ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ SYL ਰਿਲੀਜ਼ ਹੋ ਗਿਆ ਹੈ। ਇਹ ਗੀਤ ਪੰਜਾਬ-ਹਰਿਆਣਾ ਦੇ ਵਿਵਾਦਤ SYL ਮੁੱਦੇ 'ਤੇ ਗਾਇਆ ਗਿਆ ਹੈ। ਬੀਤੀ ਰਾਤ ਸਿੱਧੂ ਦੇ ਵੈਰੀਫਾਈਡ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਹੋਈ ਸੀ। ਜਿਸ 'ਚ ਗੀਤ ਨੂੰ ਰਿਲੀਜ਼ ਕਰਨ ਦੀ ਗੱਲ ਕਹੀ ਗਈ ਸੀ। ਗੀਤ ਰਿਲੀਜ਼ ਹੁੰਦੇ ਹੀ ਇਸਨੂੰ 5 ਲੱਖ ਦੇ ਕਰੀਬ ਲੋਕਾਂ ਨੇ ਸੁਣ ਲਿਆ।
ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਪਰ ਉਸ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਦੀ ਧੜਕਣ ਤੇਜ਼ ਕਰ ਦਿੰਦੇ ਹਨ। ਸਿੱਧੂ ਮੂਸੇਵਾਲਾ ਨੇ ਇਸ ਗੀਤ 'ਚ ਕਈ ਅਹਿਮ ਮੁੱਦੇ ਉਠਾਏ ਹਨ। ਗੀਤ ਦੀਆਂ ਖਾਸ ਗੱਲਾਂ SYL ਅਤੇ ਪੰਜਾਬ ਦੇ ਮੁੱਦਿਆਂ ਦੇ ਆਲੇ ਦੁਆਲੇ ਘੁੰਮਦੀਆਂ ਹਨ।ਇਸ ਗੀਤ 'ਚ ਬੰਦੀ ਸਿੰਘ, ਹਰਿਆਣਾ, ਹਿਮਾਚਲ ਪੰਜਾਬ ਤੋਂ ਵੱਖ ਕਰਨ ਅਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਕੀਤੀ ਗਈ ਹੈ।ਇਸ 'ਚ ਆਮ ਆਦਮੀ ਪਾਰਟੀ, SYL 'ਤੇ ਆਪ ਦੇ ਰਾਜ ਸਭਾ ਮੈਂਬਰ ਦਾ ਬਿਆਨ, ਬਲਵਿੰਦਰ ਸਿੰਘ ਜਟਾਣਾ, ਪੰਜਾਬ ਦੇ ਇੱਕ ਗਾਇਕ ਦੀ ਗੱਲ ਵੀ ਕੀਤੀ ਗਈ ਹੈ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਦੇ SYL ਨੂੰ ਲੈ ਕੇ ਗਾਏ ਗੀਤ ਦੀਆਂ ਲੀਕ ਲਾਇਨਾਂ ਸੋਸ਼ਲ ਮੀਡੀਆ ਅਤੇ ਹੋਰ ਥਾਂ ਨਾ ਚਲਾਈਆਂ ਜਾਣ।ਇਸ ਗੀਤ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਪਿੰਡ ਵਿੱਚ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਿਵਾਰ ਵੱਲੋਂ ਅੰਤਿਮ ਅਰਦਾਸ ਰੱਖੀ ਗਈ ਸੀ, ਜਿਸ ਵਿੱਚ ਪਿਤਾ ਨੇ ਆਏ ਹੋਏ ਲੋਕਾਂ ਨਾਲ ਆਪਣੇ ਦਿਲ ਦੀਆਂ ਕਈ ਗੱਲਾਂ ਕਹੀਆਂ।
ਪਿਤਾ ਨੇ ਕਿਹਾ ਸੀ ਕਿ ਉਹ ਆਪਣੇ ਬੇਟੇ ਨੂੰ ਅਗਲੇ 5-7 ਸਾਲਾਂ ਤੱਕ ਗੀਤਾਂ ਰਾਹੀਂ ਤੁਹਾਡੇ ਸਾਰਿਆਂ ਵਿਚਕਾਰ ਜ਼ਿੰਦਾ ਰੱਖਣ ਦਾ ਵਾਅਦਾ ਕਰਦਾ ਹੈ। ਉਨ੍ਹਾਂ ਦੱਸਿਆ ਸੀ ਕਿ ਸਿੱਧੂ ਦੇ ਕਈ ਗੀਤ ਰਿਲੀਜ਼ ਹੋਣ ਦੀ ਸਟੇਜ 'ਤੇ ਹਨ। ਸਿੱਧੂ ਨੇ ਕਈ ਗੀਤ ਲਿਖੇ ਸਨ। ਪਾਈਪਲਾਈਨ ਵਿੱਚ ਆਉਣ ਵਾਲੇ ਸਾਰੇ ਗੀਤ ਰਿਲੀਜ਼ ਕੀਤੇ ਜਾਣਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿੱਧੂ ਦਾ ਇੱਕ ਹੋਰ ਗੀਤ ਕਾਫੀ ਮਸ਼ਹੂਰ ਹੋ ਗਿਆ ਸੀ, ਜਿਸ ਦੇ ਰਿਲੀਜ਼ ਹੋਣ ਤੋਂ ਕੁਝ ਹਫਤੇ ਬਾਅਦ ਹੀ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਗੀਤ ਸੀ, "ਓਏ ਚੌਬਰ ਦੇ ਚਹਿਰੇ ਉੱਤੇ ਨੂਰ ਦੱਸਦਾ ਨੀ, ਏਹਦਾ ਉੱਠੂਗਾ ਜਵਾਨੀ 'ਚ ਜਾਣਜਾ ਮਿੱਠੀਏ"।
ਕੌਣ ਸੀ ਬਲਵਿੰਦਰ ਜਟਾਣਾ
ਗੱਲ 23 ਜੁਲਾਈ 1990 ਦੀ ਹੈ, ਸਵੇਰ ਦੇ 10:30 ਵਜੇ ਦਾ ਵਕਤ ਸੀ। ਚੰਡੀਗਡ਼੍ਹ ਦੇ ਸੈਕਟਰ 26 ਵਿਚ ਐੱਸ.ਵਾਈ.ਐੱਲ.ਦੇ ਮੁੱਖ ਦਫ਼ਤਰ ਵਿਚ ਦਫ਼ਤਰੀ ਅਮਲਾ ਕੰਮਾਂ-ਕਾਰਾਂ ਵਿਚ ਰੁੱਝਾ ਹੋਇਆ ਸੀ । ਦੂਜੀ ਮੰਜ਼ਿਲ ਦੇ ਇਕ ਕਮਰੇ ਵਿਚ ਅਫ਼ਸਰਾਂ ਦੀ ਮੀਟਿੰਗ ਚੱਲ ਰਹੀ ਸੀ । ਇਸ ਮੌਕੇ ਚਾਰ ਸ਼ਖਸ ਸਕੂਟਰਾਂ ਉਪਰ ਇਸ ਦਫ਼ਤਰ ਪਹੁੰਚੇ । ਜਿਹਨਾਂ ਦੀ ਅਗਵਾਈ ਬਲਵਿੰਦਰ ਸਿੰਘ ਜਟਾਣਾ ਤੇ ਚਰਨਜੀਤ ਸਿੰਘ ਚੰਨੀ ਕਰ ਰਹੇ ਸੀ । ਦੂਜੀ ਮੰਜ਼ਿਲ ਤੇ ਪਹੁੰਚ ਕੇ ਜਿਉਂ ਹੀ ਇਹ ਮੀਟਿੰਗ ਵਾਲੇ ਕਮਰੇ ਵੱਲ ਵਧੇ ਤਾਂ ਸੇਵਾਦਾਰ ਭੋਲਾ ਪ੍ਰਸ਼ਾਦ ਨੇ ਇਹਨਾਂ ਨੂੰ ਰੋਕਿਆ। ਦੇ ਹੱਥਾਂ ਵਿਚ ਸਾਇਲੈਂਸਰ ਲੱਗੇ ਪਿਸਤੌਲ ਵੇਖ ਕੇ ਸੇਵਾਦਾਰ ਘਬਰਾ ਗਿਆ ਤੇ ਉਸ ਨੇ ਪਿੱਛੇ ਨੂੰ ਭੱਜ ਇਕ ਦਮ ਦੂਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ।
ਸਕਿੰਟਾਂ ਵਿਚ ਹੀ ਸਾਰੇ ਸਿੰਘ ਮੀਟਿੰਗ ਵਾਲੇ ਕਮਰੇ ਵਿਚ ਦਾਖਲ ਹੋਏ ਅਤੇ ਐੱਸ.ਵਾਈ.ਐੱਲ.ਦੇ ਮੁੱਖ ਇੰਜੀਨੀਅਰ ਐੱਮ.ਐੱਸ.ਸੀਕਰੀ ਨੂੰ ਗੋਲੀ ਮਾਰ ਦਿੱਤੀ ( ਨਹਿਰ ਦੀ ਉਸਾਰੀ ਨੂੰ ਰੋਕੇ ਜਾਣ ਦੀਆਂ ਕਈ ਅਪੀਲਾਂ ਦਲੀਲਾਂ ਮਗਰੋਂ )। ਇਸ ਮੌਕੇ ਨਿਗਰਾਨ ਇੰਜੀਨੀਅਰ ਅਵਤਾਰ ਸਿੰਘ ਔਲਖ ਵੀ ਮਾਰਿਆ ਗਿਆ।ਸਾਰੇ ਸਿੰਘ ਆਰਾਮ ਨਾਲ ਦਫ਼ਤਰੋਂ ਨਿਕਲੇ ਤੇ ਸਕੂਟਰਾਂ ਉਪਰ ਸਵਾਰ ਹੋ ਕੇ ਫ਼ਰਾਰ ਹੋ ਗਏ।ਜੇਕਰ ਉਸ ਨਹਿਰ ਦੀ ਤਾਮੀਰ ਹੋ ਜਾਂਦੀ ਤਾਂ ਪੰਜਾਬ ਦੀ ਕਿਰਸਾਨੀ ਲਈ ਇਹ ਘਾਤਕ ਸਿੱਧ ਹੋਣੀ ਸੀ।