ਅਮੈਲੀਆ ਪੰਜਾਬੀ ਦੀ ਰਿਪੋਰਟ
SGPC Raises Objection On Yaariyan 2 Song: ਬਾਲੀਵੁੱਡ ਫਿਲਮ 'ਯਾਰੀਆਂ 2' ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇੱਕ ਹੈ। ਫਿਲਮ 20 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ, ਪਰ ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ।
ਦਰਅਸਲ, ਬਾਲੀਵੁੱਡ 'ਤੇ ਫਿਰ ਤੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਲੱਗ ਰਹੇ ਹਨ। ਯਾਰੀਆਂ 2 ਦਾ ਗਾਣਾ 'ਸਹੁਰੇ ਘਰ' ਹਾਲ ਹੀ 'ਚ ਰਿਲੀਜ਼ ਹੋਇਆ ਸੀ। ਜਿਸ ਵਿੱਚ ਅਦਾਕਾਰ ਮੀਜ਼ਾਨ ਜਾਫਰੀ ਨੰਗੇ ਸਿਰ ਨਾਲ ਕਿਰਪਾਨ ਪਹਿਨੇ ਨਜ਼ਰ ਆ ਰਿਹਾ ਹੈ। ਐਸਜੀਪੀਸੀ ਨੇ ਇਸ 'ਤੇ ਸਖਤ ਇਤਰਾਜ਼ ਜਤਾਇਆ ਹੈ। ਐਸਜੀਪੀਸੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਗਾਣੇ ਦੇ ਕੁੱਝ ਸਕ੍ਰੀਨਸ਼ੌਟਸ ਸੇਅਰ ਕੀਤੇ ਹਨ, ਜਿਨ੍ਹਾਂ ਵਿੱਚ ਅਦਾਕਾਰ ਨੂੰ ਕਿਰਪਾਨ ਪਹਿਨੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਬੀ ਚੌੜੀ ਪੋਸਟ ਵੀ ਲਿਖੀ ਹੈ। ਜਿਸ ਵਿੱਚ ਇਸ ਗੀਤ ਦੇ ਸੀਨਜ਼ 'ਤੇ ਸਖਤ ਇਤਰਾਜ਼ ਜਤਾਇਆ ਗਿਆ ਹੈ।
ਐਸਜੀਪੀਸੀ ਨੇ ਆਪਣੀ ਪੋਸਟ 'ਚ ਲਿਖਿਆ, 'ਰਾਧਿਕਾ ਰਾਓ ਅਤੇ ਵਿਨੈ ਸਪਰੂ @SapruAndRao ਦੁਆਰਾ ਨਿਰਦੇਸ਼ਿਤ ਫਿਲਮ 'ਯਾਰੀਆਂ 2' ਦੇ 'ਸੌਰੇ ਘਰ' ਗੀਤ ਵਿੱਚ ਪ੍ਰਕਾਸ਼ਿਤ ਕੀਤੇ ਗਏ ਇਹਨਾਂ ਵੀਡੀਓ 'ਤੇ ਅਸੀਂ ਸਖ਼ਤ ਇਤਰਾਜ਼ ਜਤਾਉਂਦੇ ਹਾਂ, ਕਿਉਂਕਿ ਅਦਾਕਾਰ ਇਤਰਾਜ਼ਯੋਗ ਢੰਗ ਨਾਲ ਸਿੱਖ ਕਕਾਰ ਕਿਰਪਾਨ ਪਹਿਨੇ ਹੋਏ ਨਜ਼ਰ ਆ ਰਹੇ ਹਨ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਨਾਲ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਅਤੇ ਭਾਰਤ ਦੇ ਸੰਵਿਧਾਨ ਅਨੁਸਾਰ ਅਧਿਕਾਰਾਂ ਤਹਿਤ ਕਿਰਪਾਨ ਪਹਿਨਣ ਦਾ ਅਧਿਕਾਰ ਕੇਵਲ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਹੀ ਹੈ। ਇਹ ਵੀਡੀਓ ਗੀਤ @TSeries ਦੇ ਅਧਿਕਾਰਤ @YouTube ਚੈਨਲ 'ਤੇ ਜਨਤਕ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨਾ ਚਾਹੀਦਾ ਹੈ।
ਜੇਕਰ ਉਕਤ ਇਤਰਾਜ਼ਯੋਗ ਦ੍ਰਿਸ਼ਾਂ ਵਾਲੇ ਇਸ ਵੀਡੀਓ ਗੀਤ ਨੂੰ ਪ੍ਰਕਾਸ਼ਿਤ ਕਰਨ ਲਈ ਕਿਸੇ ਹੋਰ ਪਲੇਟਫਾਰਮ ਦੀ ਵਰਤੋਂ ਗਈ ਹੈ ਤਾਂ ਉਸ ਨੂੰ ਵੀ ਹਟਾਉਣਾ ਚਾਹੀਦਾ ਹੈ। ਅਸੀਂ ਤੁਰੰਤ ਇਸ ਇਤਰਾਜ਼ ਨੂੰ ਸਾਰੇ ਚੈਨਲਾਂ ਰਾਹੀਂ ਸਰਕਾਰ ਅਤੇ ਡਿਜੀਟਲ ਪਲੇਟਫਾਰਮਾਂ ਕੋਲ ਉਠਾ ਰਹੇ ਹਾਂ। ਅਸੀਂ @MIB_India ਅਤੇ @GoI_MeitY ਨੂੰ ਇਹ ਯਕੀਨੀ ਬਣਾਉਣ ਲਈ ਬੇਨਤੀ ਕਰਦੇ ਹਾਂ ਕਿ ਇਹ ਇਤਰਾਜ਼ਯੋਗ ਵੀਡੀਓ ਜਾਂ ਉਕਤ ਫਿਲਮ ਦੇ ਅਜਿਹੇ ਕਿਸੇ ਵੀ ਅਸਵੀਕਾਰਨਯੋਗ ਦ੍ਰਿਸ਼ ਨੂੰ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ @CBFC_MIB @CBFC_India @prasoonjoshi_ ਦੁਆਰਾ ਰਿਲੀਜ਼ ਲਈ ਮਨਜ਼ੂਰੀ ਨਾ ਦਿੱਤੀ ਜਾਵੇ। ਜੇਕਰ ਵੀਡੀਓਜ਼ ਨੂੰ ਜਨਤਕ ਪਲੇਟਫਾਰਮਾਂ ਤੋਂ ਨਾ ਹਟਾਇਆ ਗਿਆ ਤਾਂ ਅਸੀਂ ਘੱਟ ਗਿਣਤੀ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰਾਂਗੇ।'
ਕਾਬਿਲੇਗ਼ੌਰ ਹੈ ਕਿ 'ਯਾਰੀਆਂ 2' 20 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ, ਪਰ ਫਿਲਮ ਪਹਿਲਾਂ ਹੀ ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ। ਫਿਲਮ 'ਚ ਨੰਗੇ ਸਿਰ ਨੋਜਵਾਨ ਨੂੰ ਕਿਰਪਾਨ ਪਹਿਨੇ ਦਿਖਾਇਆ ੋਿਗਆ ਹੈ। ਕਿਰਪਾਨ ਕੱਪੜਿਆਂ ਦੇ ਹੇਠਾਂ ਪਹਿਨੀ ਜਾਂਦੀ ਹੈ। ਇਹ ਸਿੱਖ ਨੂੰ ਉਦਾਰਤਾ, ਹਮਦਰਦੀ ਅਤੇ ਮਨੁੱਖਤਾ ਦੀ ਸੇਵਾ ਦੇ ਉਸਦੇ ਮੂਲ ਮੁੱਲਾਂ ਦੀ ਯਾਦ ਦਿਵਾਉਂਦਾ ਹੈ। ਇਹ ਇੱਕ ਪ੍ਰਤੀਕ ਵੀ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਸਿੱਖ ਆਦਰਸ਼ਾਂ ਦੀ ਮਰਯਾਦਾ ਦੁਆਰਾ ਵਿਅਕਤੀ ਨੂੰ ਹਮੇਸ਼ਾ ਕਮਜ਼ੋਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਗੀਤ 'ਸੌਰੇ ਘਰ' 'ਚ ਅਸੀਂ ਦੇਖ ਸਕਦੇ ਹਾਂ ਕਿ ਉਸ ਨੇ ਇਸ ਨੂੰ ਕੁੜਤੇ ਦੇ ਉੱਪਰ ਪਹਿਨਿਆ ਹੋਇਆ ਹੈ।