Tunisha Sharma Death: ਤੁਨੀਸ਼ਾ ਸ਼ਰਮਾ ਨੇ ਸ਼ਨੀਵਾਰ ਨੂੰ ਆਪਣੇ ਟੀਵੀ ਸ਼ੋਅ ਦੇ ਸੈੱਟ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ (ਏਆਈਸੀਡਬਲਯੂਏ) ਨੇ ਮਹਾਰਾਸ਼ਟਰ ਸਰਕਾਰ ਤੋਂ ਅਦਾਕਾਰਾ ਦੀ ਮੌਤ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਗਠਿਤ ਕਰਨ ਦੀ ਮੰਗ ਕੀਤੀ ਹੈ। ਸ਼ਨੀਵਾਰ ਨੂੰ, ਅਦਾਕਾਰਾ ਨੇ ਆਪਣੇ ਸ਼ੋਅ ਅਲੀਬਾਬਾ - ਦਾਸਤਾਨ-ਏ-ਕਾਬੁਲ ਦੇ ਸੈੱਟ 'ਤੇ ਖੁਦਕੁਸ਼ੀ ਕਰ ਲਈ। ਤੁਨੀਸ਼ਾ ਦੇ ਬੁਆਏਫ੍ਰੈਂਡ ਅਤੇ ਸਹਿ-ਅਦਾਕਾਰ ਸ਼ੀਜ਼ਾਨ ਖਾਨ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਏਆਈਸੀਡਬਲਯੂਏ ਦੇ ਪ੍ਰਧਾਨ ਸੁਰੇਸ਼ ਸ਼ਿਆਮਲਾਲ ਗੁਪਤਾ ਨੇ ਐਤਵਾਰ ਨੂੰ ਨਿਊਜ਼ ਏਜੰਸੀ ਏਐਨਆਈ ਦੇ ਹਵਾਲੇ ਨਾਲ ਕਿਹਾ, "ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਨੀਸ਼ਾ ਸ਼ਰਮਾ ਦੇ ਖੁਦਕੁਸ਼ੀ ਮਾਮਲੇ ਵਿੱਚ ਇੱਕ ਐਸਆਈਟੀ ਦਾ ਗਠਨ ਕੀਤਾ ਜਾਵੇ ਅਤੇ ਜਾਂਚ ਸਹੀ ਢੰਗ ਨਾਲ ਕੀਤੀ ਜਾਵੇ। ਅੱਜ ਮੈਂ ਉਸ ਸੈੱਟ 'ਤੇ ਗਿਆ ਜਿੱਥੇ ਤੁਨੀਸ਼ਾ ਸ਼ਰਮਾ ਨੇ ਖੁਦਕੁਸ਼ੀ ਕਰ ਲਈ ਸੀ। ਮੈਂ ਦੇਖਿਆ ਕਿ ਲੋਕ ਡਰੇ ਹੋਏ ਸਨ।"









ਪੋਸਟ ਮਾਰਟਮ ਰਿਪੋਰਟ ਮੁਤਾਬਕ ਤੁਨੀਸ਼ਾ ਗਰਭਵਤੀ ਨਹੀਂ ਸੀ
ਅਦਾਕਾਰਾ ਦੀ ਮੌਤ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਉਹ ਗਰਭਵਤੀ ਹੈ। ਦੂਜੇ ਪਾਸੇ ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਪੋਸਟਮਾਰਟਮ ਦੀ ਰਿਪੋਰਟ 'ਚ ਤੁਨੀਸ਼ਾ ਸ਼ਰਮਾ ਦੇ ਗਰਭਵਤੀ ਹੋਣ ਤੋਂ ਇਨਕਾਰ ਕੀਤਾ ਗਿਆ ਹੈ। ਤੁਨੀਸ਼ਾ ਸ਼ਰਮਾ ਦੇ ਸਰੀਰ 'ਤੇ ਕਿਸੇ ਵੀ ਤਰ੍ਹਾਂ ਦੀ ਸੱਟ ਜਾਂ ਝਰੀਟ ਦੇ ਨਿਸ਼ਾਨ ਨਹੀਂ ਮਿਲੇ ਹਨ ਅਤੇ ਅਭਿਨੇਤਰੀ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ।


ਤੁਨੀਸ਼ਾ ਸ਼ਰਮਾ ਦਾ ਅੰਤਿਮ ਸੰਸਕਾਰ 27 ਦਸੰਬਰ ਨੂੰ ਹੋਵੇਗਾ
ਤੁਨੀਸ਼ਾ ਸ਼ਰਮਾ ਦੀ ਪੋਸਟ ਮਾਰਟਮ ਰਿਪੋਰਟ ਆ ਗਈ ਹੈ ਅਤੇ ਇਸ ਵਿੱਚ ਉਸਦੀ ਮੌਤ ਦਾ ਕਾਰਨ ਦਮ ਘੁਟਣਾ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਅਦਾਕਾਰਾ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਤੁਨੀਸ਼ਾ ਸ਼ਰਮਾ ਦਾ ਅੰਤਿਮ ਸੰਸਕਾਰ 27 ਦਸੰਬਰ ਨੂੰ ਕੀਤਾ ਜਾਵੇਗਾ।