Singer Inder Kaur Murder Case : ਲੁਧਿਆਣਾ 'ਚ ਪੰਜਾਬੀ ਗਾਇਕਾ ਇੰਦਰ ਕੌਰ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੋਸਟਮਾਰਟਮ ਜਾਂਚ ਤੋਂ ਪਤਾ ਲੱਗਿਆ ਹੈ ਕਿ ਗਾਇਕਾ ਨੂੰ ਦੋ ਗੋਲੀਆਂ ਲੱਗੀਆਂ ਸਨ। ਇੱਕ ਗੋਲੀ ਉਸਦੀ ਸੱਜੀ ਛਾਤੀ ਦੇ ਸੱਜੇ ਪਾਸੇ ਤੋਂ ਆਰ-ਪਾਰ ਹੋ ਗਈ, ਜਦਕਿ ਦੂਜੀ ਗੋਲੀ ਉਸਦੇ ਮੱਥੇ ਵਿੱਚ ਲੱਗੀ ਹੋਈ ਮਿਲੀ ਸੀ।
ਗਾਇਕਾ ਦਾ ਪੋਸਟਮਾਰਟਮ ਲੁਧਿਆਣਾ ਵਿੱਚ ਡਾਕਟਰਾਂ ਦੇ ਇੱਕ ਬੋਰਡ ਦੁਆਰਾ ਕੀਤਾ ਗਿਆ ਸੀ, ਜਿਸ ਵਿੱਚ ਫੋਰੈਂਸਿਕ ਮਾਹਿਰ ਡਾ. ਕਰਨ, ਡਾ. ਵਿਸ਼ਾਲ ਚੋਪੜਾ ਅਤੇ ਡਾ. ਮਨਦੀਪ ਸ਼ਾਮਲ ਸਨ। ਪੋਸਟਮਾਰਟਮ ਤੋਂ ਬਾਅਦ ਇੰਦਰ ਕੌਰ ਦਾ ਲੁਧਿਆਣਾ ਵਿੱਚ ਸਸਕਾਰ ਕੀਤਾ ਗਿਆ। ਇਸ ਦੌਰਾਨ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਰਿਹਾ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਦੂਜੇ ਪਾਸੇ ਮਾਮਲੇ ਦੇ ਮੁੱਖ ਆਰੋਪੀ NRI ਸੁਖਵਿੰਦਰ ਸਿੰਘ ਉਰਫ਼ ਸੁੱਖੀ ਬਰਾੜ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਇਹ ਕਤਲ ਨਹੀਂ ਸਗੋਂ ਖੁਦਕੁਸ਼ੀ ਦਾ ਮਾਮਲਾ ਹੈ। ਵਕੀਲ ਮੁਤਾਬਕ ਸੁੱਖੀ ਦੇ ਅਕਾਊਂਟ ਤੋਂ ਇੰਦਰ ਨੂੰ 60 ਤੋਂ 70 ਲੱਖ ਰੁਪਏ ਦੀ ਲੈਣ-ਦੇਣ ਹੋਇਆ ਸੀ। ਉਸਨੇ ਕਿਹਾ ਕਿ ਸੁੱਖੀ ਆਪਣੇ ਪਰਿਵਾਰ ਦੀਆਂ ਤਸਵੀਰਾਂ Instagram ‘ਤੇ ਸਾਂਝੀਆਂ ਕਰਦਾ ਸੀ, ਇਸ ਲਈ ਇੰਦਰ ਨੂੰ ਇਹ ਨਾ ਪਤਾ ਹੋਵੇ ਕਿ ਉਹ ਵਿਆਹਿਆ ਹੋਇਆ ਹੈ, ਇਹ ਸੰਭਵ ਨਹੀਂ।
ਵਕੀਲ ਨੇ ਇਹ ਵੀ ਕਿਹਾ ਕਿ ਸੁੱਖੀ ਦੇ ਪੰਜਾਬ ਆਉਣ ਦਾ ਵੀ ਕੋਈ ਪੱਕਾ ਸਬੂਤ ਨਹੀਂ ਹੈ। ਨਾਲ ਹੀ ਸੁੱਖੀ ਦੇ ਪਿਤਾ ਨੂੰ ਮਾਮਲੇ ਵਿੱਚ ਨਾਮਜ਼ਦ ਕਰਨ ‘ਤੇ ਵੀ ਸਵਾਲ ਉਠਾਏ ਗਏ ਹਨ। ਵਕੀਲ ਦਾ ਦਾਅਵਾ ਹੈ ਕਿ ਪੁਲਿਸ ਦੀ ਜਾਂਚ ਵਿੱਚ ਕਈ ਖਾਮੀਆਂ ਹਨ, ਜਿਸ ਕਾਰਨ ਅਦਾਲਤ ਨੇ ਆਰੋਪੀਆਂ ਨੂੰ 5 ਦਿਨ ਦੀ ਬਜਾਏ ਸਿਰਫ਼ 1 ਦਿਨ ਦਾ ਰਿਮਾਂਡ ਦਿੱਤਾ।
ਜ਼ਿਕਰਯੋਗ ਹੈ ਕਿ ਇੰਦਰ ਕੌਰ ਦੀ ਲਾਸ਼ 19 ਮਈ ਨੂੰ ਨੀਲੋ ਨਹਿਰ ਤੋਂ ਮਿਲੀ ਸੀ, ਜਦਕਿ ਉਸਦੀ ਕਾਰ ਕੁਝ ਕਿਲੋਮੀਟਰ ਦੂਰੋਂ ਬਰਾਮਦ ਹੋਈ। ਪੁਲਿਸ ਨੇ ਇਸ ਮਾਮਲੇ ਵਿੱਚ ਸੁੱਖੀ ਬਰਾੜ, ਉਸਦੇ ਪਿਤਾ ਅਤੇ ਦੋ ਦੋਸਤਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਸੁੱਖੀ ਦੇ ਪਿਤਾ ਪ੍ਰੀਤਮ ਸਿੰਘ ਅਤੇ ਦੋ ਦੋਸਤਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਸੁੱਖੀ ਇੰਦਰ ਨਾਲ ਜਬਰਦਸਤੀ ਵਿਆਹ ਕਰਨਾ ਚਾਹੁੰਦਾ ਸੀ ਪਰ ਪਹਿਲਾਂ ਤੋਂ ਵਿਆਹਿਆ ਹੋਣ ਕਾਰਨ ਇੰਦਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।
