Mumbai Terror Alert on IPL Matches, Terrorist Confirms in interrogation by ATS security hike


IPL 2022: ਆਈਪੀਐੱਲ 'ਚ ਇਸ ਵਾਰ ਅੱਤਵਾਦੀ ਪਰਛਾਵਾਂ ਛਾ ਗਿਆ ਹੈ। ਮੁੰਬਈ ਪੁਲਿਸ ਨੇ IPL ਮੈਚਾਂ 'ਤੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ। ਏਟੀਐਸ ਦੀ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਨੇ ਇਹ ਗੱਲ ਕਬੂਲੀ ਹੈ। ਅੱਤਵਾਦੀਆਂ ਨੇ ਵਾਨਖੇੜੇ ਸਟੇਡੀਅਮ, ਟ੍ਰਾਈਡੈਂਟ ਹੋਟਲ ਤੇ ਆਲੇ-ਦੁਆਲੇ ਦੀ ਸੜਕ ਦੀ ਰੇਕੀ ਕੀਤੀ ਤੇ ਸੁਰੱਖਿਆ ਦਾ ਜਾਇਜ਼ਾ ਵੀ ਲਿਆ। ਆਈਪੀਐਲ ਮੈਚਾਂ ਦੇ ਮੱਦੇਨਜ਼ਰ ਸਟੇਡੀਅਮਾਂ, ਖਿਡਾਰੀਆਂ ਦੇ ਠਹਿਰਣ ਵਾਲੇ ਹੋਟਲਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।


ਸੁਰੱਖਿਆ ਲਈ 26 ਮਾਰਚ ਤੋਂ 22 ਮਈ ਤੱਕ ਕਵਿੱਕ ਰਿਸਪਾਂਸ ਟੀਮ, ਬੰਬ ਸਕੁਐਡ ਤੇ ਸਟੇਟ ਰਿਜ਼ਰਵ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਅੱਤਵਾਦੀਆਂ ਦੇ ਕਬੂਲਨਾਮੇ ਤੋਂ ਬਾਅਦ ਹੁਣ ਖਿਡਾਰੀਆਂ ਦੀ ਬੱਸ ਨੂੰ ਸਮਾਗਮ ਵਾਲੀ ਥਾਂ 'ਤੇ ਲਿਆਉਣ ਲਈ ਵਿਸ਼ੇਸ਼ ਐਸਕਾਰਟ ਮੁਹੱਈਆ ਕਰਵਾਇਆ ਜਾਵੇਗਾ। ਹੋਟਲਾਂ ਵਿੱਚ ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਤੋਂ ਇਲਾਵਾ ਅੰਪਾਇਰਾਂ ਤੇ ਮੈਚ ਅਧਿਕਾਰੀਆਂ ਨੂੰ ਵੀ ਸੁਰੱਖਿਆ ਦਿੱਤੀ ਜਾਵੇਗੀ।


ਇਸ ਆਈਪੀਐਲ ਸੀਜ਼ਨ ਦੇ ਲੀਗ ਮੈਚ ਸਿਰਫ ਮੁੰਬਈ ਤੇ ਪੁਣੇ ਵਿੱਚ ਹੀ ਖੇਡੇ ਜਾਣਗੇ ਤਾਂ ਜੋ ਹਵਾਈ ਯਾਤਰਾ ਤੋਂ ਪ੍ਰਹੇਜ਼ ਕਰਕੇ ਕੋਵਿਡ-19 ਸੰਕਰਮਣ ਦੇ ਜੋਖਮ ਨੂੰ ਸੀਮਤ ਕੀਤਾ ਜਾ ਸਕੇ। ਕੁੱਲ 70 ਲੀਗ ਮੈਚਾਂ 'ਚੋਂ 20 ਮੈਚ ਵਾਨਖੇੜੇ ਸਟੇਡੀਅਮ 'ਚ ਖੇਡੇ ਜਾਣਗੇ ਜਦਕਿ 15 ਮੈਚ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਜਾਣਗੇ। ਨਵੀਂ ਮੁੰਬਈ ਦੇ ਹੋਰ ਦੋ ਵੀਨਸ ਡੀਵਾਈ ਪਾਟਿਲ ਸਟੇਡੀਅਮ ਤੇ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਕ੍ਰਮਵਾਰ 20 ਤੇ 15 ਮੈਚਾਂ ਦੀ ਮੇਜ਼ਬਾਨੀ ਕਰਨਗੇ।


ਮੁੰਬਈ 'ਚ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ (IPL) 'ਚ ਦਰਸ਼ਕ ਸਟੇਡੀਅਮ 'ਚ ਬੈਠ ਕੇ ਮੈਚਾਂ ਦਾ ਆਨੰਦ ਲੈ ਸਕਣਗੇ, ਜਿਸ ਲਈ ਬੁੱਧਵਾਰ ਤੋਂ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਸਟੇਡੀਅਮ ਦੀ ਕੁੱਲ ਸਮਰੱਥਾ ਦਾ 25 ਫੀਸਦੀ ਦਰਸ਼ਕਾਂ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।


ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਸ਼ਨੀਵਾਰ ਨੂੰ ਵਾਨਖੇੜੇ ਸਟੇਡੀਅਮ ਵਿੱਚ ਆਈਪੀਐਲ 2022 ਦੇ ਪਹਿਲੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ। ਆਈਪੀਐਲ ਵਿੱਚ ਦੋ ਨਵੀਆਂ ਟੀਮਾਂ ਲਖਨਊ ਸੁਪਰ ਜਾਇੰਟਸ ਤੇ ਗੁਜਰਾਤ ਟਾਈਟਨਸ ਦੇ ਸ਼ਾਮਲ ਹੋਣ ਨਾਲ ਇਸ ਸੀਜ਼ਨ ਵਿੱਚ ਕੁੱਲ 74 ਮੈਚ ਹੋਣਗੇ।


ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸ਼ਿਕਾਇਤ, ਜਾਣੋ ਪੂਰਾ ਮਾਮਲਾ