Dal Makhani Recipe: ਦਾਲ ਮੱਖਣੀ ਅਜਿਹੀ ਡਿਸ਼ ਹੈ ਜਿਸ ਨੂੰ ਦੇਸ਼ ਦੇ ਨਾਲ ਵਿਦੇਸ਼ ਵਿੱਚ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਕਈ ਵਿਦੇਸ਼ੀਆਂ ਨੂੰ ਵੀ ਇਹ ਦਾਲ ਖੂਬ ਪਸੰਦ ਹੈ। ਹਾਲਾਂਕਿ ਦਾਲ ਦੀਆਂ ਕਈ ਕਿਸਮਾਂ ਕਾਫ਼ੀ ਮਸ਼ਹੂਰ ਹਨ, ਪਰ ਜਦੋਂ ਗੱਲ ਦਾਲ ਮੱਖਣੀ (Dal Makhani) ਦੀ ਆਉਂਦੀ ਹੈ ਤਾਂ ਇਸ ਨੂੰ ਪਸੰਦ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਦਾਲ ਦੇ ਉੱਪਰ ਤੈਰਦਾ ਮੱਖਣ ਮੂੰਹ ਵਿੱਚ ਪਾਣੀ ਲਿਆਉਣ ਲਈ ਕਾਫੀ ਹੁੰਦਾ ਹੈ। ਆਮ ਤੌਰ 'ਤੇ ਅਸੀਂ ਸਾਰਿਆਂ ਨੇ ਹੋਟਲਾਂ ਜਾਂ ਰੈਸਟੋਰੈਂਟਾਂ 'ਚ ਕਈ ਵਾਰ ਦਾਲ ਮੱਖਨੀ ਦਾ ਸਵਾਦ ਜ਼ਰੂਰ ਚੱਖਿਆ ਹੋਵੇਗਾ। ਜੇਕਰ ਤੁਸੀਂ ਵੀ ਰੈਸਟੋਰੈਂਟ ਵਰਗਾ ਸਵਾਦ ਲੈਣ ਲਈ ਘਰ ਵਿੱਚ ਦਾਲ ਮੱਖਨੀ ਬਣਾਉਣਾ ਚਾਹੁੰਦੇ ਹੋ ਤਾਂ ਆਓ ਜਾਂਦੇ ਹਾਂ ਇਸ ਰੈਸਿਪੀ ਬਾਰੇ।



ਇਹ ਰੈਸਿਪੀ ਕਾਫੀ ਆਸਾਨ ਹੈ ਅਤੇ ਇਸ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਸੁਆਦੀ ਦਾਲ ਮੱਖਨੀ ਤਿਆਰ ਕਰ ਸਕਦੇ ਹੋ।


ਦਾਲ ਮੱਖਣੀ ਬਣਾਉਣ ਲਈ ਸਮੱਗਰੀ


ਰਾਜਮਾ - 1/2 ਕੱਪ


ਛੋਲਿਆਂ ਦੀ ਦਾਲ - 1/2 ਕੱਪ


ਮਾਂਹ ਦੀ ਦਾਲ - 1 ਕੱਪ


ਕਰੀਮ - 4 ਚਮਚ


ਦੁੱਧ - 1/2 ਕੱਪ


ਮੱਖਣ - 3 ਚਮਚ


ਟਮਾਟਰ ਬਾਰੀਕ ਕੱਟੇ ਹੋਏ - 2


ਪਿਆਜ਼ ਬਾਰੀਕ ਕੱਟਿਆ ਹੋਇਆ - 1


ਹਰੀ ਮਿਰਚ ਬਾਰੀਕ ਕੱਟੀ ਹੋਈ – 3


ਲਾਲ ਮਿਰਚ ਪਾਊਡਰ - 1/2 ਚਮਚ


ਹਲਦੀ - 1/2 ਚਮਚ


ਲੌਂਗ - 3


ਜੀਰਾ - 1/2 ਚਮਚ


ਕਸੂਰੀ ਮੇਥੀ - 1 ਚਮਚ


ਅਦਰਕ-ਲਸਣ ਦਾ ਪੇਸਟ - 1 ਚਮਚ


ਹਿੰਗ - 1 ਚੁਟਕੀ


ਗਰਮ ਮਸਾਲਾ - 1/4 ਚਮਚ


ਧਨੀਆ ਪਾਊਡਰ - 1 ਚਮਚ


ਕਸ਼ਮੀਰੀ ਲਾਲ ਮਿਰਚ - 1/2 ਚਮਚ


ਅੰਬ ਪਾਊਡਰ - 1/2 ਚਮਚ


ਤੇਲ - 4 ਚਮਚ


ਲੂਣ - ਸੁਆਦ ਅਨੁਸਾਰ


ਦਾਲ ਮੱਖਣੀ ਬਣਾਉਣ ਦਾ ਤਰੀਕਾ


ਦਾਲ ਮੱਖਨੀ ਬਣਾਉਣ ਲਈ ਸਭ ਤੋਂ ਪਹਿਲਾਂ ਮਾਂਹ ਦੀ ਦਾਲ, ਛੋਲਿਆਂ ਦੀ ਦਾਲ ਅਤੇ ਰਾਜਮਾ ਲੈ ਕੇ ਚੰਗੀ ਤਰ੍ਹਾਂ ਸਾਫ਼ ਕਰ ਲਓ ਅਤੇ 5-6 ਘੰਟੇ ਲਈ ਪਾਣੀ 'ਚ ਭਿਓ ਦਿਓ। ਇਸ ਤੋਂ ਬਾਅਦ ਦਾਲ ਅਤੇ ਰਾਜਮਾਂਹ ਨੂੰ ਚੰਗੀ ਤਰ੍ਹਾਂ ਧੋ ਲਓ। ਹੁਣ ਪ੍ਰੈਸ਼ਰ ਕੁੱਕਰ ਵਿੱਚ ਦਾਲਾਂ ਅਤੇ ਰਾਜਮਾਂਹ ਨੂੰ ਪਾ ਦਿਓ। ਇਸ ਵਿੱਚ 4 ਕੱਪ ਪਾਣੀ ਮਿਲਾਓ, ਫਿਰ ਹਲਦੀ, ਦੁੱਧ, ਲਾਲ ਮਿਰਚ ਪਾਊਡਰ ਅਤੇ ਨਮਕ ਪਾਓ ਅਤੇ ਕੁੱਕਰ ਨੂੰ ਢੱਕਣ ਨਾਲ ਢੱਕ ਦਿਓ।


ਇਸ ਤੋਂ ਬਾਅਦ, ਮੱਧਮ ਆਂਚ ਉੱਤੇ ਇਸ ਨੂੰ ਪਕਾਉ ਅਤੇ 5 ਤੋਂ 6 ਸੀਟੀਆਂ ਲਗਵਾ ਲਓ। ਕੁੱਕਰ ਦਾ ਢੱਕਣ ਖੋਲ ਕੇ ਇੱਕ ਕੜਛੀ ਦੀ ਮਦਦ ਨਾਲ ਦਾਲ ਨੂੰ ਚੰਗੀ ਤਰ੍ਹਾਂ ਮਿਲਾਓ।


ਹੁਣ ਇਕ ਪੈਨ ਲਓ ਅਤੇ ਇਸ ਵਿਚ ਤੇਲ ਪਾਓ ਅਤੇ ਮੱਧਮ ਗੈਸ 'ਤੇ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਲੌਂਗ, ਜੀਰਾ ਅਤੇ ਹੀਂਗ ਪਾ ਕੇ ਭੁੰਨ ਲਓ। ਹੁਣ ਇਸ ਵਿਚ ਅਦਰਕ-ਲਸਣ ਦਾ ਪੇਸਟ ਪਾਓ ਅਤੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਭੁੰਨ ਲਓ। ਫਿਰ ਇਸ ਮਿਸ਼ਰਣ 'ਚ ਪਿਆਜ਼ ਅਤੇ ਹਰੀ ਮਿਰਚ ਪਾ ਕੇ ਫਰਾਈ ਕਰੋ। ਜਦੋਂ ਪਿਆਜ਼ ਨਰਮ ਹੋ ਜਾਣ ਤਾਂ ਇਸ ਵਿੱਚ ਟਮਾਟਰ ਪਾ ਕੇ ਢੱਕ ਕੇ ਚਾਰ ਤੋਂ ਪੰਜ ਮਿੰਟ ਤੱਕ ਪੱਕਣ ਦਿਓ।


ਹੁਣ ਦਾਲ 'ਚ ਕਸ਼ਮੀਰੀ ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ ਅਤੇ ਅਮਚੂਰ ਪਾਊਡਰ ਪਾ ਕੇ ਮਿਕਸ ਕਰ ਲਓ। ਜੇਕਰ ਦਾਲ ਗਾੜੀ ਲੱਗਦੀ ਪਈ ਹੈ ਤਾਂ ਇਸ 'ਚ ਥੋੜ੍ਹਾ ਜਿਹਾ ਪਾਣੀ ਪਾ ਲਓ। ਇਸ ਤੋਂ ਬਾਅਦ ਦਾਲ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਲਗਭਗ 5 ਮਿੰਟ ਤੱਕ ਉਬਲਣ ਦਿਓ, ਇਸ ਤੋਂ ਬਾਅਦ ਗੈਸ ਨੂੰ ਬੰਦ ਕਰ ਦਿਓ। ਹੁਣ ਦਾਲ ਨੂੰ ਮੱਖਣ, ਕਰੀਮ, ਕਸੂਰੀ ਮੇਥੀ ਅਤੇ ਕੱਟੇ ਹੋਏ ਧਨੀਆ ਪੱਤੇ ਨਾਲ ਗਾਰਨਿਸ਼ ਕਰੋ। ਖਾਣ ਦੇ ਲਈ ਹੁਣ ਤੁਹਾਡੀ ਸੁਆਦੀ ਦਾਲ ਮੱਖਨੀ ਤਿਆਰ ਹੈ। ਇਸ ਨੂੰ ਨਾਨ, ਪਰਾਂਠਾ, ਰੋਟੀ ਜਾਂ ਚੌਲਾਂ ਨਾਲ ਪਰੋਸਿਆ ਜਾ ਸਕਦਾ ਹੈ।