Symptoms Of Heart Attack In Youth: ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਨੌਜਵਾਨਾਂ ਵਿੱਚ ਵਧਦੀਆਂ ਦਿਲ ਦੀਆਂ ਸਮੱਸਿਆਵਾਂ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਪਿਛਲੇ ਐਤਵਾਰ ਹੈਦਰਾਬਾਦ ਵਿੱਚ ਰਾਤ ਨੂੰ ਬੈਡਮਿੰਟਨ ਖੇਡਦੇ ਸਮੇਂ ਇੱਕ 25 ਸਾਲਾ ਨੌਜਵਾਨ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਇਸ ਤਰ੍ਹਾਂ ਪਿਛਲੇ ਸਾਲਾਂ ਵਿੱਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ, ਜਿੱਥੇ ਬਹੁਤ ਸਾਰੇ ਨੌਜਵਾਨਾਂ ਨੂੰ ਜਿੰਮ ਕਰਦੇ ਸਮੇਂ, ਕ੍ਰਿਕਟ ਖੇਡਦੇ ਸਮੇਂ ਜਾਂ ਕੋਈ ਹੋਰ ਗਤੀਵਿਧੀ ਕਰਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈ ਗਿਆ। ਅਜਿਹੀਆਂ ਘਟਨਾਵਾਂ ਇਸ ਗੱਲ ਦਾ ਸਪੱਸ਼ਟ ਸੰਕੇਤ ਹਨ ਕਿ ਦਿਲ ਦਾ ਦੌਰਾ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਤ ਨਹੀਂ, ਸਗੋਂ ਹੁਣ ਨੌਜਵਾਨ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕ ਦਾ ਨਾਮ ਰਾਕੇਸ਼ ਸੀ ਜੋ ਹੈਦਰਾਬਾਦ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਅੱਜ ਦੀ ਭੱਜ-ਦੌੜ ਵਾਲੀ ਜੀਵਨ ਸ਼ੈਲੀ ਕਾਰਨ ਛੋਟੀ ਉਮਰ ਵਿੱਚ ਵੀ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ। ਅਜਿਹੀਆਂ ਘਟਨਾਵਾਂ ਉਨ੍ਹਾਂ ਸਾਰੇ ਨੌਜਵਾਨਾਂ ਲਈ ਚੇਤਾਵਨੀ ਦੀ ਘੰਟੀ ਹਨ ਜੋ ਆਪਣੇ ਆਪ ਨੂੰ ਪੂਰੀ ਤਰ੍ਹਾਂ ਤੰਦਰੁਸਤ ਸਮਝਦੇ ਹਨ। ਅਜਿਹੀ ਸਥਿਤੀ ਵਿੱਚ ਆਪਣੇ ਸਰੀਰ ਦੇ ਸੰਕੇਤਾਂ ਨੂੰ ਸਮਝਣਾ ਤੇ ਕੁਝ ਸਾਵਧਾਨੀਆਂ ਵਰਤਣਾ ਜ਼ਰੂਰੀ ਹੈ। ਮਾਹਿਰਾਂ ਅਨੁਸਾਰ ਸਮੇਂ ਸਿਰ ਲੱਛਣਾਂ ਦੀ ਪਛਾਣ ਕਰਕੇ ਤੇ ਸਿਹਤਮੰਦ ਆਦਤਾਂ ਅਪਣਾ ਕੇ ਅਜਿਹੇ ਖ਼ਤਰੇ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।

ਨੌਜਵਾਨਾਂ ਲਈ ਦਿਲ ਦੇ ਦੌਰੇ ਦੇ ਮੁੱਖ ਚੇਤਾਵਨੀ ਸੰਕੇਤ

ਨੌਜਵਾਨੀ ਵਿੱਚ ਦਿਲ ਦੇ ਦੌਰੇ ਦੇ ਲੱਛਣ ਕਈ ਵਾਰ ਘੱਟ ਸਪੱਸ਼ਟ ਹੋ ਸਕਦੇ ਹਨ ਜਾਂ ਉਨ੍ਹਾਂ ਨੂੰ ਗੈਸਟ੍ਰਿਕ ਸਮੱਸਿਆਵਾਂ ਸਮਝਿਆ ਜਾ ਸਕਦਾ ਹੈ। ਇਸ ਲਈ ਇਨ੍ਹਾਂ ਸੰਕੇਤਾਂ ਨੂੰ ਜਾਣਨਾ ਤੇ ਸਮਝਣਾ ਬਹੁਤ ਜ਼ਰੂਰੀ ਹੈ...

1. ਹਾਰਟ ਅਟੈਕ ਤੋਂ ਪਹਿਲਾਂ ਅਕਸਰ ਦਬਾਅ, ਜਕੜਨ ਜਾਂ ਭਾਰੀਪਨ ਵਰਗਾ ਮਹਿਸੂਸ ਹੋ ਸਕਦਾ ਹੈ। ਇਹ ਦਰਦ ਛਾਤੀ ਤੋਂ ਸ਼ੁਰੂ ਹੋ ਕੇ ਬਾਂਹ, ਗਰਦਨ, ਜਬਾੜੇ ਜਾਂ ਪਿੱਠ ਤੱਕ ਫੈਲ ਸਕਦਾ ਹੈ।

2. ਬਗੈਰ ਕਿਸੇ ਖਾਸ ਮਿਹਨਤ ਦੇ ਸਾਹ ਲੈਣ ਵਿੱਚ ਤਕਲੀਫ਼ ਜਾਂ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਕਰਨਾ।

3. ਆਮ ਨਾਲੋਂ ਜ਼ਿਆਦਾ ਥਕਾਵਟ ਮਹਿਸੂਸ ਕਰਨਾ ਜਾਂ ਸਰੀਰ ਵਿੱਚ ਲਗਾਤਾਰ ਕਮਜ਼ੋਰੀ ਰਹਿਣਾ।

4. ਅਚਾਨਕ ਚੱਕਰ ਆਉਣਾ, ਸਿਰ ਘੁੰਮਣਾ ਜਾਂ ਬੇਹੋਸ਼ੀ ਹੋਣੀ।

5. ਬਿਨਾਂ ਕਿਸੇ ਸਰੀਰਕ ਗਤੀਵਿਧੀ ਦੇ ਜਾਂ ਠੰਡੇ ਮੌਸਮ ਵਿੱਚ ਵੀ ਬਹੁਤ ਜ਼ਿਆਦਾ ਪਸੀਨਾ ਆਉਣਾ।

6. ਕਈ ਵਾਰ ਪੇਟ ਖਰਾਬ ਹੋਣਾ ਜਾਂ ਉਲਟੀਆਂ ਮਹਿਸੂਸ ਕਰਨਾ, ਜਿਸ ਨੂੰ ਅਕਸਰ ਪੇਟ ਦੀ ਸਮੱਸਿਆ ਸਮਝ ਲਿਆ ਜਾਂਦਾ ਹੈ।

7. ਔਰਤਾਂ ਵਿੱਚ ਅਕਸਰ ਛਾਤੀ ਵਿੱਚ ਦਰਦ ਦੀ ਬਜਾਏ ਬਹੁਤ ਜ਼ਿਆਦਾ ਥਕਾਵਟ, ਪਿੱਠ ਦਰਦ, ਜਬਾੜੇ ਵਿੱਚ ਦਰਦ ਜਾਂ ਮਤਲੀ ਵਰਗੇ ਲੱਛਣ ਹੋ ਸਕਦੇ ਹਨ।

ਸਿਹਤ ਮਾਹਿਰ ਕੀ ਕਹਿੰਦੇ?

ਦਿਲ ਦੇ ਰੋਗਾਂ ਦੇ ਮਾਹਿਰ ਕਹਿੰਦੇ ਹਨ ਕਿ ਦਿਲ ਦੇ ਦੌਰੇ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਕਰਨਾ ਸਭ ਤੋਂ ਮਹੱਤਵਪੂਰਨ ਹੈ। ਜੇਕਰ ਕਿਸੇ ਵਿੱਚ ਇਹ ਲੱਛਣ ਦਿਖਾਈ ਦੇ ਰਹੇ ਹਨ, ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਦਿਲ ਦੇ ਦੌਰੇ ਦੇ ਸਿਰਫ਼ ਇੱਕ ਲੱਛਣ ਵੱਲ ਧਿਆਨ ਨਾ ਦਿਓ, ਕਈ ਵਾਰ ਲੱਛਣ ਬਹੁਤ ਹਲਕੇ ਹੁੰਦੇ ਹਨ ਜਾਂ ਕਿਸੇ ਹੋਰ ਸਥਿਤੀ ਵਾਂਗ ਮਹਿਸੂਸ ਹੁੰਦੇ ਹਨ। ਇਸ ਲਈ ਇਨ੍ਹਾਂ ਸਾਰੇ ਸੰਭਾਵੀ ਲੱਛਣਾਂ ਤੋਂ ਜਾਣੂ ਹੋਣਾ ਤੇ ਸਮੇਂ ਸਿਰ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਜੋਖਮ ਤੋਂ ਬਚਿਆ ਜਾ ਸਕੇ।