ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬੀ ਸੂਫੀ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਤੋਂ ਬਾਅਦ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਰਤਾਰਪੁਰ ਲਿਆਂਦਾ ਗਿਆ ਹੈ।30 ਮਾਰਚ ਨੂੰ ਦਿਲਜਾਨ ਦੀ ਅੰਮ੍ਰਿਤਸਰ ਤੋਂ ਕਰਤਾਰਪੁਰ ਆਉਂਦੇ ਹੋਏ ਜੰਡਿਆਲਾ ਗੁਰੂ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।ਦਿਲਜਾਨ ਦਾ ਪਰਿਵਾਰ ਵਿਦੇਸ਼ ਵਿੱਚ ਹੋਣ ਕਾਰਨ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ।
ਪੰਜਾਬੀ ਗਾਇਕ ਦੀ ਕਾਰ ਕਾਫੀ ਤੇਜ਼ ਰਫਤਾਰ ਵਿੱਚ ਸੀ ਜਿਸ ਕਾਰਨ ਉਹ ਬੇਕਾਬੂ ਹੋ ਕੇ ਡਿਵਾਇਡਰ ਨਾਲ ਟੱਕਰਾ ਗਈ ਤੇ ਪਲਟ ਗਈ।ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ ਦੀ ਖ਼ਬਰ ਨਾਲ ਪੂਰੀ ਮਿਊਜ਼ਿਕ ਇੰਡਸਟਰੀ ਸੋਗ ਵਿੱਚ ਹੈ।
ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਹੈ ਅਤੇ ਇਸ ਦੌਰਾਨ ਕਰੀਬੀ ਰਿਸ਼ਤੇਦਾਰ ਤੇ ਫੈਨਸ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ। ਅੱਜ ਦੁਪਹਿਰ 1 ਵਜੇ ਦਿਲਜਾਨ ਦਾ ਸਸਕਾਰ ਕਰਤਾਰਪੁਰ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਏਗਾ।
ਦੱਸ ਦੇਈਏ ਕਿ ਦਿਲਜਾਨ ਦੀ ਪਤਨੀ, ਧੀ ਤੇ ਭਰਾ ਕੈਨੇਡਾ ਵਿੱਚ ਸੀ, ਜੋ ਬੀਤੇ ਦਿਨ ਹੀ ਕਰਤਾਰਪੁਰ ਪੁੱਜੇ ਹਨ।31 ਸਾਲਾ ਦਿਲਜਾਨ ਦੀ ਵੱਡੀ ਪਛਾਣ ਪੰਜਾਬ ਤੇ ਨੈਸ਼ਨਲ ਲੈਵਲ ਦੇ ਰਿਐਲਿਟੀ ਸ਼ੋਅਜ਼ ਤੋਂ ਹੀ ਬਣੀ ਸੀ।
ਉਨ੍ਹਾਂ ਦਾ ਜਨਮ ਜਲੰਧਰ ਦੇ ਕਰਤਾਰਪੁਰ ਵਿੱਚ ਇੱਕ ਮੱਧ ਵਰਗੀ ਪਰਿਵਾਰ ‘ਚ ਹੋਇਆ ਸੀ। ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੇ ਦਿਲਜਾਨ ਨੂੰ ਸੰਗੀਤ ਸਿਖਾਇਆ ਸੀ। ਦਿਲਜਾਨ ਰਿਅਲਟੀ ਸ਼ੋਅ “ਆਵਾਜ਼ ਪੰਜਾਬ ਦੀ” ਵਿੱਚ ਵੀ ਹਿੱਸਾ ਲੈ ਚੁੱਕਾ ਸੀ।
ਉਹ ਪਟਿਆਲੇ ਘਰਾਣੇ ਨਾਲ ਸਬੰਧ ਰੱਖਦਾ ਸੀ।ਦਿਲਜਾਨ ਪਾਕਿਸਤਾਨੀ ਤੇ ਭਾਰਤੀ ਰਿਅਲਟੀ ਸ਼ੋਅ 'ਸੁਰ ਕਸ਼ੇਤਰਾ' ਵਿੱਚ ਵੀ ਪ੍ਰਤੀਯੋਗੀ ਬਣਿਆ ਸੀ। ਉਹ ਸਮੁੱਚੇ ਤੌਰ ‘ਤੇ ਸਭ ਤੋਂ ਤੇਜ਼ ਰਨਰ-ਅਪ ਰਿਹਾ ਅਤੇ ਭਾਰਤ ਵੱਲੋਂ ਜੇਤੂ ਰਿਹਾ ਸੀ। ਪੰਜਾਬੀ ਗੀਤ ਗਾ ਕੇ ਉਸ ਨੇ ਸ਼ੋਅ ਦੇ ਜੱਜਾਂ ਅੱਗੇ ਇੱਕ ਖਾਸ ਥਾਂ ਬਣਾ ਲਈ ਸੀ।
2 ਅਪ੍ਰੈਲ ਨੂੰ ਦਿਲਜਾਨ ਦਾ ਨਵਾਂ ਗੀਤ ਰਿਲੀਜ਼ ਹੋਣਾ ਸੀ। ਇਸ ਸਬੰਧੀ ਹੀ ਉਹ ਅੰਮ੍ਰਿਤਸਰ ਗਿਆ ਸੀ ਤੇ ਵਾਪਸੀ ਤੇ ਇਹ ਹਾਦਸਾ ਵਾਪਰ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :