ਅਸੀਂ ਅਕਸਰ ਆਪਣੇ ਰੋਜ਼ਾਨਾ ਦੇ ਰੁਟੀਨ ਵਿੱਚ ਬਿਨਾਂ ਸੋਚੇ ਸਮਝੇ ਕੁਝ ਅਜਿਹੀਆਂ ਚੀਜ਼ਾਂ ਸ਼ਾਮਲ ਕਰ ਲੈਂਦੇ ਹਾਂ ਜੋ ਹੌਲੀ-ਹੌਲੀ ਸਾਡੀ ਸਿਹਤ 'ਤੇ ਗੰਭੀਰ ਅਸਰ ਪਾ ਸਕਦੀਆਂ ਹਨ। ਉਦਾਹਰਨ ਵਜੋਂ, ਐਲੂਮੀਨੀਅਮ ਦੇ ਬਰਤਨ। ਅੱਜ ਵੀ ਕਈ ਘਰਾਂ ਵਿੱਚ ਖਾਣਾ ਬਣਾਉਣ ਲਈ ਐਲੂਮੀਨੀਅਮ ਦੀ ਕੜਾਹੀ, ਤਵਾ ਜਾਂ ਕੁੱਕਰ ਵਰਤੇ ਜਾਂਦੇ ਹਨ। ਇਹ ਬਰਤਨ ਹਲਕੇ ਹੁੰਦੇ ਹਨ ਅਤੇ ਸਸਤੇ ਵੀ, ਇਸ ਲਈ ਲੋਕਾਂ ਵਿੱਚ ਵਧੇਰੇ ਪਸੰਦੀਦਾ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਬਰਤਨਾਂ ਵਿੱਚ ਬਣਿਆ ਖਾਣਾ ਹੌਲੀ-ਹੌਲੀ ਸਰੀਰ ਵਿੱਚ ਜ਼ਹਿਰ ਵਾਂਗ ਕੰਮ ਕਰ ਸਕਦਾ ਹੈ?
ਕਈ ਰਿਸਰਚਾਂ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਐਲੂਮੀਨੀਅਮ ਦੇ ਬਰਤਨਾਂ ਵਿੱਚ ਖਾਣਾ ਬਣਾਉਣ ਨਾਲ ਹਰ ਰੋਜ਼ ਲਗਭਗ 1 ਤੋਂ 2 ਮਿਲੀਗ੍ਰਾਮ ਐਲੂਮੀਨੀਅਮ ਸਾਡੇ ਖਾਣੇ ਵਿੱਚ ਮਿਲ ਜਾਂਦਾ ਹੈ। ਇਹ ਮਾਤਰਾ ਸੁਣਨ ਵਿੱਚ ਤਾਂ ਘੱਟ ਲੱਗ ਸਕਦੀ ਹੈ, ਪਰ ਜੇਕਰ ਲੰਮੇ ਸਮੇਂ ਤੱਕ ਇਨ੍ਹਾਂ ਬਰਤਨਾਂ ਦਾ ਵਰਤੋਂ ਜਾਰੀ ਰੱਖੀ ਜਾਵੇ ਤਾਂ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਘੇਰ ਸਕਦੀਆਂ ਹਨ। ਆਓ ਜਾਣੀਏ ਕਿ ਐਲੂਮੀਨੀਅਮ ਦੇ ਬਰਤਨਾਂ ਵਿੱਚ ਖਾਣਾ ਬਣਾਉਣ ਨਾਲ ਕੀ-ਕੀ ਨੁਕਸਾਨ ਹੋ ਸਕਦੇ ਹਨ।
ਕਿਡਨੀ 'ਤੇ ਪੈਂਦਾ ਹੈ ਬੁਰਾ ਅਸਰ
ਜੇਕਰ ਸਰੀਰ ਵਿੱਚ ਐਲੂਮੀਨੀਅਮ ਵੱਧ ਮਾਤਰਾ ਵਿੱਚ ਇਕੱਠਾ ਹੋ ਜਾਵੇ ਤਾਂ ਇਹ ਕਿਡਨੀ ਲਈ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਰਿਸਰਚਾਂ ਵਿੱਚ ਸਾਹਮਣੇ ਆਇਆ ਹੈ ਕਿ ਸਰੀਰ ਵਿੱਚ ਜੰਮਿਆ ਐਲੂਮੀਨੀਅਮ ਹੌਲੀ-ਹੌਲੀ ਟੌਕਸਿਕ ਏਜੰਟ ਵਾਂਗ ਕੰਮ ਕਰਨ ਲੱਗਦਾ ਹੈ, ਜੋ ਕਿ ਕਿਡਨੀ ਦੇ ਕੰਮ 'ਚ ਰੁਕਾਵਟ ਪਾ ਸਕਦਾ ਹੈ। ਇਸ ਕਾਰਨ ਕਿਡਨੀ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਕੁਝ ਕੇਸਾਂ ਵਿੱਚ ਤਾਂ ਇਹ ‘ਰਿਨਲ ਫੇਲਿਅਰ’ ਜਾਂ ਕਿਡਨੀ ਫੇਲ ਹੋਣ ਦਾ ਕਾਰਨ ਵੀ ਬਣ ਸਕਦਾ ਹੈ। ਜੇਕਰ ਤੁਹਾਡੀ ਕਿਡਨੀ ਪਹਿਲਾਂ ਤੋਂ ਕਮਜ਼ੋਰ ਹੈ ਤਾਂ ਐਲੂਮੀਨੀਅਮ ਤੁਹਾਡੇ ਲਈ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ।
ਦਿਮਾਗ 'ਤੇ ਅਸਰ ਅਤੇ ਅਲਜ਼ਾਈਮਰ ਦਾ ਖਤਰਾ
ਕੁਝ ਰਿਸਰਚਾਂ ਵਿੱਚ ਪਤਾ ਲੱਗਿਆ ਹੈ ਕਿ ਅਲਜ਼ਾਈਮਰ ਅਤੇ ਪਾਰਕਿੰਸਨ ਵਰਗੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਦੇ ਦਿਮਾਗ ਵਿੱਚ ਐਲੂਮੀਨੀਅਮ ਦੀ ਮਾਤਰਾ ਆਮ ਤੋਂ ਕਈ ਗੁਣਾ ਵੱਧ ਪਾਈ ਗਈ ਹੈ। ਇਸ ਤੋਂ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਐਲੂਮੀਨੀਅਮ ਸਾਡੇ ਦਿਮਾਗ ਦੀਆਂ ਨਰਵਾਂ ਨੂੰ ਪ੍ਰਭਾਵਤ ਕਰਦਾ ਹੈ ਅਤੇ ਯਾਦਦਾਸ਼ਤ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਲਗਾਤਾਰ ਸਿਰ ਦਰਦ ਹੋਣਾ ਅਤੇ ਯਾਦਦਾਸ਼ਤ ਕਮਜ਼ੋਰ ਹੋਣਾ ਇਸਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਹਾਲਾਂਕਿ ਵਿਗਿਆਨੀ ਅਜੇ ਵੀ ਇਸ ਵਿਸ਼ੇ 'ਤੇ ਹੋਰ ਖੋਜ ਕਰ ਰਹੇ ਹਨ।
ਇਮਿਊਨ ਸਿਸਟਮ 'ਤੇ ਅਸਰ
ਐਲੂਮੀਨੀਅਮ ਦਾ ਲਗਾਤਾਰ ਸੇਵਨ ਸਾਡੇ ਸਰੀਰ ਦੇ ਇਮਿਊਨ ਸਿਸਟਮ ਨੂੰ ਵੀ ਕਮਜ਼ੋਰ ਕਰ ਸਕਦਾ ਹੈ। ਕਮਜ਼ੋਰ ਇਮਿਊਨ ਸਿਸਟਮ ਦਾ ਮਤਲਬ ਇਹ ਹੈ ਕਿ ਸਰੀਰ ਛੋਟੀਆਂ-ਛੋਟੀਆਂ ਬਿਮਾਰੀਆਂ ਨਾਲ ਵੀ ਢੰਗ ਨਾਲ ਲੜ ਨਹੀਂ ਸਕਦਾ ਅਤੇ ਵਾਰ-ਵਾਰ ਬਿਮਾਰ ਹੋਣਾ ਆਮ ਗੱਲ ਬਣ ਜਾਂਦੀ ਹੈ। ਇਸ ਨਾਲ ਸਰੀਰ ਹਰ ਵੇਲੇ ਥੱਕਿਆ-ਥੱਕਿਆ ਮਹਿਸੂਸ ਕਰਦਾ ਹੈ ਅਤੇ ਵਿਅਕਤੀ ਹੌਲੀ-ਹੌਲੀ ਕਮਜ਼ੋਰ ਹੋਣ ਲੱਗਦਾ ਹੈ।
ਐਸਿਡਿਕ ਰਿਆਕਸ਼ਨ ਅਤੇ ਖਾਣੇ ਵਿੱਚ ਵੱਧਦਾ ਜ਼ਹਿਰ
ਜਦੋਂ ਐਲੂਮੀਨੀਅਮ ਦੇ ਬਰਤਨਾਂ ਵਿੱਚ ਟਮਾਟਰ, ਨਿੰਬੂ ਜਾਂ ਸਿਰਕੇ ਵਰਗੀਆਂ ਖੱਟੀਆਂ ਚੀਜ਼ਾਂ ਪਕਾਈਆਂ ਜਾਂਦੀਆਂ ਹਨ, ਤਾਂ ਇਹਨਾਂ ਵਿੱਚ ਰਸਾਇਣਕ ਪ੍ਰਤੀਕ੍ਰਿਆ (ਕੈਮਿਕਲ ਰਿਆਕਸ਼ਨ) ਹੁੰਦੀ ਹੈ। ਇਸ ਰਿਆਕਸ਼ਨ ਕਾਰਨ ਖਾਣੇ ਵਿੱਚ ਵੱਧ ਮਾਤਰਾ ਵਿੱਚ ਐਲੂਮੀਨੀਅਮ ਘੁਲ ਜਾਂਦਾ ਹੈ, ਜੋ ਖਾਣੇ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਉਹ ਜ਼ਹਿਰੀਲਾ ਹੋ ਸਕਦਾ ਹੈ। ਇਹ ਤਰ੍ਹਾਂ ਦਾ ਖਾਣਾ ਸਾਡੀ ਪਾਚਣ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਕੈਂਸਰ ਦਾ ਖਤਰਾ
ਹਾਲਾਂਕਿ ਇਸ ਗੱਲ ਦਾ ਕੋਈ ਪੱਕਾ ਵਿਗਿਆਨਕ ਸਬੂਤ ਨਹੀਂ ਹੈ ਕਿ ਐਲੂਮੀਨੀਅਮ ਸਿੱਧਾ ਕੈਂਸਰ ਦਾ ਕਾਰਨ ਬਣਦਾ ਹੈ, ਪਰ ਇਹ ਮੰਨਿਆ ਜਾਂਦਾ ਹੈ ਕਿ ਐਲੂਮੀਨੀਅਮ ਨਾਲ ਬਣੀਆਂ ਚੀਜ਼ਾਂ ਦੀ ਲਗਾਤਾਰ ਵਰਤੋਂ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਵਧਾ ਸਕਦੀ ਹੈ, ਜਿਸ ਨਾਲ ਕੈਂਸਰ ਸੈਲ ਬਣਨ ਦੀ ਸੰਭਾਵਨਾ ਹੋ ਸਕਦੀ ਹੈ। ਇਸ ਲਈ ਸਾਵਧਾਨੀ ਵਰਤਣਾ ਹੀ ਸਮਝਦਾਰੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।