ਹਰਪਿੰਦਰ ਸਿੰਘ ਟੌਹੜਾ

ਚੰਡੀਗੜ੍ਹ: ਟ੍ਰਿਪਲ ਜੰਪਰ ਅਰਪਿੰਦਰ ਸਿੰਘ ਅਰਜੁਨਾ ਐਵਾਰਡ ਨਾ ਮਿਲਣ ਤੋਂ ਨਿਰਾਸ਼ ਹੈ।ਅਰਪਿੰਦਰ ਦਾ ਨਾਮ ਐਥਲੈਟਿਕ ਫੈਡਰੇਸ਼ਨ ਨੇ ਅਰੁਜਨਾ ਐਵਾਰਡ ਲਈ ਭੇਜਿਆ ਸੀ। ਪਰ ਸਪੋਰਸਟ ਮਨਿਸਟਰੀ ਵੱਲੋਂ ਜਿਹੜੀ 27 ਖਿਡਾਰੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ ਉਸ 'ਚ ਅਰਪਿੰਦਰ ਦਾ ਨਾਮ ਨਹੀਂ ਸੀ। ਜਿਸ ਤੋਂ ਬਾਅਦ ਅਰਪਿੰਦਰ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ।

ਅਰਪਿੰਦਰ ਨੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਉਸ ਨੂੰ ਲਗਾਤਾਰ ਤਿੰਨ ਸਾਲਾਂ ਤੋਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।ਜਦ ਕਿ ਉਸਦੇ ਕੋਚ ਐਸਐਸ ਪੰਨੂ ਨੂੰ 2018 'ਚ ਦਰੋਣਾਚਾਰੀਆ ਐਵਾਰਡ ਮਿਲ ਚੁੱਕਿਆ ਹੈ।ਪਰ ਅਰਪਿੰਦਰ ਨੂੰ ਐਵਾਰਡ ਨਹੀਂ ਦਿੱਤਾ ਗਿਆ। ਅਰਪਿੰਦਰ ਸਿੰਘ ਨੇ 2018 'ਚ ਜਕਾਰਤਾ ਵਿਖੇ ਏਸ਼ੀਅਨ ਖੇਡਾਂ 'ਚ 16.77 ਮੀਟਰ ਦੀ ਦੂਰੀ ਤੇ ਤੀਹਰਾ ਜੰਪ ਲਗਾ ਕੇ ਗੋਲਡ ਮੈਡਲ ਜਿੱਤਿਆ ਸੀ।ਅਰਪਿੰਦਰ ਨੇ ਕਿਹਾ ਦੁੱਖ ਹੁੰਦਾ ਜਦੋਂ ਦੇਸ਼ ਲਈ ਮੈਡਲ ਜਿੱਤਣ ਤੋਂ ਬਾਅਦ ਵੀ ਬਣਦਾ ਸਨਮਾਨ ਨਹੀਂ ਦਿੱਤਾ ਜਾਂਦਾ।ਅਰਪਿੰਦਰ ਨੇ ਕਿਹਾ ਐਵਾਰਡ ਇਕ ਖਿਡਾਰੀ ਦਾ ਹੌਸਲਾ ਵਧਾਉਣ 'ਚ ਅਹਿਮ ਭੂਮਿਕਾ ਨਿਭਾਉਂਦ ਹਨ।



ਟ੍ਰਿਪਲ ਜੰਪਰ ਅਰਪਿੰਦਰ ਸਿੰਘ ਪੰਜਾਬ ਸਰਕਾਰ ਤੋਂ ਵੀ ਨਰਾਜ਼ ਹੈ।ਕਿਉਂਕਿ ਏਸ਼ੀਅਨ ਖੇਡਾਂ 'ਚ ਗੋਲਡ ਮੈਡਲ ਜੇਤੂ ਅਰਪਿੰਦਰ ਨੂੰ ਕੈਪਟਨ ਸਰਕਾਰ ਨੇ DSP ਬਣਾਉਣ ਦਾ ਐਲਾਨ ਕੀਤਾ ਸੀ। ਪਰ ਸਰਕਾਰ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਅਰਪਿੰਦਰ ਨੇ ਕਿਹਾ ਪੰਜਾਬ ਸਰਕਾਰ ਨੂੰ ਆਪਣਾ ਵਾਅਦਾ ਜਲਦ ਪੂਰਾ ਕਰਨਾ ਚਾਹੀਦਾ ਹੈ।

ਅਰਪਿੰਦਰ ਨੇ ਪੰਜਾਬ 'ਚ ਖੇਡ ਸਹੂਲਤਾਂ ਨਾਂ ਮਿਲਣ ਤੇ ਵੀ ਸਵਾਲ ਖੜੇ ਕੀਤੇ ਹਨ। ਅਰਪਿੰਦਰ ਨੇ ਕਿਹਾ ਪੰਜਾਬ 'ਚ ਉਚ ਪੱਧਰ ਦੇ ਮੈਦਾਨਾਂ ਦੀ ਕਮੀ ਹੈ।ਪਰ ਸਰਕਾਰ ਇਸ ਤੇ ਧਿਆਨ ਨਹੀਂ ਰੱਖ ਰਹੀ। ਪੰਜਾਬ 'ਚ ਸੰਥੈਟਿਕ ਟਰੈਕਾਂ ਦੀ ਕਮੀ ਹੈ। ਜੇ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਪੰਜਾਬ ਦੇ ਖਿਡਾਰੀ ਕਦੇ ਵੀ ਤਰੱਕੀ ਨਹੀਂ ਕਰ ਸਕਣਗੇ। ਅਰਪਿੰਦਰ ਨੇ ਪੰਜਾਬ ਦੇ ਮੁਕਾਬਲੇ ਹਰਿਆਣਾ ਦੀ ਖੇਡ ਨੀਤੀ ਦੀ ਤਾਰੀਫ਼ ਕੀਤੀ।