Ranjit Bawa Kanwar Grewal: ਇਨਕਮ ਟੈਕਸ ਵਿਭਾਗ (ਆਈਟੀ) ਦੀਆਂ ਟੀਮਾਂ ਵੱਲੋਂ ਸੋਮਵਾਰ ਨੂੰ ਪੰਜਾਬੀ ਗਾਇਕਾਂ ਕੰਵਰ ਗਰੇਵਾਲ ਤੇ ਰਣਜੀਤ ਬਾਵਾ ਦੇ ਘਰਾਂ ’ਤੇ ਛਾਪੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਦੋਵਾਂ ਗਾਇਕਾਂ ਨੇ ਕਿਸਾਨ ਅੰਦੋਲਨ ਦੌਰਾਨ ਹਾਕਮਾਂ ਖਿਲਾਫ ਡਟ ਕੇ ਸਟੈਂਡ ਲਿਆ ਸੀ। ਇਨ੍ਹਾਂ ਦੇ ਗੀਤਾਂ ਨੇ ਕਿਸਾਨ ਅੰਦੋਲਨ ਨੂੰ ਕਾਫੀ ਹੁਲਾਰਾ ਦਿੱਤਾ ਸੀ। ਹੁਣ ਸੋਸ਼ਲ ਮੀਡੀਆ ਉੱਪਰ ਚਰਚਾ ਹੈ ਕਿ ਗਾਇਕਾਂ ਵੱਲੋਂ ਸਰਕਾਰ ਖਿਲਾਫ ਆਵਾਜ਼ ਉਠਾਉਣ ਕਰਕੇ ਹੀ ਛਾਪੇ ਮਰਵਾਏ ਜਾ ਰਹੇ ਹਨ।
ਦੱਸ ਦਈਏ ਕਿ ਸੋਮਵਾਰ ਨੂੰ ਮੁਹਾਲੀ ਵਿੱਚ ਰਹਿੰਦੇ ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਰਣਜੀਤ ਬਾਵਾ ਦੇ ਘਰਾਂ ’ਤੇ ਛਾਪੇ ਮਾਰੇ ਗਏ ਸੀ। ਕੇਂਦਰੀ ਟੀਮ ਨੇ ਕੰਵਰ ਗਰੇਵਾਲ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਵਾਈ ਵਿਚਲੇ ਘਰ ’ਤੇ ਵੀ ਛਾਪਾ ਮਾਰਿਆ ਸੀ। ਇਨਕਮ ਟੈਕਸ ਵਿਭਾਗ ਦੀ ਟੀਮ ਨੇ ਕੰਵਰ ਗਰੇਵਾਲ ਦੇ ਮੁਹਾਲੀ ਦੇ ਸੈਕਟਰ-104 ਵਿਚਲੇ ਤਾਜ ਟਾਵਰ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਮੁਹਾਲੀ ਪੁਲਿਸ ਸਮੇਤ ਸੀਆਰਪੀਐਫ਼ ਦੇ ਜਵਾਨ ਵੀ ਤਾਇਨਾਤ ਰਹੇ ਸੀ। ਅਧਿਕਾਰੀਆਂ ਨੇ ਕੰਵਰ ਗਰੇਵਾਲ ਤੋਂ ਪੁੱਛ-ਪੜਤਾਲ ਕੀਤੀ।
ਦੂਜੇ ਪਾਸੇ ਆਮਦਨ ਕਰ ਵਿਭਾਗ ਦੀ ਟੀਮ ਨੇ ਕੰਵਰ ਗਰੇਵਾਲ ਦੇ ਪਿੰਡ ਮਹਿਮਾ ਸਵਾਈ (ਬਠਿੰਡਾ) ਵਿਚਲੇ ਘਰ ’ਚ ਛਾਪਾ ਮਾਰਿਆ ਸੀ। ਸਵੇਰੇ 8.30 ਵਜੇ ਪਿੰਡ ਮਹਿਮਾ ਸਵਾਈ ਪਹੁੰਚੀ ਕੇਂਦਰੀ ਟੀਮ ਨਾਲ ਵੱਡੀ ਗਿਣਤੀ ’ਚ ਸੁਰੱਖਿਆ ਮੁਲਾਜ਼ਮ ਵੀ ਸਨ।
ਇਸੇ ਤਰ੍ਹਾਂ ਕੇਂਦਰੀ ਟੀਮ ਨੇ ਇੱਥੋਂ ਦੇ ਸੈਕਟਰ-69 ਵਿੱਚ ਰਹਿੰਦੇ ਰਣਜੀਤ ਬਾਵਾ ਦੇ ਘਰ ਦੀ ਛਾਣਬੀਣ ਕੀਤੀ ਗਈ। ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ ਨੇ ਰਣਜੀਤ ਬਾਵਾ ਦੇ ਬਟਾਲਾ ਦੇ ਪਿੰਡ ਵਡਾਰਾ ਗ੍ਰੰਥੀਆਂ ਵਿਚਲੇ ਜੱਦੀ ਘਰ, ਗ੍ਰੇਟਰ ਕੈਲਾਸ਼ ਸਥਿਤ ਕੋਠੀ ਤੇ ਉਸ ਦੇ ਮੈਨੇਜਰ ਡਿਪਟੀ ਵੋਹਰਾ ਦੇ ਘਰ ਛਾਪੇ ਮਾਰੇ। ਪੁਲਿਸ ਦੀ ਸਖਤ ਸੁਰੱਖਿਆ ’ਚ ਕੀਤੀ ਕਾਰਵਾਈ ਦੌਰਾਨ ਕੇਂਦਰੀ ਟੀਮਾਂ ਨੇ ਗਾਇਕ ਦੇ ਦੋਵਾਂ ਘਰਾਂ ’ਚ ਕਰੀਬ 6-7 ਘੰਟੇ ਫਰੋਲਾ-ਫਰਾਲੀ ਕੀਤੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।