Bad Food Combination: ਦੁੱਧ ਲਗਪਗ ਹਰ ਕੋਈ ਪੀਂਦਾ ਹੈ। ਦੁੱਧ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ ਪਰ ਇਸ ਨਾਲ ਕੁੱਝ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹੇ ਕਈ ਫੂਡ ਹਨ ਜੋ ਦੁੱਧ ਨਾਲ ਇਕੱਠੇ ਸੇਵਨ ਕਰਨ 'ਤੇ ਸਰੀਰ ਲਈ ਨੁਕਸਾਨਦੇਹ ਹੋ ਜਾਂਦੇ ਹਨ। ਅੱਜ ਜਾਣੋ ਦੁੱਧ ਨਾਲ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਆਯੁਰਵੈਦਿਕ ਮਾਹਿਰਾਂ ਨੇ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਬਾਰੇ ਦੱਸਿਆ ਹੈ ਜਿਨ੍ਹਾਂ ਨੂੰ ਦੁੱਧ ਨਾਲ ਸ਼ਾਮਲ ਨਹੀਂ ਕਰਨਾ ਚਾਹੀਦਾ।



1. ਨਮਕ
ਨਮਕੀਨ ਚੀਜ਼ਾਂ ਨੂੰ ਦੁੱਧ ਨਾਲ ਨਹੀਂ ਖਾਣਾ ਚਾਹੀਦਾ। ਆਯੁਰਵੇਦ ਵਿੱਚ ਦੁੱਧ ਤੇ ਨਮਕ ਨੂੰ ਇੱਕ ਦੂਜੇ ਦੇ ਵਿਰੋਧੀ ਬਿਰਤੀ ਵਾਲੇ ਦੱਸਿਆ ਗਿਆ ਹੈ। ਨਮਕ ਦੁੱਧ ਨੂੰ ਜ਼ਹਿਰੀਲਾ ਬਣਾ ਸਕਦਾ ਹੈ, ਜਿਸ ਨਾਲ ਸਰੀਰ 'ਚ ਚਮੜੀ ਨਾਲ ਸਬੰਧਤ ਬੀਮਾਰੀਆਂ ਵਧਣ ਲੱਗਦੀਆਂ ਹਨ। ਦੁੱਧ ਵਾਲੀ ਕੌਫੀ ਦੇ ਨਾਲ ਨਮਕੀਨ ਬਿਸਕੁਟ ਕਦੇ ਵੀ ਨਹੀਂ ਖਾਣੇ ਚਾਹੀਦੇ। ਇਹ ਇੱਕ ਖਰਾਬ ਭੋਜਨ ਸੁਮੇਲ ਹੈ।


2. ਮੱਛੀ
ਦੁੱਧ ਤੇ ਮੱਛੀ ਸਭ ਤੋਂ ਭੈੜਾ ਭੋਜਨ ਸੁਮੇਲ ਹੈ। ਮੱਛੀ ਖਾਣ ਤੋਂ ਬਾਅਦ ਦੁੱਧ ਦਾ ਸੇਵਨ ਕਰਨ ਨਾਲ ਚਮੜੀ ਨਾਲ ਸਬੰਧਤ ਬਿਮਾਰੀਆਂ ਹੋ ਸਕਦੀਆਂ ਹਨ। ਦੁੱਧ ਦੀ ਤਾਸੀਰ ਠੰਢੀ ਹੁੰਦੀ ਹੈ ਜਦੋਂਕਿ ਮੱਛੀ ਦੀ ਤਾਸੀਰ ਗਰਮ ਹੁੰਦੀ ਹੈ। ਜਦੋਂ ਉਹ ਆਪਸ ਵਿੱਚ ਮਿਲਦੇ ਹਨ, ਤਾਂ ਪੇਟ ਵਿੱਚ ਇੱਕ ਖਰਾਬ ਮਿਸ਼ਰਣ ਬਣ ਜਾਂਦਾ ਹੈ ਜੋ ਸਰੀਰ ਲਈ ਨੁਕਸਾਨਦੇਹ ਹੁੰਦਾ ਹੈ।


3. ਗੁੜ
ਮੱਛੀ ਦੀ ਤਰ੍ਹਾਂ ਗੁੜ ਵੀ ਗਰਮ ਤਾਸੀਰ ਵਾਲਾ ਹੁੰਦਾ ਹੈ ਤੇ ਦੁੱਧ ਠੰਢੀ ਤਾਸੀਰ ਵਾਲਾ ਹੁੰਦਾ ਹੈ। ਇਨ੍ਹਾਂ ਦੇ ਮਿਸ਼ਰਨ ਨੂੰ ਵੀ ਸਹੀ ਨਹੀਂ ਮੰਨਿਆ ਜਾਂਦਾ। ਬੇਸ਼ੱਕ ਗਰਮ ਦੁੱਧ ਨਾਲ ਲੋਕ ਗੁੜ ਖਾਂਦੇ ਹਨ ਪਰ ਆਯੁਰਵੇਦ ਵਿੱਚ ਇਸ ਨੂੰ ਸਹੀ ਨਹੀਂ ਦੱਸਿਆ ਗਿਆ।



4. ਖੱਟੇ ਫਲ
ਖੱਟੇ ਫਲਾਂ ਦਾ ਸੇਵਨ ਦੁੱਧ ਨਾਲ ਨਹੀਂ ਕਰਨਾ ਚਾਹੀਦਾ। ਦੁੱਧ 'ਚ ਨਿੰਬੂ ਮਿਲਾਉਣ ਨਾਲ ਦਹੀਂ ਬਣ ਜਾਂਦਾ ਹੈ, ਉਸੇ ਤਰ੍ਹਾਂ ਦੁੱਧ ਨਾਲ ਖੱਟੇ ਫਲਾਂ ਦਾ ਸੇਵਨ ਸਾਡੇ ਪੇਟ 'ਚ ਦਾਖਲ ਹੁੰਦੇ ਹੀ ਪ੍ਰਤੀਕਿਆ ਸ਼ੁਰੂ ਕਰ ਦਿੰਦਾ ਹੈ ਤੇ ਐਸੀਡਿਟੀ ਵਧਾਉਂਦਾ ਹੈ।


5. ਕੇਲਾ
ਕੇਲਾ ਤੇ ਦੁੱਧ ਇਕੱਠੇ ਖਾਣ ਨਾਲ ਹਜ਼ਮ ਹੋਣ 'ਚ ਕਾਫੀ ਸਮਾਂ ਲੱਗਦਾ ਹੈ। ਇਸ ਦਾ ਨਿਯਮਤ ਸੇਵਨ ਕਰਨ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਉਂਝ ਜਿਨ੍ਹਾਂ ਨੂੰ ਪਾਚਨ ਦੀ ਸਮੱਸਿਆ ਨਹੀਂ, ਉਹ ਇਸ ਦਾ ਸੇਵਨ ਕਰ ਸਕਦੇ ਹਨ।


ਦੱਸ ਦਈਏ ਕਿ ਦੁੱਧ ਪੀਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਪਹਿਲਾਂ ਇਸ ਨੂੰ ਉਬਾਲੋ। ਫਿਰ ਇਸ ਵਿੱਚ ਇੱਕ ਚੁਟਕੀ ਸੁੱਕੇ ਅਦਰਕ ਦਾ ਪਾਊਡਰ ਤੇ ਥੋੜ੍ਹੀ ਜਿਹੀ ਚੀਨੀ ਮਿਲਾ ਕੇ ਪੀਓ। ਇਹ ਮਿਸ਼ਰਨ ਸਿਹਤ ਲਈ ਕਾਫੀ ਫਾਇਦੇਮੰਦ ਹੈ।