ਕੰਗਨਾ ਰਣੌਤ ਦੇ ਥੱਪੜ ਕਾਂਡ ਪਿੱਛੋਂ ਦੇਸ਼ ਭਰ ਚੋਂ ਵੱਖ-ਵੱਖ ਪ੍ਰਤੀਕ੍ਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕਿਸਾਨ ਇਸ ਥੱਪੜ ਨੂੰ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਖਿਲਾਫ਼ ਕੀਤੀਆਂ ਘਟੀਆ ਟਿੱਪਣੀਆਂ ਦਾ ਬਦਲਾ ਦੱਸ ਰਹੇ ਹਨ। ਓਥੇ ਹੀ ਕਈ ਬਾਲੀਵੁੱਡ ਸਿਤਾਰਿਆਂ ਨੇ ਕੰਗਨਾ ਨਾਲ ਹੋਏ ਦੁਰਵਿਵਹਾਰ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਨੁਪਮ ਖੇਰ ਤੋਂ ਲੈ ਕੇ ਸ਼ੇਖਰ ਸੁਮਨ ਤੱਕ ਦਾ ਕਹਿਣਾ ਹੈ ਕਿ ਕੰਗਨਾ ਨਾਲ ਜੋ ਵੀ ਹੋਇਆ ਉਹ ਬਹੁਤ ਗਲਤ ਹੈ। 


CISF ਕੁਲਵਿੰਦਰ ਕੌਰ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਵੀ ਸਾਥ ਮਿਲਿਆ ਹੈ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕੁਲਵਿੰਦਰ ਕੌਰ ਦੇ ਹੱਕ ਵਿਚ ਇੰਸਟਾਗ੍ਰਾਮ ਉਤੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ "ਪਿੱਛਲੇ ਕੁਝ ਘੰਟਿਆਂ ਤੋਂ ਦੇਖ ਰਹੀ ਹਾਂ ਕਿ, ਪੰਜਾਬ ਦੇ ਨੋਜਵਾਨਾਂ ਦੇ ਵੱਜੀਆਂ ਗੋਲੀਆ ਦੀ ਗੂੰਜ ਤੋ ਵੱਡੀ ਥੱਪੜ ਦੀ ਆਵਾਜ਼ ਹੋ ਗਈ, ਜਿਹਦੀ ਸੋਭਾ ਕਰਨ ਲਈ, ਵਿਰੋਧ ਕਰਨ ਲਈ ਹਰ ਪੰਜਾਬੀ ਅੱਗੇ ਆਇਆ, ਜਿਸ ਤਰਾਂ ਓਸ ਬੱਚੀ ਨੇ ਪੰਜਾਬੀਆਂ ਲਈ ਬੋਲੇ ਅਪਸ਼ਬਦਾ ਦਾ ਫਲ ਓਸ ਸ਼ਖਸ਼ੀਅਤ ਨੂੰ ਦਿੱਤਾ ਜੇ ਇਸੇ ਤਰਾਂ ਸਾਰੇ ਪੰਜਾਬੀ ਸਰਕਾਰ ਅੱਗੇ ਸਾਡੇ ਨੋਜਵਾਨਾ ਦੇ ਹੋਏ ਕਤਲ ਦੇ ਇਨਸਾਫ਼ ਦੀ ਮੰਗ ਸਾਡੀਆਂ ਬੇਟੀਆ ਨਾਲ ਹੋਏ / ਦਰਦਨਾਕ ਬਲਾਤਕਾਰ ਦੇ ਇਨਸਾਫ਼ ਦੀ ਮੰਗ ਸਰਕਾਰ ਅੱਗੇ ਰੱਖਣ ਤਾਂ ਅੱਜ ਸਾਡਾ ਪੰਜਾਬ ਪਹਿਲਾ ਨਾਲੋ ਬਿਹਤਰ ਹੋ ਸਕਦਾ" 






ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਜਿੱਥੇ ਬਾਲੀਵੁੱਡ ਸਿਤਾਰੇ ਕੰਗਨਾ ਦਾ ਸਮਰਥਨ ਕਰ ਰਹੇ ਹਨ ਉੱਥੇ ਹੀ ਕੁਲਵਿੰਦਰ ਕੌਰ ਨੂੰ ਬੁਰੀ ਤਰ੍ਹਾਂ ਝਿੜਕ ਰਹੇ ਹਨ। ਉੱਥੇ ਹੀ ਬਾਲੀਵੁੱਡ ਗਾਇਕ ਅਤੇ ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਜਨਤਕ ਤੌਰ ‘ਤੇ ਐਲਾਨ ਕੀਤਾ ਸੀ ਕਿ ਜੇਕਰ CISF ਦੇ ਜਵਾਨਾਂ ਯਾਨੀ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ ਤਾਂ ਉਹ ਉਸ ਨੂੰ ਨੌਕਰੀ ਦੇਣਗੇ।


ਸੀਆਈਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਕਿਸਾਨਾਂ ਦੇ ਵਿਰੋਧ ‘ਤੇ ਕੰਗਨਾ ਰਣੌਤ ਦੇ ਸਟੈਂਡ ਤੋਂ ਨਾਰਾਜ਼ ਸੀ। ਇਸ ਕਾਰਨ ਉਹ ਏਅਰਪੋਰਟ ‘ਤੇ ਆਪਣੇ ਗੁੱਸੇ ‘ਤੇ ਕਾਬੂ ਨਹੀਂ ਰੱਖ ਸਕੀ। ਹੁਣ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਹਵਾਈ ਅੱਡੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਰਹੀ ਸੀਆਈਐਸਐਫ ਨੇ ਵੀ ਇਸ ਘਟਨਾ ਦੇ ਸਬੰਧ ਵਿੱਚ ‘ਕੋਰਟ ਆਫ ਇਨਕੁਆਰੀ’ ਦੇ ਹੁਕਮ ਦਿੱਤੇ ਹਨ।