ਮੁੰਬਈ: ਐਕਟਰ ਸੰਨੀ ਦਿਓਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਫ਼ਿਲਮ ਜਗਤ ‘ਚ ਅਜੇ ਵੀ ਇਸ ਲਈ ਥਾਂ ਬਣਾਏ ਹੋਏ ਹੈ ਕਿਉਂਕਿ ਉਹ ਪੈਸਿਆਂ ਪਿੱਛੇ ਨਹੀਂ ਭੱਜਦੇ ਜਾਂ ‘ਚੀਜ਼’ ਨਹੀਂ ਬਣ ਗਏ। ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਨਾਲ ਬਾਲੀਵੁੱਡ ‘ਚ ਕਦਮ ਰੱਖਣ ਜਾ ਰਿਹਾ ਹੈ ਜਿਸ ਦਾ ਡਾਈਰੈਕਸ਼ਨ ਖੁਦ ਸੰਨੀ ਦਿਓਲ ਨੇ ਕੀਤਾ ਹੈ।

ਸਟਾਰ ਦਾ ਬੇਟਾ ਹੋਣ ਤੋਂ ਬਾਅਦ ਵੀ ਸ਼ਾਇਦ ਹੀ ਕਰਨ ਨੂੰ ਕਦੇ ਹੋਟਲ, ਏਅਰਪੋਰਟ, ਜਿੰਮ ਬਾਹਰ ਜਾਂ ਕਿਸੇ ਪਾਰਟੀ ‘ਚ ਫੋਟੋਆਂ ਕਲਿੱਕ ਕਰਵਾਉਂਦੇ ਵੇਖਿਆ ਗਿਆ ਹੋਵੇ। ਇਸ ‘ਤੇ ਦਿਓਲ ਨੇ ਕਿਹਾ ਕਿ ਇਹ ਦਿਓਲ ਵਿਰਾਸਤ ਦਾ ਨਤੀਜਾ ਹੈ ਜੋ ਕੈਮਰੇ ਪਿੱਛੇ ਐਕਟਿੰਗ ਨਾ ਕਰਨ ‘ਚ ਯਕੀਨ ਰੱਖਦਾ ਹੈ।


ਉਨ੍ਹਾਂ ਕਿਹਾ, “ਲੋਕ ਕਰਨ ਨੂੰ ਇਹ ਕਰਨ ਜਾਂ ਉਹ ਕਰਨ, ਜਾਂ ਸਮਾਗਮਾਂ ‘ਚ ਆਉਣ ਨੂੰ ਕਹਿੰਦੇ ਹਨ ਜੋ ਅੱਜ ਦੇ ਦੌਰ ਦੀ ਸਮੱਸਿਆ ਹੈ। ਤੁਸੀ ਇੱਕ ਚੀਜ਼ ਬਣ ਗਏ ਹੋ। ਜਦੋਂ ਇੱਕ ਐਕਟਰ ਇੱਕ ਅਦਾਕਾਰ ਬਣਨਾ ਚਾਹੁੰਦਾ ਹੈ ਨਾ ਕੀ ਕੋਈ ਚੀਜ਼ ਤਾਂ ਇਹ ਮੁਸ਼ਕਲ ਕੰਮ ਹੈ।”

ਦਿਓਲ ਨੇ ਕਿਹਾ ਕਿ ਉਨ੍ਹਾਂ ਨੂੰ ਅਕਸਰ ਹੈਰਾਨੀ ਹੁੰਦੀ ਹੈ ਕਿ ਲੋਕ ਕਿਵੇਂ 24 ਘੰਟੇ ਐਕਟਿੰਗ ਕਰ ਲੈਂਦੇ ਹਨ ਜੋ ਉਨ੍ਹਾਂ ਲਈ ਮੁਮਕਿਨ ਨਹੀਂ। ਉਨ੍ਹਾਂ ਅੱਗੇ ਕਿਹਾ ਕਿ 99 ਫੀਸਦ ਲੋਕ ਅਜਿਹਾ ਕਰਦੇ ਹਨ ਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਉਹ ਇੰਨੀ ਊਰਜ਼ਾ ਲਿਆਉਂਦੇ ਕਿੱਥੋਂ ਹਨ। ਮੈਂ ਤਾਂ ਸ਼ੂਟਿੰਗ ਖ਼ਤਮ ਹੋ ਜਾਣ ਤੋਂ ਕੁਝ ਦੇਰ ਬਾਅਦ ਵੀ ਐਕਟਿੰਗ ਨਹੀਂ ਕਰ ਪਾੳਂਦਾ।”


ਇਸ ਦੇ ਨਾਲ ਹੀ 62 ਸਾਲਾ ਸੰਨੀ ਦਿਓਲ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਲਮ ਦੇ ਹਿੱਟ ਹੋਣ ਜਾਂ ਜ਼ਿਆਦਾ ਪੈਸੇ ਕਮਾਉਣ ‘ਤੇ ਖੁਸ਼ੀ ਨਹੀਂ ਹੁੰਦੀ, ਸਗੋਂ ਕੰਮ ਦੀ ਤਾਰੀਫ ਮਾਇਨੇ ਰੱਖਦੀ ਹੈ। ਇਹ ਦਿਓਲ ਤੇ ਹੋਰਨਾਂ ਲੋਕਾਂ ‘ਚ ਫਰਕ ਹੈ। ਸੰਨੀ ਦੀ ਡਾਇਰੈਕਟ ਕੀਤੀ ਤੇ ਕਰਨ ਦਿਓਲ ਦੀ ਡੈਬਿਊ ਫ਼ਿਲਮ ‘ਪਲ-ਪਲ ਦਿਲ ਕੇ ਪਾਸ’ 20 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।