Sooryavansham Actress Soundarya Birth Anniversary: 'ਸੂਰਯਵੰਸ਼ਮ' ਅਦਾਕਾਰਾ ਸੌਂਦਰਿਆ ਸਾਊਥ ਦੀ ਮਸ਼ਹੂਰ ਸੁਪਰਸਟਾਰ ਸੀ। ਜਿਸ ਨੇ ਆਪਣੇ ਛੋਟੇ ਜਿਹੇ ਕਰੀਅਰ 'ਚ ਕਾਫੀ ਵੱਡਾ ਨਾਮ ਕਮਾਇਆ ਸੀ। ਪਰ ਉਸ ਨੂੰ ਅਸਲੀ ਪਛਾਣ ਮਿਲੀ ਸੀ 1999 'ਚ ਆਈ ਫਿਲਮ 'ਸੂਰਯਵੰਸ਼ਮ' ਨਾਲ। ਇਸ ਫਿਲਮ 'ਚ ਉਸ ਨੇ ਅਮਿਤਾਭ ਬੱਚਨ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਇਸ ਫਿਲਮ ਨੇ ਉਸ ਨੂੰ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਸੀ।
ਅੱਜ ਮਰਹੂਮ ਅਦਾਕਾਰਾ ਦਾ 51ਵਾਂ ਜਨਮਦਿਨ ਹੈ। ਜੇ ਅੱਜ ਉਹ ਜ਼ਿੰਦਾ ਹੁੰਦੀ ਤਾਂ ਆਪਣਾ 51ਵਾਂ ਜਨਮਦਿਨ ਮਨਾ ਰਹੀ ਹੁੰਦੀ। ਅੱਜ ਅਸੀਂ ਤੁਹਾਨੂੰ ਮਰਹੂਮ ਅਦਾਕਾਰਾ ਦੀ ਜ਼ਿੰਦਗੀ ਬਾਰੇ ਜਾਣੂ ਕਰਾਉਣ ਜਾ ਰਹੇ ਹਾਂ। ਉਸ ਦਾ ਜਨਮ 18 ਜੁਲਾਈ 1972 ਨੂੰ ਕਰਨਾਟਕਾ ਦੇ ਕੋਲਾਰ 'ਚ ਹੋਇਆ ਸੀ। ਫਿਲਮ ਸੂਰਯਵੰਸ਼ਮ ਵਿੱਚ ਨਜ਼ਰ ਆਈ ਅਦਾਕਾਰਾ ਸੌਂਦਰਿਆ ਅੱਜ ਇਸ ਦੁਨੀਆਂ ਵਿੱਚ ਨਹੀਂ ਰਹੀ। ਅਦਾਕਾਰਾ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਉਸਦੀ ਮੌਤ ਦੀ ਭਵਿੱਖਬਾਣੀ ਬਹੁਤ ਪਹਿਲਾਂ ਕੀਤੀ ਗਈ ਸੀ।
ਜਦੋਂ ਫਿਲਮ ਸੂਰਿਆਵੰਸ਼ਮ ਰਿਲੀਜ਼ ਹੋਈ ਸੀ ਤਾਂ ਇਹ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ ਸੀ, ਪਰ ਅੱਜ ਦੇ ਸਮੇਂ ਵਿੱਚ ਇਹ ਫਿਲਮ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਵਿੱਚ ਗਿਣੀ ਜਾਂਦੀ ਹੈ। ਦੂਜੇ ਪਾਸੇ ਜੇਕਰ ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਵੱਡੀ ਗਿਣਤੀ ਹੈ। ਦੱਖਣ ਦੀ ਅਦਾਕਾਰਾ ਸੌਂਦਰਿਆ ਨੇ ਇਸ ਫਿਲਮ 'ਚ ਅਮਿਤਾਭ ਬੱਚਨ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਅੱਜ ਅਸੀਂ ਤੁਹਾਨੂੰ ਇਸ ਫਿਲਮ ਅਤੇ ਸੌਂਦਰਿਆ ਨਾਲ ਜੁੜੀ ਦਰਦਨਾਕ ਅਤੇ ਸਨਸਨੀਖੇਜ਼ ਕਹਾਣੀ ਦੱਸਾਂਗੇ।
ਦਰਅਸਲ, ਇਸ ਫਿਲਮ ਦੇ ਰਿਲੀਜ਼ ਹੋਣ ਦੇ ਪੰਜ ਸਾਲ ਦੇ ਅੰਦਰ ਹੀ ਅਦਾਕਾਰਾ ਸੌਂਦਰਿਆ ਦੀ ਮੌਤ ਹੋ ਗਈ ਸੀ। ਕੰਨੜ ਫਿਲਮ ਨਾਲ ਵੱਡੇ ਪਰਦੇ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੌਂਦਰਿਆ ਐੱਮਬੀਬੀਐੱਸ ਡਾਕਟਰ ਵੀ ਸੀ। ਸੌਂਦਰਿਆ ਦਾ ਅਸਲੀ ਨਾਮ ਸੌਮਿਆ ਸਤਿਆਨਾਰਾਇਣ ਸੀ ਅਤੇ ਸਾਲ 1999 ਵਿੱਚ ਉਸਨੇ ਅਮਿਤਾਭ ਬੱਚਨ ਦੇ ਨਾਲ ਫਿਲਮ ਸੂਰਯਵੰਸ਼ਮ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।
ਖਾਸ ਗੱਲ ਇਹ ਹੈ ਕਿ ਆਪਣੇ 12 ਸਾਲ ਦੇ ਫਿਲਮੀ ਕਰੀਅਰ 'ਚ ਸੌਂਦਰਿਆ ਨੇ 100 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ। ਪਰ ਸੂਰਯਵੰਸ਼ਮ ਤੋਂ ਬਾਅਦ ਉਨ੍ਹਾਂ ਨੇ ਫਿਰ ਤੋਂ ਬਾਲੀਵੁੱਡ ਵੱਲ ਮੂੰਹ ਨਹੀਂ ਕੀਤਾ। ਸੌਂਦਰਿਆ ਇੱਕ ਅਜਿਹੀ ਅਭਿਨੇਤਰੀ ਸੀ ਜਿਸਨੇ ਆਪਣੇ ਛੋਟੇ ਕਰੀਅਰ ਦੌਰਾਨ ਪੰਜ ਭਾਸ਼ਾਵਾਂ ਤਾਮਿਲ, ਮਲਿਆਲਮ, ਤੇਲਗੂ, ਕੰਨੜ ਅਤੇ ਹਿੰਦੀ ਵਿੱਚ ਫਿਲਮਾਂ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾ ਕੇ ਪਛਾਣ ਹਾਸਲ ਕੀਤੀ।
2003 ਵਿੱਚ, ਆਪਣੇ ਕਰੀਅਰ ਦੀ ਉਚਾਈ ਦੌਰਾਨ, ਉਸਨੇ ਬਚਪਨ ਦੇ ਦੋਸਤ ਜੀ.ਐਸ. ਰਘੂ ਨਾਲ ਵਿਆਹ ਕੀਤਾ। ਪਰ ਇੱਕ ਬਹੁਤ ਹੀ ਦਰਦਨਾਕ ਹਵਾਈ ਹਾਦਸੇ ਵਿੱਚ ਸਿਰਫ 31 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਕਹਿ ਗਈ। ਸਾਲ 2004 'ਚ ਇਕ ਸਿਆਸੀ ਰੈਲੀ 'ਚ ਹਿੱਸਾ ਲੈਣ ਜਾ ਰਿਹਾ ਸੌਂਦਰਿਆ ਦਾ ਹੈਲੀਕਾਪਟਰ ਟੇਕ ਆਫ ਦੇ ਕੁਝ ਸਮੇਂ ਬਾਅਦ ਹੀ ਕਰੈਸ਼ ਹੋ ਗਿਆ ਸੀ। ਇਸ ਹਾਦਸੇ 'ਚ ਸੌਂਦਰਿਆ, ਉਸ ਦਾ ਭਰਾ ਅਤੇ ਦੋ ਹੋਰ ਲੋਕਾਂ ਦੀ ਜਾਨ ਚਲੀ ਗਈ। ਇਸ ਹਾਦਸੇ ਦੇ ਸਮੇਂ ਸੌਂਦਰਿਆ ਗਰਭਵਤੀ ਸੀ। ਕਿਹਾ ਜਾਂਦਾ ਹੈ ਕਿ ਜਦੋਂ ਸੌਂਦਰਿਆ ਦਾ ਜਨਮ ਹੋਇਆ ਸੀ ਤਾਂ ਇੱਕ ਜੋਤਸ਼ੀ ਨੇ ਉਸਦੀ ਛੋਟੀ ਉਮਰ ਵਿੱਚ ਅਜਿਹੀ ਮੌਤ ਦੀ ਭਵਿੱਖਬਾਣੀ ਕੀਤੀ ਸੀ। ਇਸ ਸਬੰਧੀ ਉਸ ਦੇ ਮਾਤਾ-ਪਿਤਾ ਨੇ ਹਵਨ ਪੂਜਨ ਅਤੇ ਹੋਰ ਕਈ ਉਪਾਅ ਕੀਤੇ। ਪਰ ਜੋ ਹੋਇਆ ਉਸ ਦੀ ਦਰਦਨਾਕ ਸੱਚਾਈ ਨੂੰ ਟਾਲਿਆ ਨਹੀਂ ਜਾ ਸਕਿਆ।