ABP Sanjha EXCLUSIVE
ਚੰਡੀਗੜ੍ਹ: ਪੰਜਾਬ ਦੇ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ED)ਦੀ ਐਂਟਰੀ ਹੋ ਗਈ ਹੈ। ED ਨੇ ਪੰਜਾਬ 'ਚ ਧੱੜਲੇ ਨਾਲ ਚੁੱਲ ਰਹੇ ਸ਼ਰਾਬ ਘੁਟਾਲੇ 'ਚ ਕੇਸ ਦਰਜ ਕਰ ਸੂਬੇ ਦੇ ਸੱਤ ਪੁਲਿਸ ਕਪਤਾਨਾਂ ਤੋਂ ਸੱਤ ਦਿਨਾਂ ਦੇ ਅੰਦਰ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਦਾ ਰਿਕਾਰਡ ਮੰਗਿਆ ਹੈ।ਹੁਣ ਇਸ ਮਾਮਲੇ 'ਚ FEMA ਦੇ ਤਹਿਤ ਜਾਂਚ ਸ਼ੁਰੂ ਹੋ ਚੁੱਕੀ ਹੈ।ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 123 ਲੋਕਾਂ ਦੀ ਮੌਤ ਹੋ ਗਈ ਸੀ।
ED ਨੇ ਨਾਜਾਇਜ਼ ਸ਼ਰਾਬ ਕਾਰੋਬਾਰ ਦਾ ਸਾਰਾ ਰਿਕਾਰਡ ED ਦੇ ਜਲੰਧਰ ਦਫ਼ਤਰ ਭੇਜਣ ਲਈ ਕਿਹਾ ਹੈ।ਪੰਜਾਬ ਅੰਦਰ ਜ਼ਹਿਰੀਲੀ ਸ਼ਰਾਬ ਨਾਲ 123 ਲੋਕਾਂ ਨੇ ਜਾਨ ਗੁਆਈ ਸੀ ਅਤੇ ਹੁਣ ਤੱਕ ਇਸ ਮਾਮਲੇ 'ਚ ਲੱਖਾਂ ਲੀਟਰ ਨਕਲੀ ਸ਼ਰਾਬ, ਲਾਹਣ ਅਤੇ ਸਪ੍ਰਿਟ ਪੁਲਿਸ ਵਲੋਂ ਫੜ੍ਹੀ ਜਾ ਚੁੱਕੀ ਹੈ।ਪੰਜਾਬ ਦੇ ਤਿੰਨ ਜ਼ਿਲ੍ਹਾਂ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ 'ਚ ਜ਼ਹਿਰੀਲੀ ਸ਼ਰਾਬ ਨੇ ਕਈ ਘਰਾਂ ਨੂੰ ਤਬਾਹ ਕੀਤਾ।123 ਲੋਕਾਂ ਦੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਕਾਰਨ ਪੰਜਾਬ ਦੀ ਸਿਆਸਤ ਵੀ ਗਰਮਾਈ ਹੋਈ ਹੈ।ਇਸ ਮਾਮਲੇ 'ਚ ਧਰਨੇ ਪਰਦਰਸ਼ਨ ਵੀ ਜਾਰੀ ਹਨ।
ਸ਼ਰਾਬ ਦੇ ਇਸ ਨਾਜਾਇਜ਼ ਕਾਰੋਬਾਰ ਤੇ ਕੈਪਟਨ ਸਰਕਾਰ ਅਤੇ ਪੁਲਿਸ ਵੀ ਘਿਰ ਰਹੀ ਹੈ।ਦੋਨਾਂ ਉੱਤੇ ਵੱਡੇ ਸਿਆਸੀ ਦੋਸ਼ ਵੀ ਲੱਗ ਰਹੇ ਹਨ।ਵਿਰੋਧੀ ਪਾਰਟੀਆਂ ਦੇ ਨਾਲ ਨਾਲ ਕੈਪਟਨ ਦੇ ਆਪਣੇ MP ਵੀ ਇਸ ਮਾਮਲੇ 'ਚ ਸਰਕਾਰ ਨੂੰ ਘੇਰਨ ਤੋਂ ਪਿੱਛੇ ਨਹੀਂ ਹਨ। ਇਸ ਮਾਮਲੇ 'ਚ ਵਿਰੋਧੀ ਧਿਰਾਂ ਦੇ ਨਾਲ ਹੁਣ ਕਾਂਗਰਸੀ MP ਵੀ CBI ਅਤੇ ED ਦੀ ਜਾਂਚ ਦੀ ਮੰਗ ਕਰ ਰਹੇ ਸੀ।ਕਾਂਗਰਸੀ MP ਪ੍ਰਤਾਪ ਸਿੰਘ ਬਾਜਵਾ ਇਸ ਮਾਮਲੇ 'ਚ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖ CBI ਅਤੇ ED ਵਲੋਂ ਜਾਂਚ ਦੀ ਮੰਗ ਕਰ ਚੁੱਕੇ ਹਨ।
ED ਨੇ ਮੁਹਾਲੀ, ਪਟਿਆਲਾ, ਖੰਨਾ, ਲੁਧਿਆਣਾ, ਤਰਨਤਾਰਨ, ਬਟਾਲਾ ਅਤੇ ਅੰਮ੍ਰਿਤਸਰ ਦਿਹਾਤੀ ਦੇ SSP ਕੋਲੋਂ ਉਨ੍ਹਾਂ ਦੇ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਨਾਲ ਜੁੜੇ ਕੇਸਾਂ, ਦੋਸ਼ੀਆਂ ਅਤੇ ਬਰਾਮਦਗੀ ਦਾ ਸਾਰਾ ਰਿਕਾਰਡ ਮੰਗਿਆ ਹੈ।ਹਾਲਾਂਕਿ ED ਨੇ ਤਿੰਨ ਮਹੀਨੇ ਪਿਹਲਾ ਪਟਿਆਲਾ ਅਤੇ ਖੰਨਾ 'ਚ ਨਾਜਾਇਜ਼ ਸ਼ਰਾਬ ਫੈਕਟਰੀਆਂ ਫੜ੍ਹੇ ਜਾਣ ਤੋਂ ਬਾਅਦ ਪੁਲਿਸ ਅਤੇ ਆਬਕਾਰੀ ਵਿਭਾਗ ਤੋਂ ਰਿਕਾਰਡ ਮੰਗਿਆ ਸੀ।ਪਰ ਦੋਨਾਂ ਵਿਭਾਗਾਂ ਨੇ ED ਨੂੰ ਇੱਕ ਕਾਗਜ਼ ਤੱਕ ਨਹੀਂ ਦਿੱਤਾ।ਹੁਣ ED ਨੇ ਬਿਨ੍ਹਾਂ ਕਿਸੇ ਰਿਕਾਰਡ ਕੇਸ ਦਰਜ ਕਰਕੇ ਪੁਲਿਸ ਨੂੰ ਸੱਤ ਦਿਨਾਂ ਨੂੰ ਰਿਕਾਰਡ ਦੇਣ ਨੂੰ ਕਿਹਾ ਹੈ।ਇਸ ਮਾਮਲੇ 'ਚ ਅਕਾਲੀ ਦਲ ਪਿਹਲੇ ਦਿਨ ਤੋਂ ਹੀ ਪੁਲਿਸ ਦੀ ਭੂਮਿਕਾ ਤੇ ਚੁੱਕਦੀ ਆ ਰਹੀ ਹੈ।
ED ਨੇ ਪੁਲਿਸ ਤੋਂ 13 ਕੇਸਾਂ ਦਾ ਰਿਕਾਰਡ ਤਲਬ ਕੀਤਾ ਹੈ ਪਰ ਪੂਰੇ ਪੰਜਾਬ 'ਚ ਸ਼ਰਾਬ ਤਸਕਰੀ ਦੀ ਜਾਂਚ ਹੋਵੇਗੀ।ED ਹੁਣ ਇਹ ਜਾਂਚ ਕਰੇਗੀ ਕੇ ਨਾਜਾਇਜ਼ ਸ਼ਰਾਬ ਦਾ ਪੈਸਾ ਕਿੱਥੇ ਜਾ ਰਿਹਾ ਹੈ?ਸ਼ਰਾਬ ਤਸਕਰਾਂ ਦੀ ਨਾਮੀ ਬੇਨਾਮੀ ਸੰਪਤੀ ਦਾ ਵੀ ਪਤਾ ਲਗਾਇਆ ਜਾਵੇਗਾ।