ਦਫ਼ਤਰ ਜਾਂ ਕਾਲਜ ਤੋਂ ਵਾਪਸ ਆਉਂਦੇ ਹੀ ਜਦੋਂ ਜ਼ੋਰ ਦੀ ਭੁੱਖ ਲੱਗੀ ਹੋਵੇ ਅਤੇ 15-20 ਮਿੰਟਾਂ 'ਚ ਤੁਹਾਡਾ ਮਨਪਸੰਦ ਖਾਣਾ ਕਿਸੇ ਮਿਹਨਤ ਤੋਂ ਬਿਨਾਂ ਕਾਲੇ ਪਲਾਸਟਿਕ ਦੇ ਡੱਬਿਆਂ 'ਚ ਫੈਂਸੀ ਪੈਕਿੰਗ ਨਾਲ ਤੁਹਾਡੇ ਦਰਵਾਜ਼ੇ ਤੱਕ ਪਹੁੰਚ ਜਾਂਦਾ ਹੈ। ਜਿਸ ਨੂੰ ਤੁਸੀਂ ਝਟ ਖਾ ਲੈਂਦੇ ਹੋ ਤੇ ਭੁੱਖ ਨੂੰ ਸ਼ਾਂਤ ਕਰ ਲੈਂਦੇ ਹੋ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਥੋੜ੍ਹੀ ਦੇਰ ਦੀ ਖੁਸ਼ੀ ਲੰਬੇ ਸਮੇਂ 'ਚ ਤੁਹਾਨੂੰ ਕਈ ਜਾਨਲੇਵਾ ਬਿਮਾਰੀਆਂ ਦੇ ਵਿੱਚ ਘੇਰ ਸਕਦੀ ਹੈ?
ਜੀ ਹਾਂ, ਗੱਲ ਹੋਟਲ ਦੇ ਖਾਣੇ ਦੀ ਨਹੀਂ, ਸਗੋਂ ਉਸਨੂੰ ਪੈਕ ਕਰਨ ਲਈ ਵਰਤੇ ਜਾਂਦੇ ਕਾਲੇ ਪਲਾਸਟਿਕ ਦੇ ਡੱਬਿਆਂ ਦੀ ਹੋ ਰਹੀ ਹੈ। ਇਹ ਪਲਾਸਟਿਕ ਡੱਬੇ, ਜਿਨ੍ਹਾਂ ਵਿੱਚ ਹਾਨੀਕਾਰਕ ਰਸਾਇਣ (ਕੈਮੀਕਲ) ਹੁੰਦੇ ਹਨ, ਸਿਹਤ ਨੂੰ ਨੁਕਸਾਨ ਪਹੁੰਚਾ ਕੇ ਦਿਲ ਦੀ ਬਿਮਾਰੀ, ਕੈਂਸਰ ਅਤੇ ਹਾਰਮੋਨਲ ਗੜਬੜ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੇ ਹਨ।
ਹਾਲ ਹੀ ਵਿੱਚ ScienceDirect.com 'ਤੇ ਛੱਪੀ ਇਕ ਨਵੀਂ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਲਾਸਟਿਕ ਦੇ ਕੰਟੇਨਰਾਂ ਵਿੱਚ ਖਾਣਾ ਪਰੋਸਣ ਜਾਂ ਖਾਣ ਨਾਲ ਦਿਲ ਦੀ ਗੰਭੀਰ ਬਿਮਾਰੀ, ਖ਼ਾਸ ਕਰਕੇ ਕੰਜੈਸਟਿਵ ਹਾਰਟ ਫੇਲਿਅਰ ਦਾ ਖ਼ਤਰਾ ਵੱਧ ਸਕਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਪਲਾਸਟਿਕ ਦੇ ਨਿੱਕੇ-ਨਿੱਕੇ ਕਣ ਸਾਡੇ ਪੇਟ ਵਿਚ ਜਾ ਕੇ ਸੋਜ ਅਤੇ ਸਿਰਕੂਲੇਟਰੀ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਕਰਕੇ ਇਹ ਖ਼ਤਰਾ ਪੈਦਾ ਹੁੰਦਾ ਹੈ।
ਆਓ ਜਾਣੀਏ ਕਿ ਪਲਾਸਟਿਕ ਦੇ ਕੰਟੇਨਰ ਵਿੱਚ ਪੈਕ ਖਾਣਾ ਖਾਣ ਨਾਲ ਸਿਹਤ ਨੂੰ ਕਿਹੜੇ ਨੁਕਸਾਨ ਹੋ ਸਕਦੇ ਹਨ:
- ਦਿਲ ਦੀ ਬੀਮਾਰੀ (ਹਾਰਟ ਫੇਲਿਅਰ)
- ਕੈਂਸਰ ਦਾ ਖ਼ਤਰਾ
- ਹਾਰਮੋਨਲ ਗੜਬੜ
- ਪਾਚਨ ਤੰਤਰ 'ਚ ਸੋਜ
- ਲਿਵਰ ਅਤੇ ਗੁਰਦਿਆਂ ਨੂੰ ਨੁਕਸਾਨ
ਜੇਕਰ ਤੁਸੀਂ ਵੀ ਰੋਜ਼ਾਨਾ ਪਲਾਸਟਿਕ ਡੱਬਿਆਂ ਵਿੱਚ ਆਉਣ ਵਾਲਾ ਖਾਣਾ ਖਾਂਦੇ ਹੋ, ਤਾਂ ਸਾਵਧਾਨ ਹੋ ਜਾਓ।
ਪਲਾਸਟਿਕ ਕੰਟੇਨਰ ਵਿੱਚ ਪੈਕ ਖਾਣਾ ਖਾਣ ਨਾਲ ਹੋਣ ਵਾਲੇ ਨੁਕਸਾਨ
ਦਿਲ ਦੀ ਬਿਮਾਰੀ (ਹਾਰਟ ਰੋਗ)
ਪਲਾਸਟਿਕ ਕੰਟੇਨਰ ਵਿਚੋਂ ਮਾਈਕ੍ਰੋਪਲਾਸਟਿਕਸ (1 ਮਿ.ਮੀ. ਤੋਂ ਛੋਟੇ ਪਲਾਸਟਿਕ ਕਣ) ਖਾਣੇ ਵਿੱਚ ਰਿਸ ਸਕਦੇ ਹਨ, ਖ਼ਾਸ ਕਰਕੇ ਜਦੋਂ ਇਹ ਕੰਟੇਨਰ ਮਾਈਕ੍ਰੋਵੇਵ ਵਿੱਚ ਗਰਮ ਕੀਤਾ ਜਾਂਦਾ ਹੈ। ਇਕ ਅਧਿਐਨ ਦੇ ਅਨੁਸਾਰ, ਜਦੋਂ ਪਲਾਸਟਿਕ ਦੇ ਡੱਬੇ ਨੂੰ 3 ਮਿੰਟ ਲਈ ਮਾਈਕ੍ਰੋਵੇਵ ਕੀਤਾ ਗਿਆ, ਤਾਂ 1 ਵਰਗ ਸੈਂਟੀਮੀਟਰ ਪਲਾਸਟਿਕ ਤੋਂ ਲਗਭਗ 42.2 ਲੱਖ ਮਾਈਕ੍ਰੋਪਲਾਸਟਿਕ ਅਤੇ 2.11 ਅਰਬ ਨੈਨੋਪਲਾਸਟਿਕ ਕਣ ਨਿਕਲੇ।
ਇਹ ਨਿੱਕੇ-ਨਿੱਕੇ ਕਣ ਸਰੀਰ 'ਚ ਇਕੱਠੇ ਹੋ ਕੇ ਸੋਜ, ਆਕਸੀਕਰਣ ਤਣਾਅ (Oxidative Stress) ਅਤੇ ਲੰਬੇ ਸਮੇਂ ਦੀਆਂ ਬਿਮਾਰੀਆਂ ਜਿਵੇਂ ਕਿ ਦਿਲ ਦੇ ਰੋਗ ਅਤੇ ਮਧੁਮੇਹ (ਸ਼ੂਗਰ) ਦਾ ਖ਼ਤਰਾ ਵਧਾ ਸਕਦੇ ਹਨ।
ਰੋਗ-ਰੋਕ ਪ੍ਰਣਾਲੀ 'ਤੇ ਅਸਰ (ਇਮਿਊਨਿਟੀ)
ਮਾਈਕ੍ਰੋਪਲਾਸਟਿਕਸ ਅਤੇ ਫਥੈਲੇਟਸ (Phthalates) ਵਰਗੇ ਰਸਾਇਣ ਰੋਗ-ਰੋਕ ਪ੍ਰਣਾਲੀ (ਇਮਿਊਨ ਸਿਸਟਮ) ਨੂੰ ਕਮਜ਼ੋਰ ਕਰਕੇ ਸਰੀਰ ਵਿੱਚ ਸੋਜ ਵਧਾ ਸਕਦੇ ਹਨ। ਜੇਕਰ ਲੰਬੇ ਸਮੇਂ ਤੱਕ ਇਹਨਾਂ ਖਤਰਨਾਕ ਤੱਤਾਂ ਦੇ ਸੰਪਰਕ ਵਿੱਚ ਰਹਿਆ ਜਾਵੇ, ਤਾਂ ਆਟੋਇਮਿਊਨ ਰੋਗਾਂ (ਜਿੱਥੇ ਸਰੀਰ ਦੀ ਆਪਣੀ ਪ੍ਰਣਾਲੀ ਹੀ ਆਪਣੇ ਅੰਗਾਂ ਉੱਤੇ ਹਮਲਾ ਕਰਦੀ ਹੈ) ਦਾ ਖ਼ਤਰਾ ਵੀ ਵਧ ਸਕਦਾ ਹੈ।
ਪਾਚਣ ਤੰਤਰ 'ਤੇ ਪ੍ਰਭਾਵ
ਪਲਾਸਟਿਕ ਵਿਚੋਂ ਰਿਸਣ ਵਾਲੇ ਨਿੱਕੇ-ਨਿੱਕੇ ਕਣ ਖਾਣੇ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦੇ ਹਨ, ਜੋ ਪਾਚਣ ਤੰਤਰ ਵਿੱਚ ਸੋਜ ਅਤੇ ਹੋਰ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੇ ਹਨ।
ਕੈਂਸਰ ਦਾ ਖ਼ਤਰਾ
ਕਈ ਅਧਿਐਨਾਂ ਵਿੱਚ ਇਹ ਪਤਾ ਲੱਗਿਆ ਹੈ ਕਿ ਪਲਾਸਟਿਕ ਦੇ ਕੰਟੇਨਰ ਵਿਚੋਂ ਰਿਸਣ ਵਾਲੇ ਰਸਾਇਣਾਂ ਦਾ ਸੰਬੰਧ ਕੈਂਸਰ, ਖ਼ਾਸ ਕਰਕੇ ਛਾਤੀ (ਬਰੈਸਟ) ਅਤੇ ਪ੍ਰੋਸਟੇਟ ਕੈਂਸਰ ਨਾਲ ਜੋੜਿਆ ਗਿਆ ਹੈ। ਜਦੋਂ ਇਹ ਕੰਟੇਨਰ ਗਰਮ ਕੀਤੇ ਜਾਂਦੇ ਹਨ, ਤਾਂ ਇਹ ਖ਼ਤਰਾ ਹੋਰ ਵੱਧ ਜਾਂਦਾ ਹੈ।
ਹਾਰਮੋਨਲ ਸਮੱਸਿਆਵਾਂ
ਪਲਾਸਟਿਕ ਤੋਂ ਰਿਸਣ ਵਾਲੇ ਕੁਝ ਰਸਾਇਣ ਹਾਰਮੋਨਲ ਗੜਬੜ ਪੈਦਾ ਕਰ ਸਕਦੇ ਹਨ। BPA ਅਤੇ ਥੈਲੇਟਸ (Phthalates) ਵਰਗੇ ਰਸਾਇਣ ਸਰੀਰ ਵਿੱਚ ਇਸਟਰੋਜਨ ਵਰਗਾ ਪ੍ਰਭਾਵ ਪੈਦਾ ਕਰਕੇ ਥਾਇਰਾਇਡ ਦੀ ਸਮੱਸਿਆ, ਪ੍ਰਜਨਨ ਸੰਬੰਧੀ ਸਮੱਸਿਆ ਅਤੇ ਮਧੁਮੇਹ (ਸ਼ੂਗਰ) ਦਾ ਖ਼ਤਰਾ ਵਧਾ ਸਕਦੇ ਹਨ।
ਕੰਟੇਨਰ ਉੱਤੇ ਇਹ ਨੰਬਰ ਜ਼ਰੂਰ ਚੈੱਕ ਕਰੋ
ਜ਼ਿਆਦਾਤਰ ਪਲਾਸਟਿਕ ਦੇ ਖਾਣੇ ਵਾਲੇ ਡੱਬਿਆਂ ਦੇ ਹੇਠਾਂ ਇੱਕ ਨੰਬਰ ਲਿਖਿਆ ਹੁੰਦਾ ਹੈ, ਜਿਸ ਦੇ ਆਧਾਰ 'ਤੇ ਇਹ ਪਤਾ ਲੱਗਦਾ ਹੈ ਕਿ ਉਹ ਕੰਟੇਨਰ ਸੁਰੱਖਿਅਤ ਹੈ ਜਾਂ ਨਹੀਂ।
ਉਦਾਹਰਨ ਵਜੋਂ, ਨੰਬਰ 7, 3 ਅਤੇ 6 ਵਾਲੇ ਕੰਟੇਨਰ ਖਾਣਾ ਰੱਖਣ ਜਾਂ ਖਾਣ ਲਈ ਸੁਰੱਖਿਅਤ ਨਹੀਂ ਮੰਨੇ ਜਾਂਦੇ। ਇਹ ਪਲਾਸਟਿਕ ਅਕਸਰ ਹਾਨੀਕਾਰਕ ਰਸਾਇਣ ਛੱਡ ਸਕਦੇ ਹਨ ਜੋ ਸਿਹਤ ਲਈ ਖ਼ਤਰਨਾਕ ਹੋ ਸਕਦੇ ਹਨ। ਖਰੀਦਣ ਸਮੇਂ ਜਾਂ ਆਰਡਰ ਹੋਮ ਡਿਲੀਵਰੀ ਖਾਣੇ ਦਾ ਪੈਕੇਜ ਚੈੱਕ ਕਰਨਾ ਇੱਕ ਸਾਵਧਾਨੀ ਭਰਿਆ ਕਦਮ ਹੋ ਸਕਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।