How to Keep Water Cold in Matka: ਬੇਸ਼ੱਕ ਹਰ ਘਰ ਫਰਿੱਜ ਪਹੁੰਚ ਗਈ ਹੈ ਪਰ ਅੱਜ ਵੀ ਕਈ ਲੋਕ ਘੜੇ ਦਾ ਪਾਣੀ ਪੀਣਾ ਪਸੰਦ ਕਰਦੇ ਹਨ। ਡਾਕਟਰਾਂ ਦਾ ਵੀ ਕਹਿਣਾ ਹੈ ਕਿ ਘੜੇ ਦਾ ਪਾਣੀ ਸਿਹਤ ਲਈ ਬੇਹਤਰ ਹੁੰਦਾ ਹੈ। ਦੂਜੇ ਪਾਸੇ ਵਾਤਾਵਰਨ ਦੀ ਤਬਦੀਲੀ ਕਰਕੇ ਗਰਮੀ ਇੰਨੀ ਵਧ ਗਈ ਹੈ ਕਿ ਕਈ ਵਾਰ ਘੜੇ 'ਚ ਪਾਣੀ ਜ਼ਿਆਦਾ ਸਮਾਂ ਠੰਢਾ ਨਹੀਂ ਰਹਿੰਦਾ। ਅਜਿਹੇ 'ਚ ਤੁਸੀਂ ਘੜੇ 'ਚ ਪਾਣੀ ਨੂੰ ਠੰਢਾ ਰੱਖਣ ਲਈ ਕੁਝ ਟਿਪਸ ਅਪਣਾ ਸਕਦੇ ਹੋ।



ਦਰਅਸਲ, ਕੋਰੇ ਘੜੇ ਵਿੱਚ ਪਾਣੀ ਰੱਖਣ ਨਾਲ ਇਹ ਇੱਕ-ਦੋ ਹਫ਼ਤੇ ਤੱਕ ਚੰਗੀ ਤਰ੍ਹਾਂ ਠੰਢਾ ਰਹਿੰਦਾ ਹੈ, ਪਰ ਜਿਵੇਂ-ਜਿਵੇਂ ਘੜਾ ਪੁਰਾਣਾ ਹੁੰਦਾ ਜਾਂਦਾ ਹੈ, ਪਾਣੀ ਦੀ ਠੰਢਕ ਵੀ ਘੱਟ ਜਾਂਦੀ ਹੈ। ਅਜਿਹੇ 'ਚ ਤੁਸੀਂ ਘੜੇ 'ਚ ਪਾਣੀ ਨੂੰ ਹਮੇਸ਼ਾ ਠੰਢਾ ਰੱਖਣ ਲਈ ਇਹ ਤਰੀਕੇ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਘੜੇ 'ਚ ਪਾਣੀ ਨੂੰ ਠੰਢਾ ਕਰਨ ਦੇ ਤਰੀਕਿਆਂ ਬਾਰੇ।



ਮਿੱਟੀ ਜਾਂ ਲੱਕੜ ਦੇ ਸਾਂਚੇ ਦੀ ਵਰਤੋਂ ਕਰੋ
ਜ਼ਿਆਦਾਤਰ ਲੋਕ ਪਾਣੀ ਦੇ ਘੜੇ ਨੂੰ ਸਿੱਧਾ ਰਸੋਈ ਦੀ ਸਲੈਬ 'ਤੇ ਰੱਖਣਾ ਪਸੰਦ ਕਰਦੇ ਹਨ। ਅਜਿਹੇ 'ਚ ਜਦੋਂ ਗਰਮੀ ਕਾਰਨ ਸਲੈਬ ਦਾ ਫਰਸ਼ ਗਰਮ ਹੋ ਜਾਂਦਾ ਹੈ ਤਾਂ ਇਸ ਦਾ ਅਸਰ ਘੜੇ 'ਤੇ ਵੀ ਪੈਂਦਾ ਹੈ। ਇਸ ਕਾਰਨ ਪਾਣੀ ਠੀਕ ਤਰ੍ਹਾਂ ਠੰਢਾ ਨਹੀਂ ਹੁੰਦਾ। ਅਜਿਹੇ 'ਚ ਤੁਸੀਂ ਮਿੱਟੀ ਜਾਂ ਲੱਕੜ ਦੇ ਸਾਂਚੇ ਦੀ ਵਰਤੋਂ ਕਰ ਸਕਦੇ ਹੋ। 


ਇਸ ਤੋਂ ਇਲਾਵਾ ਮਿੱਟੀ ਦੇ ਬੱਠਲ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਲਈ ਬਾਜ਼ਾਰ ਤੋਂ ਕੋਈ ਬੱਠਲ ਜਾਂ ਮਿੱਟੀ ਦਾ ਹੋਰ ਵੱਡਾ ਭਾਂਡਾ ਖਰੀਦੋ। ਇਸ ਨੂੰ ਪਾਣੀ ਨਾਲ ਭਰ ਦਿਓ ਤੇ ਘੜੇ ਨੂੰ ਇਸ ਵਿੱਚ ਰੱਖ ਦਿਓ। ਇਸ ਤਰ੍ਹਾਂ ਘੜਾ ਫਰਸ਼ ਦੇ ਸਿੱਧੇ ਸੰਪਰਕ ਵਿੱਚ ਨਹੀਂ ਆਵੇਗਾ ਤੇ ਪਾਣੀ ਪੂਰੀ ਤਰ੍ਹਾਂ ਠੰਢਾ ਰਹੇਗਾ।



ਗਿੱਲੇ ਕੱਪੜੇ ਦੀ ਮਦਦ ਲਓ
ਘੜੇ 'ਚ ਪਾਣੀ ਨੂੰ ਠੰਢਾ ਰੱਖਣ ਲਈ ਤੁਸੀਂ ਕੱਪੜੇ ਦੀ ਮਦਦ ਵੀ ਲੈ ਸਕਦੇ ਹੋ। ਇਸ ਲਈ ਲਗਪਗ ਦੋ-ਤਿੰਨ ਮੀਟਰ ਸੂਤੀ ਕੱਪੜਾ ਜਾਂ ਬੋਰੀ ਲਓ ਤੇ ਇਸ ਨੂੰ ਪਾਣੀ 'ਚ ਚੰਗੀ ਤਰ੍ਹਾਂ ਭਿਓ ਕੇ ਘੜੇ ਦੇ ਦੁਆਲੇ ਲਪੇਟ ਦਿਓ। ਧਿਆਨ ਰਹੇ ਕਿ ਇਹ ਕੱਪੜਾ ਸੁੱਕਣਾ ਨਹੀਂ ਚਾਹੀਦਾ। ਇਸ ਲਈ ਜਦੋਂ ਵੀ ਇਹ ਕੱਪੜਾ ਸੁੱਕਣ ਲੱਗੇ ਤਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਭਿਓਂ ਦਿਓ। ਇਸ ਕਾਰਨ ਬਾਹਰ ਦਾ ਗਰਮ ਤਾਪਮਾਨ ਘੜੇ 'ਤੇ ਕੋਈ ਅਸਰ ਨਹੀਂ ਕਰੇਗਾ ਤੇ ਘੜੇ ਦਾ ਪਾਣੀ ਠੰਢਾ ਰਹੇਗਾ।


ਇਸ ਤਰੀਕੇ ਨਾਲ ਮਟਕਾ ਖਰੀਦੋ
ਘੜੇ ਵਿੱਚ ਪਾਣੀ ਨੂੰ ਠੰਢਾ ਰੱਖਣ ਲਈ, ਘੜੇ ਨੂੰ ਖਰੀਦਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਪਾਣੀ ਨੂੰ ਠੰਢਾ ਰੱਖਣ ਲਈ ਪੱਕੀ ਮਿੱਟੀ ਦਾ ਘੜਾ ਖਰੀਦੋ। ਬਰਤਨ ਨੂੰ ਖਰੀਦਦੇ ਸਮੇਂ, ਇਸ ਨੂੰ ਹੱਥ ਨਾਲ ਹਲਕਾ ਜਿਹਾ ਖੜਕਾਓ। ਜੇਕਰ ਘੜਾ ਪੱਕੀ ਮਿੱਟੀ ਦਾ ਬਣਿਆ ਹੋਵੇਗਾ ਤਾਂ ਹੌਲੀ-ਹੌਲੀ ਖੜਕਾਉਣ 'ਤੇ ਵੀ ਉੱਚੀ ਆਵਾਜ਼ ਆਵੇਗੀ। ਇਸ ਤਰ੍ਹਾਂ ਦੇ ਘੜੇ ਵਿੱਚ ਪਾਣੀ ਹਮੇਸ਼ਾ ਠੰਢਾ ਰਹੇਗਾ।