IPL 2022: ਆਈਪੀਐਲ 2022 ਦੇ ਪਹਿਲੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਲਈ 132 ਦੌੜਾਂ ਦਾ ਟੀਚਾ ਦਿੱਤਾ ਹੈ। ਚੇਨਈ ਦੀ ਸ਼ੁਰੂਆਤ ਖ਼ਰਾਬ ਰਹੀ। ਪਰ ਮਹਿੰਦਰ ਸਿੰਘ ਧੋਨੀ ਅਤੇ ਕਪਤਾਨ ਰਵਿੰਦਰ ਜਡੇਜਾ ਦੀ ਸਾਂਝੇਦਾਰੀ ਨੇ ਟੀਮ ਨੂੰ 131 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ। ਧੋਨੀ ਨੇ ਦਮਦਾਰ ਬੱਲੇਬਾਜ਼ੀ ਕਰਦੇ ਹੋਏ ਅਜੇਤੂ ਅਰਧ ਸੈਂਕੜਾ ਲਗਾਇਆ। ਕੋਲਕਾਤਾ ਨਾਈਟ ਰਾਈਡਰਜ਼ ਲਈ ਉਮੇਸ਼ ਯਾਦਵ ਅਤੇ ਆਂਦਰੇ ਰਸਲ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਮੇਸ਼ ਨੇ ਦੋ ਅਤੇ ਰਸੇਲ ਨੇ ਇਕ ਵਿਕਟ ਲਈ।
ਚੇਨਈ ਸੁਪਰ ਕਿੰਗਜ਼ ਦੀ ਸ਼ੁਰੂਆਤ ਖਰਾਬ ਰਹੀ। ਓਪਨਰ ਖਿਡਾਰੀ ਰਿਤੂਰਾਜ ਗਾਇਕਵਾੜ ਜ਼ੀਰੋ 'ਤੇ ਆਊਟ ਹੋ ਗਏ। ਜਦਕਿ ਡੇਵੋਨ ਕੋਨਵੇ ਸਿਰਫ਼ 3 ਦੌੜਾਂ ਬਣਾ ਕੇ ਆਊਟ ਹੋ ਗਿਆ। ਉਮੇਸ਼ ਯਾਦਵ ਨੇ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਆਊਟ ਕੀਤਾ। ਤਜਰਬੇਕਾਰ ਖਿਡਾਰੀ ਰੌਬਿਨ ਉਥੱਪਾ ਨੇ 28 ਦੌੜਾਂ ਦੀ ਅਹਿਮ ਪਾਰੀ ਖੇਡੀ। ਉਸ ਨੇ 21 ਗੇਂਦਾਂ ਦਾ ਸਾਹਮਣਾ ਕੀਤਾ ਅਤੇ 2 ਚੌਕੇ ਅਤੇ 2 ਛੱਕੇ ਲਗਾਏ। ਜਦਕਿ ਅੰਬਾਤੀ ਰਾਇਡੂ 15 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਰਾਇਡੂ ਨੇ 17 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਇੱਕ ਛੱਕਾ ਅਤੇ ਇੱਕ ਚੌਕਾ ਲਗਾਇਆ।
ਆਲਰਾਊਂਡਰ ਖਿਡਾਰੀ ਸ਼ਿਵਮ ਦੂਬੇ ਕੁਝ ਖਾਸ ਨਹੀਂ ਕਰ ਸਕੇ। ਉਹ ਆਂਦਰੇ ਰਸੇਲ ਦੀ ਗੇਂਦ 'ਤੇ 3 ਦੌੜਾਂ ਬਣਾ ਕੇ ਆਊਟ ਹੋ ਗਿਆ। ਅੰਤ ਵਿੱਚ ਧੋਨੀ ਅਤੇ ਜਡੇਜਾ ਦੀ ਸਾਂਝੇਦਾਰੀ ਨੇ ਟੀਮ ਨੂੰ ਚੰਗੇ ਸਕੋਰ ਤੱਕ ਪਹੁੰਚਾਇਆ। ਧੋਨੀ ਨੇ ਬੱਲੇਬਾਜ਼ੀ ਕਰਦੇ ਹੋਏ ਅਜੇਤੂ ਅਰਧ ਸੈਂਕੜਾ ਲਗਾਇਆ। ਧੋਨੀ ਨੇ 38 ਗੇਂਦਾਂ 'ਤੇ 7 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਅਜੇਤੂ 50 ਦੌੜਾਂ ਬਣਾਈਆਂ। ਜਦਕਿ ਜਡੇਜਾ ਨੇ 28 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਇਕ ਛੱਕੇ ਦੀ ਮਦਦ ਨਾਲ ਨਾਬਾਦ 26 ਦੌੜਾਂ ਬਣਾਈਆਂ।
ਕੋਲਕਾਤਾ ਨਾਈਟ ਰਾਈਡਰਜ਼ ਲਈ ਉਮੇਸ਼ ਯਾਦਵ ਅਤੇ ਵਰੁਣ ਚੱਕਰਵਰਤੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਮੇਸ਼ ਨੇ 4 ਓਵਰਾਂ 'ਚ 20 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜਦਕਿ ਵਰੁਣ ਨੇ 4 ਓਵਰਾਂ 'ਚ 23 ਦੌੜਾਂ ਦੇ ਕੇ ਇਕ ਵਿਕਟ ਲਈ। ਸੁਨੀਲ ਨਰਾਇਣ ਨੇ 4 ਓਵਰਾਂ 'ਚ 15 ਦੌੜਾਂ ਦਿੱਤੀਆਂ। ਹਾਲਾਂਕਿ ਉਸ ਨੂੰ ਇਕ ਵੀ ਵਿਕਟ ਨਹੀਂ ਮਿਲੀ। ਸ਼ਿਵਮ ਮਾਵੀ ਨੇ 4 ਓਵਰਾਂ ਵਿੱਚ 35 ਦੌੜਾਂ ਦਿੱਤੀਆਂ।