ਮੁੰਬਈ: ਆਪਣੀ ਕਿਤਾਬ ਦੀ ਪ੍ਰਮੋਸ਼ਨ ਲਈ ਪਹੁੰਚੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨਾਲ ਕਾਮੇਡੀ ਤੋਂ ਪਹਿਲਾਂ ਕਪਿਲ ਸ਼ਰਮਾ ਸ਼ੋਅ 'ਚ ਟ੍ਰੈਜ਼ਡੀ ਹੋ ਗਈ। ਦਰਅਸਲ, ਦ ਕਪਿਲ ਸ਼ਰਮਾ ਸ਼ੋਅ 'ਤੇ ਸਮ੍ਰਿਤੀ ਇਰਾਨੀ ਆਪਣੀ ਕਿਤਾਬ 'ਲਾਲ ਸਲਾਮ' ਦੇ ਪ੍ਰਮੋਸ਼ਨ ਤੋਂ ਬਿਨਾਂ ਘਰ ਪਰਤ ਆਈ ਸੀ।

ਦੱਸ ਦੇਈਏ ਕਿ ਕਪਿਲ ਸ਼ਰਮਾ ਸ਼ੋਅ 'ਤੇ ਪਹੁੰਚੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਸੈੱਟ ਦੇ ਗਾਰਡ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਨੂੰ ਸੈੱਟ 'ਤੇ ਜਾਣ ਤੋਂ ਰੋਕ ਦਿੱਤਾ, ਜਿਸ 'ਤੇ ਨਾਰਾਜ਼ ਮੰਤਰੀ ਸ਼ੂਟਿੰਗ ਕੀਤੇ ਬਿਨਾਂ ਹੀ ਵਾਪਸ ਪਰਤ ਗਏ। ਕਪਿਲ ਸ਼ਰਮਾ ਦੇ ਇਸ ਸ਼ੋਅ 'ਚ ਸਮ੍ਰਿਤੀ ਇਰਾਨੀ ਆਪਣੀ ਕਿਤਾਬ 'ਲਾਲ ਸਲਾਮ' ਨੂੰ ਪ੍ਰਮੋਟ ਕਰਨ ਪਹੁੰਚੀ ਸੀ।

ਜਦੋਂ ਕਪਿਲ ਤੇ ਉਸ ਦੀ ਪ੍ਰੋਡਕਸ਼ਨ ਟੀਮ ਨੂੰ ਸਮ੍ਰਿਤੀ ਇਰਾਨੀ ਦੀ ਨਾਰਾਜ਼ਗੀ ਬਾਰੇ ਪਤਾ ਲੱਗਾ ਤਾਂ ਪ੍ਰੋਡਕਸ਼ਨ ਟੀਮ ਨੇ ਉਨ੍ਹਾਂ (ਸਮ੍ਰਿਤੀ ਇਰਾਨੀ) ਨਾਲ ਗੱਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਆਖਰਕਾਰ ਸ਼ੂਟਿੰਗ ਨੂੰ ਰੱਦ ਕਰਨਾ ਪਿਆ। ਇਸ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਿਸ ਫੋਰਸ ਪਹੁੰਚੀ ਤੇ ਉਨ੍ਹਾਂ ਨੇ ਕਪਿਲ ਦੀ ਪ੍ਰੋਡਕਸ਼ਨ ਟੀਮ ਨਾਲ ਲੰਬੀ ਗੱਲਬਾਤ ਕੀਤੀ।

ਸੂਤਰਾਂ ਮੁਤਾਬਕ ਸਮ੍ਰਿਤੀ ਇਰਾਨੀ ਆਪਣੇ ਡਰਾਈਵਰ ਤੇ ਦੋ ਲੋਕਾਂ ਦੀ ਟੀਮ ਨਾਲ ਸ਼ੋਅ ਦੀ ਸ਼ੂਟਿੰਗ 'ਤੇ ਪਹੁੰਚੀ ਸੀ ਪਰ ਸ਼ਾਮ ਨੂੰ ਜਦੋਂ ਉਹ ਕਪਿਲ ਸ਼ਰਮਾ ਦੇ ਸੈੱਟ 'ਤੇ ਪਹੁੰਚੀ ਤਾਂ ਪ੍ਰਵੇਸ਼ ਦੁਆਰ 'ਤੇ ਮੌਜੂਦ ਸੁਰੱਖਿਆ ਗਾਰਡ ਅੰਨਾ ਉਨ੍ਹਾਂ ਨੂੰ ਪਛਾਣ ਨਹੀਂ ਸਕਿਆ ਤੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਸਮ੍ਰਿਤੀ ਨੇ ਉਸ ਨੂੰ ਦੱਸਿਆ ਹੈ ਕਿ ਉਸ ਨੂੰ ਸੈੱਟ 'ਤੇ ਐਪੀਸੋਡ ਦੀ ਸ਼ੂਟਿੰਗ ਲਈ ਬੁਲਾਇਆ ਗਿਆ ਹੈ, ਉਹ ਸ਼ੋਅ ਦੀ ਵਿਸ਼ੇਸ਼ ਮਹਿਮਾਨ ਹੈ। ਇਸ 'ਤੇ ਗਾਰਡ ਨੇ ਕਿਹਾ ਕਿ ਸਾਨੂੰ ਕੋਈ ਆਰਡਰ ਨਹੀਂ ਮਿਲਿਆ, ਮਾਫ ਕਰਨਾ ਮੈਡਮ, ਤੁਸੀਂ ਅੰਦਰ ਨਹੀਂ ਜਾ ਸਕਦੇ।

ਸਮ੍ਰਿਤੀ ਕਾਫੀ ਦੇਰ ਤੱਕ ਗਾਰਡ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਗਾਰਡ ਨਹੀਂ ਮੰਨਿਆ। ਉਦੋਂ ਹੀ ਜ਼ੋਮੈਟੋ ਦਾ ਡਿਲੀਵਰੀ ਬੁਆਏ ਆਇਆ ਤੇ ਉਹ ਕਲਾਕਾਰਾਂ ਲਈ ਖਾਣੇ ਦੇ ਪੈਕੇਟ ਡਿਲੀਵਰ ਕਰਨ ਲਈ ਅੰਦਰ ਗਿਆ ਤਾਂ ਗਾਰਡ ਨੇ ਬਿਨਾਂ ਕੁਝ ਪੁੱਛੇ ਉਸ ਨੂੰ ਜਾਣ ਦਿੱਤਾ। ਇਸ 'ਤੇ ਕੇਂਦਰੀ ਮੰਤਰੀ ਕਾਫੀ ਨਾਰਾਜ਼ ਹੋਈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਪ੍ਰੋਡਕਸ਼ਨ ਟੀਮ ਤੇ ਕਪਿਲ ਸ਼ਰਮਾ ਨੂੰ ਫੋਨ ਵੀ ਕੀਤੇ ਪਰ ਗੱਲਬਾਤ ਨਹੀਂ ਹੋ ਸਕੀ। ਆਖਰ ਗੁੱਸੇ 'ਚ ਆ ਕੇ ਸਮ੍ਰਿਤੀ ਇਰਾਨੀ ਬਿਨਾਂ ਸ਼ੂਟਿੰਗ ਦੇ ਵਾਪਸ ਪਰਤ ਗਈ।

ਜਦੋਂ ਸੁਰੱਖਿਆ ਗਾਰਡ ਨੂੰ ਪਤਾ ਲੱਗਾ ਕਿ ਜਿਸ ਨੂੰ ਉਸ ਨੇ ਅੰਦਰ ਜਾਣ ਤੋਂ ਰੋਕਿਆ, ਉਹ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਹੈ ਤਾਂ ਉਹ ਘਬਰਾ ਕੇ ਸੈੱਟ ਤੋਂ ਭੱਜ ਗਿਆ। ਉਸ ਨੇ ਆਪਣਾ ਫ਼ੋਨ ਵੀ ਬੰਦ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸਮ੍ਰਿਤੀ ਇਰਾਨੀ ਨੇ ਸੱਚੀ ਘਟਨਾ 'ਤੇ ਇਹ ਥ੍ਰਿਲਰ ਕਿਤਾਬ 'ਲਾਲ ਸਲਾਮ' ਲਿਖੀ ਹੈ ਤੇ ਇਸ ਕਿਤਾਬ ਨੂੰ ਪੂਰਾ ਕਰਨ 'ਚ ਉਨ੍ਹਾਂ ਨੂੰ ਕਰੀਬ 10 ਸਾਲ ਦਾ ਸਮਾਂ ਲੱਗਾ ਹੈ। ਵੈਸਟਲੈਂਡ ਪਬਲਿਸ਼ਿੰਗ ਕੰਪਨੀ ਦੀ ਇਹ ਕਿਤਾਬ 29 ਨਵੰਬਰ ਨੂੰ ਬਾਜ਼ਾਰ ਵਿੱਚ ਆਵੇਗੀ।