Sidhu Moose Wala Murder Case Hearing: ਸਿੱਧੂ ਮੂਸੇਵਾਲਾ ਕਤਲ ਕੇਸ ਦੀ ਅੱਜ ਯਾਨਿ 11 ਮਾਰਚ ਨੂੰ ਮਾਨਸਾ ਦੀ ਅਦਾਲਤ 'ਚ ਸੁਣਵਾਈ ਹੋਣੀ ਸੀ, ਜੋ ਕਿ ਹੁਣ 22 ਮਾਰਚ ਤੱਕ ਮੁਲਤਵੀ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੇਸ ਦੀ ਅਗਲੀ ਸੁਣਵਾਈ 22 ਮਾਰਚ ਨੂੰ ਰੱਖੀ ਗਈ ਹੈ। ਜਾਣਕਾਰੀ ਮੁਤਾਬਕ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ 25 ਵਿਅਕਤੀ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸਿੰਗ ਜਰੀਏ ਪੇਸ਼ ਹੋਏ, ਜਦੋਂ ਕਿ ਅੱਜ ਜੱਜ ਛੁੱਟੀ ਤੇ ਹੋਣ ਦੇ ਚਲਦਿਆਂ ਕੇਸ ਦੀ ਲੀਗਲ ਪੈਰਵਾਈ ਨਾ ਹੋਣ ਕਾਰਨ ਕੇਸ ਦੀ ਅਗਲੀ ਤਰੀਕ 22 ਮਾਰਚ ਰੱਖੀ ਗਈ।
ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਕੀਲ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਮਾਨਯੋਗ ਜੱਜ ਸਾਹਿਬ ਛੁੱਟੀ ਤੇ ਹੋਣ ਦੇ ਚਲਦਿਆਂ ਕੇਸ ਦੀ ਅਗਲੀ ਤਰੀਕ 22 ਮਾਰਚ ਰੱਖੀ ਗਈ ਹੈ, ਜਦੋਂ ਕਿ ਜੱਗੂ ਭਗਵਾਨਪੁਰੀਆ ਲਾਰੈਂਸ ਬਿਸ਼ਨੋਈ ਚਰਨਜੀਤ ਚੇਤਨ ਅਤੇ ਜਗਤਾਰ ਸਿੰਘ ਮੂਸਾ ਵੱਲੋਂ ਕੇਸ ਵਿੱਚੋਂ ਡਿਸਚਾਰਜ ਕਰਨ ਦੀ ਲਗਾਈ ਗਈ ਅਰਜੀ ਅਤੇ ਮਾਨਸਾ ਪੁਲਿਸ ਤੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸਬੰਧੀ ਮੰਗੀ ਗਈ ਸਟੇਟਸ ਰਿਪੋਰਟ ਤੇ ਵੀ 22 ਮਾਰਚ ਨੂੰ ਸੁਣਵਾਈ ਹੋਵੇਗੀ। ਉਹਨਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਫਿਜ਼ੀਕਲ ਰੂਪ ਵਿੱਚ ਅਦਾਲਤ ਚੋਂ ਪੇਸ਼ ਨਹੀਂ ਕੀਤਾ ਗਿਆ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਇਨਸਾਫ ਹਾਲੇ ਤੱਕ ਅਧੂਰਾ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਹਮੇਸ਼ਾ ਹੀ ਨਿਆਂ ਪ੍ਰਣਾਲੀ ਨੂੰ ਦੋਸ਼ੀ ਠਹਿਰਾਉਂਦੇ ਰਹੇ ਹਨ। ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਮੂਸੇਵਾਲਾ ਦੀ ਮਾਂ ਚਰਨ ਕੌਰ ਗਰਭਵਤੀ ਹੈ ਅਤੇ ਹਸਪਤਾਲ ਦਾਖਲ ਹੈ। ਉਹ ਇਸੇ ਮਹੀਨੇ ਬੱਚੇ ਨੂੰ ਜਨਮ ਦੇਣ ਵਾਲੀ ਹੈ।