World Longest Train Journey: ਤੁਸੀਂ ਰੇਲ ਰਾਹੀਂ ਸਫ਼ਰ ਕੀਤਾ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਕਿਹੜੀ ਰੇਲਗੱਡੀ ਸਭ ਤੋਂ ਲੰਬਾ ਸਫ਼ਰ ਤੈਅ ਕਰਦੀ ਹੈ ? ਦੁਨੀਆ ਭਰ ਵਿੱਚ ਰੇਲ ਯਾਤਰਾ ਵੱਖ-ਵੱਖ ਹੁੰਦੀ ਹੈ, ਕੁਝ ਸਥਾਨਾਂ 'ਤੇ ਥੋੜ੍ਹੇ ਸਮੇਂ ਵਿੱਚ ਪਹੁੰਚਿਆ ਜਾ ਸਕਦਾ ਹੈ, ਜਦੋਂ ਕਿ ਹੋਰ ਸਥਾਨਾਂ 'ਤੇ ਪਹੁੰਚਣ ਵਿੱਚ ਕਈ ਦਿਨ ਲੱਗ ਜਾਂਦੇ ਹਨ। ਡਿਬਰੂਗੜ੍ਹ-ਕੰਨਿਆਕੁਮਾਰੀ ਵਿਵੇਕ ਐਕਸਪ੍ਰੈਸ, ਭਾਰਤ ਵਿੱਚ ਸਭ ਤੋਂ ਲੰਬੀ ਦੂਰੀ ਦਾ ਸਫ਼ਰ ਤੈਅ ਕਰਨ ਵਾਲੀ ਰੇਲਗੱਡੀ 72 ਘੰਟਿਆਂ ਵਿੱਚ ਆਪਣਾ ਸਫ਼ਰ ਪੂਰਾ ਕਰਦੀ ਹੈ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੀ ਇੱਕ ਅਜਿਹੀ ਟਰੇਨ ਬਾਰੇ ਦੱਸਣ ਜਾ ਰਹੇ ਹਾਂ ਜੋ 3 ਦੇਸ਼ਾਂ ਵਿੱਚੋਂ ਲੰਘਦੀ ਹੈ। ਆਓ ਜਾਣਦੇ ਹਾਂ ਇਸ ਟਰੇਨ ਅਤੇ ਇਸ ਦੇ ਸਫਰ ਬਾਰੇ।
ਦੁਨੀਆ ਦੀ ਸਭ ਤੋਂ ਲੰਬੀ ਦੂਰੀ ਵਾਲੀ ਰੇਲਗੱਡੀ
ਦਰਅਸਲ, ਅਸੀਂ ਰੂਸ ਦੇ ਮਾਸਕੋ ਸ਼ਹਿਰ ਅਤੇ ਉੱਤਰੀ ਕੋਰੀਆ ਦੇ ਪਿਓਂਗਯਾਂਗ ਸ਼ਹਿਰ ਦੇ ਵਿਚਕਾਰ ਚੱਲਣ ਵਾਲੀ ਟਰਾਂਸ ਸਾਈਬੇਰੀਅਨ ਟਰੇਨ ਦੀ ਗੱਲ ਕਰ ਰਹੇ ਹਾਂ। ਇਸ ਰੇਲਗੱਡੀ ਰਾਹੀਂ ਸਫ਼ਰ ਕਰਨ ਵਿੱਚ 7 ਦਿਨ ਲੱਗਦੇ ਹਨ। ਇੱਕ ਵਾਰ ਜਦੋਂ ਇਹ ਰੇਲਗੱਡੀ ਆਪਣੀ ਯਾਤਰਾ ਸ਼ੁਰੂ ਕਰਦੀ ਹੈ, ਤਾਂ ਇਹ 7 ਦਿਨ 20 ਘੰਟੇ 25 ਮਿੰਟ ਬਾਅਦ ਹੀ ਆਪਣੀ ਮੰਜ਼ਿਲ 'ਤੇ ਰੁਕਦੀ ਹੈ। ਖ਼ਾਸ ਗੱਲ ਇਹ ਹੈ ਕਿ ਆਪਣੀ ਯਾਤਰਾ ਦੌਰਾਨ ਇਹ ਟਰੇਨ 142 ਸਟੇਸ਼ਨਾਂ ਅਤੇ 87 ਸ਼ਹਿਰਾਂ 'ਚੋਂ ਗੁਜ਼ਰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਟਰਾਂਸ-ਸਾਈਬੇਰੀਅਨ ਟਰੇਨ 10214 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ, ਜਿਸ ਨੂੰ ਪੂਰਾ ਕਰਨ ਲਈ ਟਰੇਨ ਨੂੰ ਨਦੀਆਂ, ਪਹਾੜਾਂ, 87 ਸ਼ਹਿਰਾਂ, ਜੰਗਲਾਂ ਅਤੇ ਬਰਫ ਦੇ ਖੇਤਾਂ ਵਿੱਚੋਂ ਲੰਘਣਾ ਪੈਂਦਾ ਹੈ। ਇਸ ਟਰੇਨ 'ਚ ਸਫਰ ਦੌਰਾਨ ਖੂਬਸੂਰਤ ਕੁਦਰਤੀ ਨਜ਼ਾਰਿਆਂ ਨੂੰ ਦੇਖਣ ਦਾ ਮੌਕਾ ਵੀ ਮਿਲਦਾ ਹੈ। ਇਹ ਟ੍ਰੇਨ 1916 ਵਿੱਚ ਸ਼ੁਰੂ ਹੋਈ ਸੀ। ਇਹ ਟ੍ਰੇਨ ਸਭ ਤੋਂ ਪਹਿਲਾਂ ਉੱਤਰੀ ਕੋਰੀਆ ਤੋਂ ਆਉਣ ਵਾਲੇ ਯਾਤਰੀਆਂ ਨੂੰ ਮਾਸਕੋ, ਰੂਸ ਤੋਂ ਲੈ ਕੇ ਵਲਾਦੀਵੋਸਤੋਕ, ਰੂਸ ਤੱਕ ਪਹੁੰਚਾਉਂਦੀ ਹੈ। ਉਥੋਂ ਆਉਣ ਵਾਲੀ ਰੇਲਗੱਡੀ ਵਲਾਦੀਵੋਸਤੋਕ ਤੋਂ ਮਾਸਕੋ ਜਾਣ ਵਾਲੀ ਰੇਲਗੱਡੀ ਨਾਲ ਜਾ ਰਲਦੀ ਹੈ।
ਇਸ ਦਾ ਮਤਲਬ ਹੈ ਕਿ ਪਿਓਂਗਯਾਂਗ, ਉੱਤਰੀ ਕੋਰੀਆ ਤੋਂ ਆਉਣ ਵਾਲੇ ਯਾਤਰੀਆਂ ਨੂੰ ਕਿਤੇ ਵੀ ਆਪਣਾ ਕੋਚ ਬਦਲਣ ਜਾਂ ਟਰੇਨ ਬਦਲਣ ਦੀ ਲੋੜ ਨਹੀਂ ਹੈ। ਇਹ ਟਰੇਨ ਸਾਇਬੇਰੀਆ ਦੀ ਆਬਾਦੀ ਵਧਾਉਣ ਤੇ ਆਰਥਿਕ ਵਿਕਾਸ ਲਈ ਸ਼ੁਰੂ ਕੀਤੀ ਗਈ ਸੀ, ਜੋ ਦੁਨੀਆ ਦੀ ਸਭ ਤੋਂ ਲੰਬੀ ਯਾਤਰਾ ਕਰਨ ਵਾਲੀ ਰੇਲ ਬਣ ਗਈ ਹੈ।