Sidharth Shukla Death Anniversary: ਅੱਜ ਟੈਲੀਵਿਜ਼ਨ ਅਦਾਕਾਰ ਸਿਧਾਰਥ ਸ਼ੁਕਲਾ ਦੀ ਪਹਿਲੀ ਬਰਸੀ ਹੈ। 2 ਸਤੰਬਰ 2021 ਨੂੰ ਸ਼ੁਕਲਾ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸਭ ਦੇ ਹੋਸ਼ ਉਡਾ ਦਿੱਤੇ ਸੀ। ਸਿਰਫ਼ 40 ਸਾਲ ਦੀ ਉਮਰ ਵਿੱਚ ਸਿਧਾਰਥ ਦੀ ਮੌਤ ਹੋ ਗਈ ਸੀ। ਸਿਧਾਰਥ ਦੀ ਅਚਾਨਕ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਸਿਧਾਰਥ ਬਿਲਕੁਲ ਫਿੱਟ ਸਨ, ਉਹ ਹਰ ਰੋਜ਼ ਜਿਮ ਜਾਂਦੇ ਸਨ ਪਰ ਇਸ ਦੇ ਬਾਵਜੂਦ ਇੰਨੀ ਛੋਟੀ ਉਮਰ 'ਚ ਉਨ੍ਹਾਂ ਦੀ ਮੌਤ ਨੇ ਫਿਲਮ ਇੰਡਸਟਰੀ ਅਤੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ।
ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਸਿਧਾਰਥ ਨੇ ਰਾਤ ਤਿੰਨ ਵਜੇ ਦੇ ਕਰੀਬ ਆਪਣੀ ਮਾਂ ਤੋਂ ਪਾਣੀ ਮੰਗਿਆ ਸੀ। ਉਨ੍ਹਾਂ ਨੇ ਆਪਣੀ ਮਾਂ ਨੂੰ ਕਿਹਾ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ, ਇਸ ਕਰਕੇ ਉਹ ਸੌਣ ਜਾ ਰਹੇ ਹਨ। ਇਸ ਤੋਂ ਬਾਅਦ ਉਹ ਸਵੇਰੇ 8 ਵਜੇ ਤੱਕ ਨਹੀਂ ਉਠੇ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸਿਧਾਰਥ ਟੈਲੀਵਿਜ਼ਨ 'ਤੇ ਬਹੁਤ ਮਸ਼ਹੂਰ ਸੀ। ਉਨ੍ਹਾਂ ਨੇ 2008 ਦੇ ਸ਼ੋਅ `ਬਾਬੁਲ ਕਾ ਆਂਗਨ ਛੂਟੇ ਨਾ` ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ 'ਅਜਨਬੀ', 'ਸੀਆਈਡੀ', 'ਬਾਲਿਕਾ ਵਧੂ' ਅਤੇ 'ਲਵ ਯੂ ਜ਼ਿੰਦਗੀ' ਵਰਗੇ ਸ਼ੋਅ ਕੀਤੇ। ਸਿਧਾਰਥ ਬਿੱਗ ਬੌਸ 13 ਦੇ ਵਿਜੇਤਾ ਵਜੋਂ ਲਾਈਮਲਾਈਟ ਵਿੱਚ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਨੂੰ ਹੋਰ ਮਜ਼ਬੂਤੀ ਮਿਲੀ।
ਇਹ ਸ਼ੋਅ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਸੀ ਕਿਉਂਕਿ ਇਸ ਸ਼ੋਅ ਦੌਰਾਨ ਉਨ੍ਹਾਂ ਦੀ ਮੁਲਾਕਾਤ ਸ਼ਹਿਨਾਜ਼ ਗਿੱਲ ਨਾਲ ਹੋਈ ਸੀ। ਸ਼ਹਿਨਾਜ਼ ਨੇ ਹਮੇਸ਼ਾ ਖੁੱਲ੍ਹ ਕੇ ਸਿਧਾਰਥ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਅਤੇ ਦੋਵੇਂ ਟੀਵੀ 'ਤੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਸਨ। ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਵੀ, ਸਿਧਾਰਥ ਨੂੰ ਸ਼ਹਿਨਾਜ਼ ਨਾਲ ਬਿੱਗ ਬੌਸ ਓਟੀਟੀ ਦੇ ਸੈੱਟ 'ਤੇ ਦੇਖਿਆ ਗਿਆ ਸੀ। ਸ਼ਹਿਨਾਜ਼ ਨੂੰ ਉਸ ਦੀ ਮੌਤ ਦਾ ਡੂੰਘਾ ਸਦਮਾ ਲੱਗਾ ਅਤੇ ਉਹ ਅੰਤਿਮ ਸੰਸਕਾਰ ਮੌਕੇ ਰੋ ਰਹੀ ਸੀ।