ਨਵੀਂ ਦਿੱਲੀ: ਦੇਸ਼ ਵਿੱਚ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਪੂਰੀ ਦੁਨੀਆ ਤੋਂ ਪ੍ਰਤੀਕਰਮ ਆ ਰਹੇ ਹਨ। ਕਿਸਾਨ ਅੰਦੋਲਨ ਨੂੰ ਹੁਣ 70 ਦਿਨ ਮੁਕੰਮਲ ਹੋ ਚੁੱਕੇ ਹਨ ਤੇ ਅੱਜ 71ਵਾਂ ਦਿਨ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਾਲੇ ਵੀ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਤਿੰਨੇ ਖੇਤੀ ਕਾਨੂੰਨ ਵਾਪਸ ਲਵੇ।
ਕਿਸਾਨ ਅੰਦੋਲਨ ਨੂੰ ਲੈ ਕੇ ਬਾਲੀਵੁੱਡ ਦੇ ਅਦਾਕਾਰ ਵੀ ਸਰਗਰਮ ਹੋ ਚੁੱਕੇ ਹਨ। ਅਕਸ਼ੇ ਕੁਮਾਰ, ਅਜੇ ਦੇਵਗਨ ਤੇ ਸਵੱਰਾ ਭਾਸਕਰ ਜਿਹੇ ਸਟਾਰਜ਼ ਤੋਂ ਬਾਅਦ ਉਰਮਿਲਾ ਮਾਤੋਂਡਕਰ ਨੇ ਵੀ ਇਸ ਮੁੱਦੇ ਉੱਤੇ ਪ੍ਰਤੀਕਰਮ ਪ੍ਰਗਟਾਇਆ ਹੈ। ਉਨ੍ਹਾਂ ਇੱਕ ਵਿਅਕਤੀ ਦਾ ਵੀਡੀਓ ਟਵੀਟ ਕੀਤਾ ਹੈ।
ਉਰਮਿਲਾ ਮਾਤੋਂਡਕਰ ਵੱਲੋਂ ਸ਼ੇਅਰ ਕੀਤੇ ਵੀਡੀਓ ’ਚ ਵਿਅਕਤੀ ਆਖ ਰਿਹਾ ਹੈ: ‘ਆਪਣਿਆਂ ਲਈ ਲੜੀਏ, ਤਾਂ ਜੋਧੇ, ਅੰਗਰੇਜ਼ਾਂ ਨਾਲ ਲੜੀਏ ਤਾਂ ਦੇਸ਼ ਭਗਤ, ਕੋਰੋਨਾ ’ਚ ਲੰਗਰ ਵੰਡਿਆ, ਸਭ ਸਹੂਲਤਾਂ ਦਿੱਤੀਆਂ ਤਾਂ ਦੇਸ਼ ਪ੍ਰੇਮੀ ਪਰ ਹੁਣ ਆਪਣਾ ਹੱਕ ਮੰਗਣ ਲਈ ਆਏ ਤਾਂ ‘ਖ਼ਾਲਿਸਤਾਨੀ ਤੇ ਅੱਤਵਾਦੀ’-ਇਹ ਕਿੱਥੋਂ ਦਾ ਕਾਨੂੰਨ ਹੈ।’ ਉਰਮਿਲਾ ਮਾਤੋਂਡਕਰ ਦੇ ਇਸ ਟਵੀਟ ਉੱਤੇ ਖ਼ੂਬ ਪ੍ਰਤੀਕਰਮ ਆ ਰਹੇ ਹਨ।
ਉਰਮਿਲਾ ਮਾਤੋਂਡਕਰ ਤਾਜ਼ਾ ਸਮਾਜਕ ਮੁੱਦਿਆਂ ਉੱਤੇ ਅਕਸਰ ਖੁੱਲ੍ਹ ਕੇ ਆਪਣੇ ਵਿਚਾਰ ਰੱਖਦੇ ਹਨ। ਉਨ੍ਹਾਂ ਦੇ ਟਵੀਟ ਖ਼ੂਬ ਪੜ੍ਹੇ ਜਾਂਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ