ਮੁੰਬਈ: ਸੰਨੀ ਦਿਓਲ ਨੇ ਇਨ੍ਹੀਂ ਦਿਨੀਂ ਸਿਆਸਤ ਤੇ ਫ਼ਿਲਮੀ ਕਰੀਅਰ ਵਿਚਾਲੇ ਸੰਤੁਲਨ ਬਣਾ ਕੇ ਰੱਖਿਆ ਹੋਇਆ ਹੈ। ਖ਼ਬਰਾਂ ਆ ਰਹੀਆਂ ਹਨ ਕਿ ਸੰਨੀ ਦਿਓਲ ਹੁਣ ਛੇਤੀ ਹੀ ਆਪਣਾ ਡਿਜੀਟਲ ਡੈਬਿਊ ਕਰਨ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸੰਨੀ ਦਿਓਲ ਜੀ 5 ਪ੍ਰੋਡਕਸ਼ਨ ਨਾਲ ਆਪਣਾ ਡਿਜੀਟਲ ਡੈਬਿਊ ਕਰਨਗੇ ਤੇ ਇਸ ਲਈ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ। ਸੀਰੀਜ਼ ਦਾ ਟਾਈਟਲ ਹੈ -ਜੀ 49.
ਸੰਨੀ ਦਿਓਲ ਇਸ ਸੀਰੀਜ਼ ਲਈ ਮੁੰਬਈ ਦੇ ਮੱਡ ਆਈਲੈਂਡ ਵਿੱਚ ਸ਼ੂਟਿੰਗ ਕਰ ਰਹੇ ਹਨ। ਜੀ49 ਬਾਰੇ ਹਾਲੇ ਕੋਈ ਬਹੁਤੇ ਵੇਰਵੇ ਹਾਸਲ ਨਹੀਂ ਹੋ ਸਕੇ ਪਰ ਇਹ ਖ਼ਬਰ ਸੰਨੀ ਦਿਓਲ ਦੇ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਸੰਨੀ ਦਿਓਲ ਦੀ ਓਟੀਟੀ ਵਿੱਚ ਐਂਟ੍ਰੀ ਨੂੰ ਬੌਬੀ ਦਿਓਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਬੌਬੀ ਦਿਓਲ ਕਾਫ਼ੀ ਲੰਮੇ ਸਮੇਂ ਤੱਕ ਸਕ੍ਰੀਨ ਤੋਂ ਦੂਰ ਰਹਿਣ ਪਿੱਛੋਂ ਜਦੋਂ ‘ਆਸ਼ਰਮ’ ਸੀਰੀਜ਼ ਰਾਹੀਂ ਓਟੀਟੀ ਪਲੇਟਫ਼ਾਰਮ ਉੱਤੇ ਆਏ, ਤਾਂ ਇਹ ਸੀਰੀਜ਼ ਤੇ ਬੌਬੀ ਦਿਓਲ ਦੀ ਅਦਾਕਾਰੀ ਲੋਕਾਂ ਨੂੰ ਬਹੁਤ ਪਸੰਦ ਆਈ। ਨਿਰਮਾਤਾ ਇਸ ਦਾ ਦੂਜਾ ਸੀਜ਼ਨ ਵੀ ਲੈ ਕੇ ਆਏ।
ਬੌਬੀ ਦਿਓਲ ਨੂੰ ਡਿਜੀਟਲ ਐਂਟਰੀ ਤੋਂ ਬਾਅਦ ਹੁਣ ਦੱਖਣੀ ਭਾਰਤ ਦੀਆਂ ਫ਼ਿਲਮਾਂ ਤੋਂ ਵੀ ਆਫ਼ਰ ਆ ਰਹੇ ਹਨ। ਆਪਣੇ ਭਰਾ ਦੀ ਸਫ਼ਲਤਾ ਨੂੰ ਵੇਖਦਿਆਂ ਹੁਣ ਸ਼ਾਇਦ ਸੰਨੀ ਦਿਓਲ ਨੇ ਵੀ ਡਿਜੀਟਲ ਦੁਨੀਆ ਵਿੱਚ ਐਂਟਰੀ ਕਰਨ ਦਾ ਮਨ ਬਣਾ ਲਿਆ ਹੈ।
ਸੰਨੀ ਦਿਓਲ 2019 ’ਚ ਫ਼ਿਲਮ ‘ਬਲੈਕ’ ਵਿੱਚ ਵਿਖਾਈ ਦਿੱਤੇ ਸਨ। ਉਸ ਤੋਂ ਬਾਅਦ ਉਹ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਰਾਹੀਂ ਡਾਇਰੈਕਸ਼ਨ ਦੇ ਖੇਤਰ ਵਿੱਚ ਵੀ ਆ ਚੁੱਕੇ ਹਨ। ਇਸ ਫ਼ਿਲਮ ਰਾਹੀਂ ਉਨ੍ਹਾਂ ਆਪਣੇ ਪੁੱਤਰ ਕਰਣ ਦਿਓਲ ਨੂੰ ਵੀ ਲਾਂਚ ਕੀਤਾ ਸੀ। ਭਾਵੇਂ ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਕੋਈ ਬਹੁਤਾ ਕਮਾਲ ਨਹੀਂ ਵਿਖਾ ਸਕੀ ਸੀ।
ਸੰਨੀ ਦਿਓਲ ਹੁਣ ਫ਼ਿਲਮ ‘ਅਪਨੇ 2’ ਦੀਆਂ ਤਿਆਰੀਆਂ ’ਚ ਵੀ ਰੁੱਝੇ ਹੋਏ ਹਨ; ਜਿਸ ਵਿੱਚ ਦਿਓਲ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਇੱਕੋ ਪਰਦੇ ’ਤੇ ਵਿਖਾਈ ਦੇਣਗੀਆਂ। ਅਨਿਲ ਸ਼ਰਮਾ ਦੁਆਰਾ ਨਿਰਦੇਸ਼ਿਤ ਤੇ ਦੀਪਕ ਮੁਕੁਟ ਦੀ ਪ੍ਰੋਡਕਸ਼ਨ ਅਧੀਨ ਇਸ ਫ਼ਿਲਮ ਦੀ ਸ਼ੂਟਿੰਗ ਮਾਰਚ 2021 ਤੋਂ ਸ਼ੁਰੂ ਹੋ ਸਕਦੀ ਹੈ। ਪਹਿਲੀ ਫ਼ਿਲਮ ‘ਅਪਨੇ’ ਸਾਲ 2007 ’ਚ ਰਿਲੀਜ਼ ਹੋਈ ਸੀ; ਜੋ ਬਾਕਸ ਆਫ਼ਿਸ ਉੱਤੇ ਹਿੱਟ ਰਹੀ ਸੀ।