Squid Game Actor Charged With Sexual Misconduct: ਨੈੱਟਫਲਿਕਸ ਦੀ ਪ੍ਰਸਿੱਧ ਦੱਖਣੀ ਕੋਰੀਆਈ ਸੀਰੀਜ਼ ‘ਸਕੁਇਡ ਗੇਮ’ ਤਾਂ ਤੁਹਾਨੂੰ ਯਾਦ ਹੀ ਹੋਵੇਗੀ। ਪੂਰੀ ਦੁਨੀਆ ‘ਚ ਇਸ ਵੈੱਬ ਸੀਰੀਜ਼ ਨੇ ਧਮਾਲਾਂ ਪਾਈਆਂ ਸੀ। ਇਸ ਸੀਰੀਜ਼ ਨੂੰ ਦੁਨੀਆ ਭਰ ‘ਚ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ। ਇਹੀ ਨਹੀਂ ਇਸ ਸੀਰੀਜ਼ ਦੇ ਹਰ ਕਲਾਕਾਰ ਦੀ ਆਪਣੀ ਵੱਖਰੀ ਪਛਾਣ ਬਣੀ। ਖਾਸ ਕਰਕੇ ਉਹ 70-80 ਸਾਲਾ ਬਜ਼ੁਰਗ, ਜੋ ਪੂਰੀ ਸਕੁਇਡ ਗੇਮ ਦਾ ਮਾਸਟਰ ਮਾਇੰਡ ਸੀ। ਇਸ ਬਜ਼ੁਰਗ ਐਕਟਰ ਓ ਯੰਗ ਸੂ ਨੇ ਆਪਣੀ ਜ਼ਬਰਦਸਤ ਪਰਫਾਰਮੈਂਸ ਲਈ ਕਈ ਐਵਾਰਡ ਵੀ ਜਿੱਤੇ ਸੀ। ਹੁਣ 78 ਸਾਲਾ ਦਿੱਗਜ ਕਲਾਕਾਰ ਯੰਗ ਸੂ ਫਿਰ ਤੋਂ ਸੁਰਖੀਆਂ ‘ਚ ਹੈ।


ਦਰਅਸਲ, ਓ ਯੰਗ ਸੂ ‘ਤੇ ਇੱਕ ਲੜਕੀ ਨਾਲ ਸਰੀਰਕ ਦੁਰਵਿਵਹਾਰ (ਜਿਣਸੀ ਦੁਰਵਿਵਹਾਰ) ਦਾ ਦੋਸ਼ ਲੱਗਿਆ ਹੈ। ਦੱਖਣੀ ਕੋਰੀਆ ਦੇ ਕਾਨੂੰਨੀ ਅਧਿਕਾਰੀਆਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਇਹ ਮਾਮਲਾ ਸਾਲ 2017 ਦਾ ਹੈ, ਜਦੋਂ ਇੱਕ ਔਰਤ ਨੇ 78 ਸਾਲਾ ਅਦਾਕਾਰ ‘ਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲਗਾਇਆ ਸੀ। ਦੂਜੇ ਪਾਸੇ ਓ ਯੰਗ ਸੂ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਕੇਸ ਦੀ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਹੋ ਗਈ ਹੈ।


ਇਸ ਸਬੰਧੀ ਪੀੜਤਾ ਨੇ ਪਿਛਲੇ ਸਾਲ ਯੰਗ ਸੂ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਇਹ ਮਾਮਲਾ ਦਸੰਬਰ 2021 ‘ਚ ਦਰਜ ਕਰਵਾਇਆ ਗਿਆ ਸੀ, ਪਰ ਅਪ੍ਰੈਲ 2021 ‘ਚ ਦੋਸ਼ ਤੈਅ ਨਾ ਹੋਣ ਕਰਕੇ ਕੇਸ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਪੀੜਤਾ ਦੀ ਬੇਨਤੀ ‘ਤੇ ਇਸ ਕੇਸ ਦੀ ਜਾਂਚ ਮੁੜ ਤੋਂ ਸ਼ੁਰੂ ਹੋ ਗਈ ਹੈ। 


ਦੂਜੇ ਪਾਸੇ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਸੱਭਿਆਚਾਰਕ ਮੰਤਰਾਲਾ ਨੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਕਟਰ ਖਿਲਾਫ ਵੱਡਾ ਕਦਮ ਚੁੱਕ ਲਿਆ ਹੈ। ਮੰਤਰਾਲੇ ਨੇ ਇੱਕ ਸਰਕਾਰੀ ਇਸ਼ਤਿਹਾਰ ਦੇ ਟੀਵੀ ‘ਤੇ ਪ੍ਰਸਾਰਣ ‘ਤੇ ਰੋਕ ਲਗਾ ਦਿੱਤੀ ਹੈ, ਜਿਸ ਵਿੱਚ ਓ ਯੰਗ ਸੂ ਨਜ਼ਰ ਆਏ ਸੀ। ਹੁਣ ਇਹ ਐਡ ਟੀਵੀ ‘ਤੇ ਨਹੀਂ ਦਿਖਾਈ ਜਾਵੇਗੀ। 









ਦੱਸ ਦਈਏ ਕਿ ਸਾਊਥ ਕੋਰੀਆ ਦੀ ਵੈੱਬ ਸੀਰੀਜ਼ ‘ਸਕੁਇਡ ਗੇਮ’ ਨੂੰ ਪੂਰੀ ਦੁਨੀਆ ‘ਚ ਖੂਬ ਪ੍ਰਸਿੱਧੀ ਮਿਲੀ। ਇਸ ਦੌਰਾਨ ਸੀਰੀਜ਼ ਦੇ ਹਰ ਕਲਾਕਾਰ ਦੀ ਆਪਣੀ ਵੱਖਰੀ ਪਛਾਣ ਬਣੀ ਸੀ। ਬਜ਼ੁਰਗ ਐਕਟਰ ਓ ਯੰਗ ਸੂ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਲਈ ਗੋਲਡਨ ਗਲੋਬ ਐਵਾਰਡ ਨਾਲ ਨਵਾਜ਼ਿਆ ਗਿਆ ਸੀ।