ ਟੀਵੀ ਦੀ ਨਹੀਂ ਪੰਜਾਬੀ ਇੰਡਸਟਰੀ ਦੀ ਵੀ ਸਭ ਤੋਂ ਅਮੀਰ ਅਦਾਕਾਰਾ ਹੈ।