IPL 2022: IPL 'ਚ ਸ਼ਨੀਵਾਰ ਰਾਤ ਨੂੰ ਗੁਜਰਾਤ ਟਾਈਟਨਸ ਤੇ ਦਿੱਲੀ ਕੈਪੀਟਲਜ਼ ਆਹਮੋ-ਸਾਹਮਣੇ ਸਨ। ਇਸ ਮੈਚ 'ਚ ਗੁਜਰਾਤ ਟਾਈਟਨਸ ਨੇ ਦਿੱਲੀ ਦੀ ਟੀਮ ਨੂੰ 14 ਦੌੜਾਂ ਨਾਲ ਹਰਾਇਆ। ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ 'ਚ ਹੋਏ ਇਸ ਮੈਚ 'ਚ ਦਿੱਲੀ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਮੈਚ ਗੁਆ ਦਿੱਤਾ, ਜੋ ਇਸ ਆਈਪੀਐਲ ਸੀਜ਼ਨ 'ਚ ਸਿਰਫ਼ ਤੀਜੀ ਵਾਰ ਹੋਇਆ ਹੈ।



ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਇਸ ਹਾਰ ਦਾ ਕਾਰਨ ਆਪਣੀ ਟੀਮ ਦੀ ਖ਼ਰਾਬ ਬੱਲੇਬਾਜ਼ੀ ਨੂੰ ਦੱਸਿਆ ਹੈ। ਮੈਚ ਤੋਂ ਬਾਅਦ ਉਨ੍ਹਾਂ ਕਿਹਾ, "ਵਿਕਟ ਨੂੰ ਵੇਖ ਕੇ ਲੱਗਦਾ ਹੈ ਕਿ ਟੀਚਾ ਇੰਨਾ ਵੱਡਾ ਨਹੀਂ ਸੀ। ਸਾਨੂੰ ਚੰਗੀ ਬੱਲੇਬਾਜ਼ੀ ਕਰਨੀ ਚਾਹੀਦੀ ਸੀ। ਖ਼ਾਸ ਕਰਕੇ ਮੱਧ ਓਵਰਾਂ 'ਚ ਚੰਗੀ ਬੱਲੇਬਾਜ਼ੀ ਦੀ ਲੋੜ ਸੀ। ਅਸੀਂ ਪਾਵਰਪਲੇ 'ਚ 3 ਵਿਕਟਾਂ ਅਤੇ ਮੱਧ ਓਵਰਾਂ 'ਚ 3 ਵਿਕਟਾਂ ਗੁਆ ਦਿੱਤੀਆਂ। ਇੰਨੀਆਂ ਵਿਕਟਾਂ ਗੁਆਉਣ ਤੋਂ ਬਾਅਦ ਕੋਈ ਵੀ ਮੈਚ ਜਿੱਤਣਾ ਮੁਸ਼ਕਲ ਹੋ ਜਾਂਦਾ ਹੈ।

ਪੰਤ ਨੇ ਇਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਮੈਚ ਤੋਂ ਪਹਿਲਾਂ ਆਈਪੀਐਲ 'ਚ ਰਾਤ ਨੂੰ ਖੇਡੇ ਗਏ ਸਾਰੇ 7 ਮੈਚਾਂ ਵਿੱਚ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਜੇਤੂ ਰਹੀ ਸੀ। ਅਜਿਹੇ 'ਚ ਪੰਤ ਨੇ ਇਸ ਮੈਚ 'ਚ ਵੀ ਪਹਿਲਾਂ ਗੇਂਦਬਾਜ਼ੀ ਕਰਨੀ ਚੁਣੀ।

ਹਾਲਾਂਕਿ ਪੁਣੇ ਦੀ ਇਹ ਵਿਕਟ ਮੁੰਬਈ ਦੀਆਂ ਵਿਕਟਾਂ ਤੋਂ ਵੱਖਰੀ ਸੀ ਤੇ ਇੱਥੇ ਤ੍ਰੇਲ ਵੀ ਵੱਡਾ ਫੈਕਟਰ ਨਹੀਂ ਰਿਹਾ। ਅਜਿਹੇ 'ਚ ਬਾਅਦ ਵਿੱਚ ਗੇਂਦਬਾਜ਼ੀ ਕਰਨ ਵਾਲੀ ਗੁਜਰਾਤ ਟਾਈਟਨਸ ਨੇ ਜਿੱਤ ਦਰਜ ਕੀਤੀ। ਇਸ 'ਤੇ ਜਦੋਂ ਪੰਤ ਤੋਂ ਪੁੱਛਿਆ ਗਿਆ ਕਿ ਕੀ ਉਹ ਅਗਲੀ ਵਾਰ ਇੱਥੇ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੁਣਗੇ? ਤਾਂ ਉਨ੍ਹਾਂ ਨੇ ਜਵਾਬ ਦਿੱਤਾ, "ਇਹ ਮੌਸਮ 'ਤੇ ਨਿਰਭਰ ਕਰੇਗਾ। ਫਿਲਹਾਲ ਅਸੀਂ ਇਸ ਬਾਰੇ ਨਹੀਂ ਸੋਚ ਰਹੇ ਹਾਂ। ਵੇਖਾਂਗੇ ਜਦੋਂ ਦੁਬਾਰਾ ਪੁਣੇ ਆਵਾਂਗੇ।"

ਦਿੱਲੀ ਨੂੰ ਮਿਲਿਆ ਸੀ 172 ਦੌੜਾਂ ਦਾ ਟੀਚਾ
ਇਸ ਮੈਚ 'ਚ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼ੁਭਮਨ ਗਿੱਲ ਦੀਆਂ 84 ਦੌੜਾਂ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 171 ਦੌੜਾਂ ਬਣਾਈਆਂ। ਜਵਾਬ 'ਚ ਦਿੱਲੀ ਦੀ ਟੀਮ ਰਿਸ਼ਭ ਪੰਤ (43) ਦੀ ਪਾਰੀ ਦੀ ਮਦਦ ਨਾਲ ਇਕ ਸਮੇਂ 4 ਵਿਕਟਾਂ ਗੁਆ ਕੇ 118 ਦੌੜਾਂ ਬਣਾ ਕੇ ਮਜ਼ਬੂਤ ਸਥਿਤੀ 'ਚ ਸੀ।

ਜਦੋਂ ਪੰਤ ਦਾ ਵਿਕਟ ਡਿੱਗਿਆ ਤਾਂ ਮਗਰੋਂ ਇਕ ਤੋਂ ਬਾਅਦ ਇਕ ਬੱਲੇਬਾਜ਼ ਪੈਵੇਲੀਅਨ ਪਰਤਣ ਲੱਗੇ। ਦਿੱਲੀ ਦੀ ਟੀਮ ਨਿਰਧਾਰਤ 20 ਓਵਰਾਂ ਤੱਕ ਸਿਰਫ਼ 157 ਦੌੜਾਂ ਹੀ ਬਣਾ ਸਕੀ ਅਤੇ ਗੁਜਰਾਤ ਟਾਈਟਨਜ਼ ਨੇ ਇਹ ਮੈਚ 14 ਦੌੜਾਂ ਨਾਲ ਜਿੱਤ ਲਿਆ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲੌਕੀ ਫ਼ਰਗਿਊਸਨ ਨੂੰ 'ਪਲੇਅਰ ਆਫ਼ ਦੀ ਮੈਚ' ਚੁਣਿਆ ਗਿਆ।