ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਨੇ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਜ਼ ਮਾਮਲੇ 'ਚ ਇੱਕ ਵਾਰ ਫਿਰ ਗ੍ਰਿਫ਼ਤਾਰੀ ਕੀਤੀ ਹੈ। ਦਰਅਸਲ, ਇੱਕ ਟੀਵੀ ਅਭਿਨੇਤਰੀ ਐਨਸੀਬੀ ਦੇ ਛਾਪੇ ਦੌਰਾਨ ਰੰਗੇ ਹੱਥੀਂ ਫੜੀ ਗਈ। ਇਸ ਦੇ ਨਾਲ ਹੀ ਦੋ ਹੋਰ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।


ਐਨਸੀਬੀ ਨਾਲ ਜੁੜੇ ਸੂਤਰਾਂ ਅਨੁਸਾਰ ਗ੍ਰਿਫਤਾਰ ਕੀਤੀ ਗਈ ਟੈਲੀਵੀਜ਼ਨ ਅਭਿਨੇਤਰੀ ਤੇ ਨਸ਼ਾ ਤਸਕਰਾਂ ਦੇ ਘਰਾਂ ਤੇ ਟਿਕਾਣਿਆਂ ਤੋਂ ਕੋਕੀਨ, ਐਲਐਸਡੀ, ਐਮਡੀਐਮਏ ਤੇ ਹਸ਼ੀਸ਼ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਵੀ ਐਨਸੀਬੀ ਕਈ ਨਸ਼ਾ ਤਸਕਰਾਂ 'ਤੇ ਕਾਰਵਾਈ ਕਰ ਚੁੱਕੀ ਹੈ।


ਦੱਸ ਦੇਈਏ ਕਿ ਸੁਸ਼ਾਂਤ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਹੌਲੀ ਜਾਂਚ ਦੇ ਮੱਦੇਨਜ਼ਰ, ਜਦੋਂ ਇਹ ਕੇਸ ਸੀਬੀਆਈ ਨੂੰ ਸੌਂਪਿਆ ਗਿਆ ਸੀ, ਤਾਂ ਇਸ ਕੇਸ ਵਿੱਚ ਡਰੱਗਜ਼ ਮਾਮਲਾ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਐਨਸੀਬੀ ਦੀ ਟੀਮ ਅਜੇ ਵੀ ਜਾਂਚ ਕਰ ਰਹੀ ਹੈ। ਰਿਆ ਚੱਕਰਵਰਤੀ, ਜੋ ਕਿ ਇਸੇ ਡਰੱਗਜ਼ ਮਾਮਲੇ ਵਿੱਚ ਮਰਹੂਮ ਅਭਿਨੇਤਾ ਸੁਸ਼ਾਂਤ ਦੀ ਪ੍ਰੇਮਿਕਾ ਸੀ, ਨੂੰ ਵੀ ਤਕਰੀਬਨ ਇੱਕ ਮਹੀਨਾ ਜੇਲ੍ਹ ਵਿੱਚ ਗੁਜ਼ਾਰਨਾ ਪਿਆ ਸੀ।

ਦੂਜੇ ਪਾਸੇ ਸੁਸ਼ਾਂਤ ਮਾਮਲੇ ਦੀ ਜਾਂਚ ਕਰ ਰਹੀ ਜਾਂਚ ਏਜੰਸੀ ਸੀਬੀਆਈ ਨੇ ਸ਼ੁੱਕਰਵਾਰ ਨੂੰ ਬੰਬੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਉਸ ਨੇ ਇਸ ਮਾਮਲੇ ਨਾਲ ਜੁੜੀ ਕੋਈ ਜਾਣਕਾਰੀ ਮੀਡੀਆ ਨੂੰ ਲੀਕ ਨਹੀਂ ਕੀਤੀ ਹੈ। ਇਸ ਕੇਸ ਵਿੱਚ ਮੀਡੀਆ ਟਰਾਇਲ ਸੰਬੰਧੀ ਜਨਹਿੱਤ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਟਿੱਪਣੀ ਕੀਤੀ ਕਿ ਮੀਡੀਆ ਧਰੁਵੀਕਰਨ ਹੋ ਗਿਆ ਹੈ ਤੇ ਇਹ ਇਸ ਨੂੰ ਨਿਯੰਤਰਣ ਕਰਨ ਦਾ ਨਹੀਂ, ਬਲਕਿ ਉਸ ਦੇ ਕੰਮ ਨੂੰ ਸੰਤੁਲਿਤ ਕਰਨ ਦਾ ਸਵਾਲ ਹੈ।