ਅਮੈਲੀਆ ਪੰਜਾਬੀ ਦੀ ਰਿਪੋਰਟ
Year Ender 2023: ਸਾਲ 2023 ਖਤਮ ਹੋਣ ਨੂੰ ਮਹਿਜ਼ 2 ਦਿਨ ਬਾਕੀ ਹਨ। ਇਹ ਸਾਲ ਪੰਜਾਬੀ ਇੰਡਸਟਰੀ ਲਈ ਮਿਲਿਆ ਜੁਲਿਆ ਰਿਹਾ। ਕਈ ਕਲਾਕਾਰਾਂ ਨੇ ਪੂਰੀ ਦੁਨੀਆ ਚ ਨਾਮ ਤੇ ਸ਼ੋਹਰਤ ਖੱਟੀ, ਜਦਕਿ ਕਈ ਕਲਾਕਾਰ ਪੂਰਾ ਸਾਲ ਵਿਵਾਦਾਂ ਚ ਘਿਰੇ ਰਹੇ। ਇਹਨਾਂ ਵਿੱਚ ਦਿਲਜੀਤ ਦੋਸਾਂਝ ਤੋਂ ਲੈ ਕੇ ਇੰਦਰਜੀਤ ਨਿੱਕੂ ਤੱਕ ਦੇ ਨਾਮ ਸ਼ਾਮਲ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੇ ਵਿਵਾਦ ਸੀ, ਜਿਹਨਾਂ ਨੇ ਨਾ ਸਿਰਫ ਇਹਨਾਂ ਕਲਾਕਾਰਾਂ ਦੀ ਜ਼ਿੰਦਗੀ ਉਲਟ ਪਲਟ ਕੀਤੀ, ਸਗੋਂ ਪੰਜਾਬੀ ਇੰਡਸਟਰੀ ਚ ਵੀ ਭੂਚਾਲ ਲਿਆਂਦਾ।
ਦਿਲਜੀਤ ਦੋਸਾਂਝ
ਇਸ ਲਿਸਟ ਚ ਪਹਿਲਾ ਨਾਮ ਦਿਲਜੀਤ ਦੋਸਾਂਝ ਦਾ ਹੈ, ਇੱਕ ਪਾਸੇ, ਜਿੱਥੇ ਗਾਇਕ ਨੇ ਕੈਲੀਫੋਰਨੀਆਂ ਦੇ ਕੋਚੈੱਲਾ ਮਿਊਜ਼ਿਕ ਫੈਸਟੀਵਲ ਚ ਪਰਫਾਰਮ ਕੀਤਾ, ਉੱਥੇ ਹੀ ਗਾਇਕ ਦਾ ਨਾਮ ਵਿਵਾਦਾਂ ਨਾਲ ਵੀ ਜੁੜਿਆ ਰਿਹਾ। ਦਿਲਜੀਤ ਉੱਤੇ ਪਹਿਲਾ ਇਲਜ਼ਾਮ ਇਹ ਲੱਗਿਆ ਸੀ ਇਕ ਓਹਨਾਂ ਨੇ ਕੋਚੇਲਾ ਚ ਭਾਰਤ ਨਹੀਂ, ਪੰਜਾਬ ਕਹਿ ਕੇ ਸੰਬੋਧਨ ਕੀਤਾ।
ਇਲੂਮਿਨਾਟੀ ਨਾਲ ਰਿਸ਼ਤਾ
ਦਿਲਜੀਤ ਤੇ ਇਹ ਵੀ ਇਲਜ਼ਾਮ ਲੱਗੇ ਕਿ ਉਹਨਾਂ ਦਾ ਇਲੂਮਿਨਾਟੀ ਨਾਲ ਰਿਸ਼ਤਾ ਹੈ। ਓਹ ਸ਼ੈਤਾਨ ਦੀ ਪੂਜਾ ਕਰਦੇ ਹਨ ਅਤੇ ਸ਼ੈਤਾਨ ਨੇ ਹੀ ਗਾਇਕ ਨੂੰ ਇਹਨੀਂ ਦੌਲਤ ਤੇ ਸ਼ੋਹਰਤ ਦਿੱਤੀ ਹੈ। ਇਸਦੇ ਸੋਸ਼ਲ ਮੀਡੀਆ ਤੇ ਵੀ ਕਈ ਸਬੂਤ ਮਿਲ ਚੁੱਕੇ ਹਨ।
ਸਿੰਘਾ
ਲਿਸਟ ਚ ਦੂਜਾ ਨਾਮ ਹੈ ਗਾਇਕ ਸਿੰਘਾ ਦਾ। ਸਿੰਘਾ ਲਈ ਵੀ ਇਹ ਸਾਲ ਕੁੱਝ ਖਾਸ ਨਹੀਂ ਰਿਹਾ। ਅਗਸਤ ਮਹੀਨੇ ਚ ਗਾਇਕ ਖ਼ਿਲਾਫ਼ ਲਗਾਤਾਰ ਦੋ ਮਾਮਲੇ ਦਰਜ ਹੋਏ, ਜਿਸ ਵਿੱਚ ਉਸਦੇ ਉੱਤੇ ਇਲਜ਼ਾਮ ਲੱਗੇ ਕਿ ਉਸਨੇ ਆਪਣੇ ਗੀਤ ਚ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਹੈ। ਇਸਤੋਂ ਚਾਰ ਮਹੀਨਿਆਂ ਬਾਅਦ ਸਿੰਘਾ ਨੇ ਲਾਈਵ ਹੋ ਕੇ ਸਭ ਦਸਿਆ ਕਿ ਕਿਵੇਂ ਪੰਜਾਬ ਪੁਲਿਸ ਤੇ ਹਾਈ ਕੋਰਟ ਦੇ ਵਕੀਲ ਨੇ ਉਸਤੋਂ ਕੇਸ ਰੱਦ ਕਰਨ ਦੇ ਐਵਜ ਵਿੱਚ ਰਿਸ਼ਵਤ ਦੀ ਮੰਗ ਕੀਤੀ।
ਇੰਦਰਜੀਤ ਨਿੱਕੂ
ਇੰਦਰਜੀਤ ਨਿੱਕੂ ਦਾ ਨਾਮ ਪੂਰਾ ਸਾਲ ਵਿਵਾਦਾਂ ਚ ਘਿਰਿਆ ਰਿਹਾ। ਬਾਬੇ ਦੇ ਡੇਰੇ ਤੇ ਜਾਣ ਕਰਕੇ ਪਹਿਲਾਂ ਹੀ ਨਿੱਕੂ ਕੱਟਰਪੰਥੀਆਂ ਦੇ ਨਿਸ਼ਾਨੇ ਤੇ ਸੀ। ਉੱਤੋਂ ਉਹ ਦੁਬਾਰਾ ਬਾਬਾ ਬਾਗੇਸ਼ਵਰ ਦੇ ਦਰ ਤੇ ਜਾ ਪਹੁੰਚੇ। ਇਸਤੋਂ ਬਾਅਦ ਵਿਵਾਦ ਹੋਰ ਭਖ ਗਿਆ ਅਤੇ ਉਹ ਪੰਜਾਬੀਆਂ ਦੇ ਨਿਸ਼ਾਨੇ ਤੇ ਆ ਗਏ। ਨਿੱਕੂ ਦੇ ਦੂਜੀ ਵਾਰੀ ਬਾਬੇ ਦੇ ਦਰਬਾਰ ਜਾਣ ਦੀ ਵੀਡੀਓ ਵੀ ਖੂਬ ਵਾਇਰਲ ਹੋਈ ਸੀ।
ਮਾਸਟਰ ਸਲੀਮ
ਮਾਸਟਰ ਸਲੀਮ ਵੀ ਇਸ ਸਾਲ ਵਿਵਾਦਾਂ ਚ ਰਹੇ। ਓਹਨਾਂ ਨੂੰ ਬਰਬੋਲਪਣ ਮਹਿੰਗਾ ਪੈ ਗਿਆ। ਦਰਅਸਲ ਮਾਸਟਰ ਸਲੀਮ ਨੇ ਚਿੰਤਪੁਰਨੀ ਮਾਤਾ ਬਾਰੇ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ ਸੀ। ਜਿਸਦੇ ਚਲਦਿਆਂ ਹਿੰਦੂ ਭਾਈਚਾਰੇ ਚ ਰੋਸ ਦੇਖਣ ਨੂੰ ਮਿਲ ਰਿਹਾ ਸੀ। ਇਸ ਮਾਮਲੇ ਚ ਮਾਸਟਰ ਸਲੀਮ ਖ਼ਿਲਾਫ਼ ਮਾਮਲਾ ਵੀ ਦਰਜ ਹੋਇਆ ਸੀ। ਆਖਰ ਸਾਰੇ ਮਾਮਲੇ ਤੋਂ ਖਹਿੜਾ ਛੁਡਾਉਣ ਲਈ ਗਾਇਕ ਨੂੰ ਮਾਫ਼ੀ ਮੰਗਣੀ ਪਈ।
ਸਤਵਿੰਦਰ ਬੁੱਗਾ
ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦਾ ਨਾਮ ਵੀ ਵਿਵਾਦਾਂ ਚ ਰਿਹਾ। ਉਸਦਾ ਆਪਣੇ ਸਕੇ ਭਰਾ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਹਾਲ ਹੀ ਚ ਗਾਇਕ ਦਾ ਭਰਾ ਫੇਸਬੁੱਕ ਤੇ ਲਾਈਵ ਹੋਇਆ ਸੀ, ਜਿਸ ਦੌਰਾਨ ਉਸਨੇ ਦੱਸਿਆ ਕਿ ਉਸਦੇ ਭਰਾ ਨੇ ਉਸਨੂੰ ਕੁੱਟਿਆ ਹੈ। ਇਹੀ ਨਹੀਂ ਬੁੱਗੇ ਤੇ ਉਸਦੀ ਭਾਬੀ ਦੇ ਕਤਲ ਦਾ ਵੀ ਇਲਜ਼ਾਮ ਹੈ।
ਗਾਇਕ ਸ਼ੁਭ
ਕੈਨੇਡੀਅਨ ਪੰਜਾਬੀ ਗਾਇਕ ਸ਼ੁਭ ਦਾ ਨਾਮ ਇਸ ਸਾਲ ਖੂਬ ਸੁਰਖੀਆਂ ਚ ਬਣਿਆ ਰਿਹਾ ਸੀ। ਦਰਅਸਲ ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਸ਼ੁਭ ਦਾ ਮੁੰਬਈ ਚ ਲਾਈਵ ਸ਼ੋ ਸੀ ਅਤੇ ਉਸਤੋਂ ਠੀਕ ਪਹਿਲੇ ਉਸਨੇ ਆਪਣੇ ਇੰਸਟਾਗ੍ਰਾਮ ਤੇ ਭਾਰਤ ਦਾ ਵਿਵਾਦਤ ਨਕਸ਼ਾ ਸ਼ੇਅਰ ਕਰ ਦਿੱਤਾ ਜਿਸ ਵਿਚ ਕਸ਼ਮੀਰ ਤੇ ਪੰਜਾਬ ਗਾਇਬ ਸਨ। ਇਸ ਤਸਵੀਰ ਨੂੰ ਲੈਕੇ ਖੂਬ ਵਿਵਾਦ ਭਖਿਆ। ਇਹੀ ਨਹੀਂ ਸ਼ੁਭ ਦਾ ਲਾਈਵ ਸ਼ੋ ਵੀ ਕੈਂਸਲ ਕਰ ਦਿੱਤਾ ਗਿਆ। ਇਸਤੋਂ ਬਾਦ ਸ਼ੁਭ ਤੇ ਇਹ ਵੀ ਇਲਜ਼ਾਮ ਲੱਗਿਆ ਕਿ ਉਸਨੇ ਆਪਣੇ ਲੰਡਨ ਸ਼ੋ ਦੌਰਾਨ ਇੰਦਰਾ ਗਾਂਧੀ ਦੇ ਕਾਤਲਾਂ ਦਾ ਪ੍ਰਚਾਰ ਕੀਤਾ ਹੈ, ਪਰ ਬਾਅਦ ਚ ਇਹ ਗੱਲ ਝੂਠ ਸਾਬਿਤ ਹੋਈ ਸੀ।
ਗੁਰਮਨ ਮਾਨ
ਪੰਜਾਬੀ ਗਾਇਕ ਗੁਰਮਨ ਮਾਨ ਦਾ ਨਾਮ ਵੀ ਇਸ ਸਾਲ ਵਿਵਾਦ ਨਾਲ ਜੁੜ ਚੁੱਕਿਆ ਹੈ। ਦਰਅਸਲ ਹਾਲ ਹੀ ਚ ਗਾਇਕ ਦਾ ਇੱਕ ਗੀਤ ਰਿਲੀਜ਼ ਹੋਇਆ ਸੀ। ਜਿਸ ਵਿੱਚ ਉਸਨੇ ਸ਼ਨੀ (ਗ੍ਰਹਿ) ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ, ਜਿਸ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਤਰਾਜ਼ ਕੀਤਾ।
ਮਨਕੀਰਤ ਔਲਖ
ਮਨਕੀਰਤ ਔਲਖ ਲੰਬੇ ਸਮੇਂ ਤੋਂ ਵਿਵਾਦਾਂ ਚ ਹੈ। ਜਦੋਂ ਤੋਂ ਮੂਸੇਵਾਲਾ ਦਾ ਕਤਲ ਹੋਇਆ ਹੈ। ਮਨਕੀਰਤ ਔਲਖ ਪੰਜਾਬ ਪੁਲਿਸ ਦੇ ਰਾਡਾਰ ਤੇ ਰਿਹਾ ਹੈ। ਹਾਲ ਹੀ ਚ ਉਸਨੇ ਦੁਬਈ ਸ਼ੋ ਲਾਉਣ ਜਾਣਾ ਸੀ। ਪਰ ਪੁਲਿਸ ਨੇ ਉਸਨੂੰ ਦੁਬਈ ਜਾਣ ਤੋਂ ਰੋਕ ਦਿੱਤਾ।
ਅੰਮ੍ਰਿਤ ਮਾਨ
ਗਾਇਕ ਅੰਮ੍ਰਿਤ ਮਾਨ ਦਾ ਨਾਮ ਵੀ ਵਿਵਾਦਾਂ ਚ ਰਹਿ ਚੁੱਕਿਆ ਹੈ। ਸਾਲ ਦੀ ਸ਼ੁਰੂਆਤ ਵਿੱਚ ਹੀ ਉਸਦਾ ਨਾਮ ਵਿਵਾਦਾਂ ਚ ਫਸ ਗਿਆ ਸੀ। ਜਦੋਂ ਉਹ ਮੋਗਾ ਵਿਖੇ ਇੱਕ ਵਿਆਹ ਤੇ ਪਰਫ਼ਾਰਮ ਕਰਨ ਗਿਆ ਅਤੇ ਉੱਥੇ ਉਸਦੀ ਲਾੜੇ ਤੇ ਉਸਦੇ ਪਰਿਵਾਰ ਨਾਲ ਲੜਾਈ ਹੀ ਗਈ, ਜਿਸ ਤੋਂ ਬਾਅਦ ਉਸਨੇ ਸ਼ੋ ਅੱਧ ਵਿਚਾਲੇ ਛੱਡ ਦਿੱਤਾ ਅਤੇ ਪਾਰਟੀ ਦੇ ਪੈਸੇ ਵੀ ਵਾਪਸ ਨਹੀਂ ਮੋੜੇ। ਇਹ ਮਾਮਲਾ ਕਾਫੀ ਸੁਰਖੀਆਂ ਚ ਰਿਹਾ ਸੀ।