Shah Rukh Khan Changed His Name For Gauri: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਆਪਣੀ ਸਾਲਾਂ ਦੀ ਮਿਹਨਤ ਅਤੇ ਦਮਦਾਰ ਅਦਾਕਾਰੀ ਦੇ ਕਾਰਨ ਅੱਜ ਇੱਕ ਵੱਡਾ ਫੈਨ ਬੇਸ ਬਣਾਇਆ ਹੈ। ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਇਸ ਦੇ ਨਾਲ ਹੀ ਕਿੰਗ ਖਾਨ ਆਪਣੇ ਤਿੱਖੇ ਦਿਮਾਗ ਅਤੇ ਹਾਸੇ-ਮਜ਼ਾਕ ਲਈ ਵੀ ਜਾਣੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਉਹ ਆਪਣੀ ਪਤਨੀ ਗੌਰੀ ਨਾਲ ਵਿਆਹ ਕਰਨ ਜਾ ਰਹੇ ਸਨ ਤਾਂ ਉਨ੍ਹਾਂ ਨੇ ਆਪਣਾ ਨਾਂ ਬਦਲ ਲਿਆ ਸੀ। ਆਓ ਜਾਣਦੇ ਹਾਂ ਕੀ ਹੈ ਇਹ ਦਿਲਚਸਪ ਕਹਾਣੀ:
ਸ਼ਾਹਰੁਖ ਖਾਨ ਨੇ ਗੌਰੀ ਨਾਲ ਵਿਆਹ ਕਰਨ ਲਈ ਬਦਲਿਆ ਸੀ ਆਪਣਾ ਨਾਂ
ਸ਼ਾਹਰੁਖ ਖਾਨ ਅਤੇ ਗੌਰੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਇਸ ਜੋੜੇ ਨੇ ਧਰਮ ਦੀ ਕੰਧ ਟੱਪ ਕੇ ਅੰਤਰਜਾਤੀ ਵਿਆਹ ਕੀਤਾ ਸੀ। ਪਰ ਵਿਆਹ ਦੌਰਾਨ ਉਸ ਨੂੰ ਆਪਣਾ ਨਾਂ ਬਦਲਣਾ ਪਿਆ। ਦਰਅਸਲ, ਜਦੋਂ ਸ਼ਾਹਰੁਖ ਖਾਨ ਹਿੰਦੂ ਰੀਤੀ-ਰਿਵਾਜਾਂ ਨਾਲ ਗੌਰੀ ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਸਨ ਤਾਂ ਉਨ੍ਹਾਂ ਨੇ ਆਪਣਾ ਮੁਸਲਿਮ ਨਾਂ ਬਦਲ ਕੇ ਆਪਣਾ ਨਾਂ 'ਜਤਿੰਦਰ ਕੁਮਾਰ ਤੁੱਲੀ' ਰੱਖ ਲਿਆ ਸੀ।
ਸ਼ਾਹਰੁਖ ਦੇ ਜੀਵਨ 'ਤੇ ਆਧਾਰਿਤ ਮੁਸਤਾਕ ਸ਼ੇਖ ਦੀ ਕਿਤਾਬ ਮੁਤਾਬਕ ਕਿੰਗ ਖਾਨ ਨੇ ਆਪਣੇ ਵਿਆਹ ਦੌਰਾਨ ਆਪਣਾ ਨਾਂ ਜਤਿੰਦਰ ਕੁਮਾਰ ਤੁੱਲੀ ਰੱਖਿਆ ਸੀ ਅਤੇ ਉਹ ਇਸ ਨਾਂ ਨਾਲ ਦੋ ਪੁਰਾਣੇ ਸਿਤਾਰਿਆਂ ਜੀਤੇਂਦਰ ਅਤੇ ਰਾਜੇਂਦਰ ਕੁਮਾਰ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਸਨ।
ਦੱਸ ਦੇਈਏ ਕਿ ਰਾਜਿੰਦਰ ਕੁਮਾਰ ਦਾ ਪੂਰਾ ਨਾਮ ਰਾਜੇਂਦਰ ਕੁਮਾਰ ਤੁਲੀ ਸੀ। ਦੂਜੇ ਪਾਸੇ ਸ਼ਾਹਰੁਖ ਨੇ ਜਤਿੰਦਰ ਦਾ ਨਾਂ ਇਸ ਲਈ ਚੁਣਿਆ ਕਿਉਂਕਿ ਉਸ ਦੀ ਦਾਦੀ ਨੇ ਸੋਚਿਆ ਕਿ ਉਹ ਬਾਲੀਵੁੱਡ ਦੇ ਓਜੀ 'ਹਿੰਮਤਵਾਲਾ' ਵਰਗਾ ਲੱਗਦਾ ਹੈ।
ਗੌਰੀ ਖਾਨ ਨੇ ਵੀ ਸ਼ਾਹਰੁਖ ਨਾਲ ਵਿਆਹ ਕਰਨ ਲਈ ਬਦਲ ਲਿਆ ਸੀ ਆਪਣਾ ਨਾਂ
ਸਿਰਫ ਸ਼ਾਹਰੁਖ ਹੀ ਨਹੀਂ, ਸਗੋਂ ਉਨ੍ਹਾਂ ਦੀ ਪਤਨੀ ਗੌਰੀ ਨੂੰ ਵੀ ਆਪਣੇ ਵਿਆਹ ਲਈ ਆਪਣਾ ਨਾਂ ਬਦਲਣਾ ਪਿਆ ਸੀ। ਕਿਤਾਬ ਮੁਤਾਬਕ ਸ਼ਾਹਰੁਖ ਨਾਲ ਵਿਆਹ ਲਈ ਉਸ ਨੇ ਆਪਣਾ ਨਾਂ ਗੌਰੀ ਤੋਂ ਬਦਲ ਕੇ ਆਇਸ਼ਾ ਖਾਨ ਰੱਖ ਲਿਆ ਸੀ। ਸ਼ਾਹਰੁਖ ਖਾਨ ਨੇ ਕਿਤਾਬ 'ਚ ਕਿਹਾ, ''ਅਸੀਂ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਦੱਸਿਆ ਹੈ।'' ਹਿੰਦੂ ਅਤੇ ਮੁਸਲਿਮ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਵਾਉਣ ਤੋਂ ਇਲਾਵਾ ਇਸ ਜੋੜੇ ਨੇ ਕੋਰਟ ਮੈਰਿਜ ਕਰਕੇ ਆਪਣੇ ਰਿਸ਼ਤੇ ਨੂੰ ਵੀ ਕਾਨੂੰਨੀ ਰੂਪ ਦਿੱਤਾ ਸੀ।
ਗੌਰੀ ਨੇ ਆਪਣੇ ਪਰਿਵਾਰ 'ਚ ਦੱਸਿਆ ਸੀ ਸ਼ਾਹਰੁਖ ਦਾ ਹਿੰਦੂ ਨਾਂ
ਤੁਹਾਨੂੰ ਦੱਸ ਦੇਈਏ ਕਿ ਆਪਣੇ ਵਿਆਹ ਤੋਂ ਪਹਿਲਾਂ ਸ਼ਾਹਰੁਖ ਅਤੇ ਗੌਰੀ ਨੂੰ ਵੱਖੋ-ਵੱਖ ਧਰਮਾਂ ਕਾਰਨ ਪਰਿਵਾਰ ਵਾਲਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਫਰਸਟ ਲੇਡੀਜ਼ ਨਾਂ ਦੇ ਸ਼ੋਅ ਦੌਰਾਨ ਗੌਰੀ ਨੇ ਦੱਸਿਆ ਸੀ ਕਿ ਉਸ ਦਾ ਪਰਿਵਾਰ ਉਸ ਦੇ ਵਿਆਹ ਲਈ ਤਿਆਰ ਨਹੀਂ ਸੀ। ਉਨ੍ਹਾਂ ਨੇ ਸ਼ਾਹਰੁਖ ਨੂੰ ਅਭਿਨਵ ਦੇ ਨਾਂ ਨਾਲ ਆਪਣੇ ਪਰਿਵਾਰ ਨਾਲ ਮਿਲਵਾਇਆ ਸੀ। ਪਰ ਗੌਰੀ ਦੇ ਮਾਤਾ-ਪਿਤਾ ਉਨ੍ਹਾਂ ਦੇ ਵਿਆਹ ਦੇ ਵਿਰੁੱਧ ਸਨ ਕਿਉਂਕਿ ਉਹ ਬਹੁਤ ਛੋਟੀ ਸੀ, ਉਹ 21 ਸਾਲ ਦੀ ਸੀ, ਜਦਕਿ ਸ਼ਾਹਰੁਖ ਦੀ ਉਮਰ 26 ਸਾਲ ਸੀ।
ਗੌਰੀ ਨੇ ਅੱਗੇ ਕਿਹਾ ਸੀ ਕਿ ਇਸ ਤੋਂ ਇਲਾਵਾ ਉਹ ਫਿਲਮਾਂ 'ਚ ਆਪਣਾ ਕਰੀਅਰ ਸ਼ੁਰੂ ਕਰਨ ਜਾ ਰਹੇ ਸੀ। ਇਸ ਦੇ ਨਾਲ ਨਾਲ ਉਹ ਇੱਕ ਅਲੱਗ ਧਰਮ ਤੋਂ ਵੀ ਸੀ। ਹਾਲਾਤ ਇੱਥੇ ਤੱਕ ਪਹੁੰਚ ਗਏ ਸੀ ਕਿ ਗੌਰੀ ਦੀ ਮਾਂ ਨੇ ਮੁੱਠੀ ਭਰ ਨੀਂਦ ਦੀਆ ਗੋਲੀਆਂ ਖਾ ਲਈਆਂ ਸੀ, ਹਾਲਾਂਕਿ ਉਹ ਬਚ ਗਈ ਸੀ।
ਸ਼ਾਹਰੁਖ-ਗੌਰੀ ਨੇ ਪਰਿਵਾਰ ਨਾਲ ਬੋਲਿਆ ਸੀ ਝੂਠ
ਇਸ ਤੋਂ ਬਾਅਦ ਸ਼ਾਹਰੁਖ ਅਤੇ ਗੌਰੀ ਨੇ ਝੂਠ ਬੋਲਿਆ ਕਿ ਉਹ ਪਹਿਲਾਂ ਹੀ ਵਿਆਹੇ ਹੋਏ ਹਨ, ਜਦੋਂ ਕਿ ਉਨ੍ਹਾਂ ਨੇ ਸਿਰਫ ਕੋਰਟ ਮੈਰਿਜ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਬਾਅਦ ਵਿੱਚ, ਆਪਣੀ ਬੇਟੀ ਲਈ ਸ਼ਾਹਰੁਖ ਦੇ ਪਿਆਰ ਨੂੰ ਮਹਿਸੂਸ ਕਰਦੇ ਹੋਏ, ਗੌਰੀ ਦੇ ਮਾਤਾ-ਪਿਤਾ ਨੇ ਵੀ ਹਾਰ ਮੰਨ ਲਈ। ਦੱਸ ਦਈਏ ਕਿ ਸ਼ਾਹਰੁਖ ਖਾਨ ਅਤੇ ਗੌਰੀ ਦਾ ਵਿਆਹ ਅਕਤੂਬਰ 1991 ਵਿੱਚ ਹੋਇਆ ਸੀ। ਉਦੋਂ ਤੋਂ ਇਹ ਜੋੜਾ ਖੁਸ਼ੀ-ਖੁਸ਼ੀ ਇਕੱਠੇ ਰਹਿ ਰਿਹਾ ਹੈ। ਉਨ੍ਹਾਂ ਦੇ ਤਿੰਨ ਬੱਚੇ ਹਨ, ਆਰੀਅਨ, ਸੁਹਾਨਾ ਅਤੇ ਅਬਰਾਮ ਖਾਨ।
ਫਿਲਹਾਲ ਇਹ ਜੋੜੀ ਆਪਣੀ ਆਉਣ ਵਾਲੀ ਫਿਲਮ 'ਜਵਾਨ' ਦੀ ਰਿਲੀਜ਼ ਦੀਆਂ ਤਿਆਰੀਆਂ ਕਰ ਰਹੀ ਹੈ। ਇਸ ਮੋਸਟ ਅਵੇਟਿਡ ਫਿਲਮ 'ਚ ਸ਼ਾਹਰੁਖ ਖਾਨ ਨੇ ਕੰਮ ਕੀਤਾ ਹੈ ਅਤੇ ਇਸ ਨੂੰ ਗੌਰੀ ਖਾਨ ਨੇ ਪ੍ਰੋਡਿਊਸ ਕੀਤਾ ਹੈ।