Signs of Heart Attack: ਅਕਸਰ ਸਵੇਰੇ ਉੱਠਦੇ ਹੀ ਜਦੋਂ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ ਤਾਂ ਝੁਰੜੀਆਂ, ਚਿੱਟੇ ਵਾਲ ਜਾਂ ਥਕਾਵਟ ਦੇਖ ਕੇ ਅੰਦਾਜ਼ਾ ਲਾਉਂਦੇ ਹਾਂ ਕਿ ਸਾਡੀ ਉਮਰ ਵਧ ਰਹੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਦਿਲ ਦੀ ਉਮਰ ਕਿੰਨੀ ਹੈ? ਜੀ ਹਾਂ, ਦਿਲ ਦੀ ਵੀ ਇੱਕ "ਅਸਲੀ ਉਮਰ" ਹੁੰਦੀ ਹੈ, ਜੋ ਤੁਹਾਡੇ ਸਰੀਰ ਦੀ ਉਮਰ ਤੋਂ ਕਿਤੇ ਵੱਧ ਹੋ ਸਕਦੀ ਹੈ। ਇਹ ਲੁਕਿਆ ਹੋਇਆ ਖ਼ਤਰਾ ਵੀ ਹੈ, ਜੋ ਬਿਨਾਂ ਦਸਤਕ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ।

ਅੱਜ ਦੇ ਸਮੇਂ ਵਿੱਚ 30 ਜਾਂ 35 ਸਾਲ ਦੇ ਨੌਜਵਾਨ ਵੀ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਕਿਉਂ ਹੋ ਰਿਹਾ ਹੈ? ਇਸ ਦਾ ਜਵਾਬ ਇਹ ਹੈ ਕਿ ਦਿਲ ਦੀ ਉਮਰ ਦਾ ਸਾਡੀ ਜੀਵਨ ਸ਼ੈਲੀ ਨਾਲ ਤਾਲਮੇਲ ਨਾ ਬੈਠਣਾ ਜੇਕਰ ਦਿਲ ਤੁਹਾਡੀ ਅਸਲ ਉਮਰ ਤੋਂ 15 ਸਾਲ ਵੱਡਾ ਹੈ, ਤਾਂ ਖਤਰੇ ਦੀ ਘੰਟੀ ਵੱਜ ਗਈ ਸਮਝੋ। ਸਿਹਤ ਮਾਹਿਰ ਕਹਿੰਦੇ ਹਨ ਕਿ ਦਿਲ ਦੀ ਉਮਰ ਸਿੱਧੇ ਤੌਰ 'ਤੇ ਤੁਹਾਡੀ ਖੁਰਾਕ, ਸਰੀਰਕ ਗਤੀਵਿਧੀ, ਤਣਾਅ, ਨੀਂਦ ਤੇ ਜੀਵਨ ਸ਼ੈਲੀ ਨਾਲ ਸਬੰਧਤ ਹੈ। ਕਈ ਵਾਰ ਸਰੀਰ ਜਵਾਨ ਹੁੰਦਾ ਹੈ ਪਰ ਦਿਲ ਬੁੱਢਾ ਹੋ ਜਾਂਦਾ ਹੈ ਤੇ ਫਿਰ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ।

ਦਿਲ ਦੀ ਉਮਰ ਕਿਵੇਂ ਤੈਅ ਕੀਤੀ ਜਾਂਦੀ?

ਦਿਲ ਦੀ ਉਮਰ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਬਲੱਡ ਸ਼ੂਗਰ, ਬਾਡੀ ਮਾਸ ਇੰਡੈਕਸ (BMI), ਸਿਗਰਟਨੋਸ਼ੀ ਦੀ ਆਦਤ ਤੇ ਸਰੀਰਕ ਗਤੀਵਿਧੀ ਵਰਗੇ ਕਾਰਕਾਂ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ। ਜੇਕਰ ਤੁਸੀਂ ਇਨ੍ਹਾਂ ਪਹਿਲੂਆਂ ਵਿੱਚ ਕਮਜ਼ੋਰ ਹੋ ਤਾਂ ਤੁਹਾਡੇ ਦਿਲ ਦੀ ਉਮਰ ਤੁਹਾਡੀ ਅਸਲ ਉਮਰ ਤੋਂ ਵੱਧ ਹੋ ਸਕਦੀ ਹੈ।

ਖ਼ਤਰੇ ਦੇ ਸੰਕੇਤ?

1. ਪੌੜੀਆਂ ਚੜ੍ਹਦੇ ਸਮੇਂ ਅਕਸਰ ਸਾਹ ਚੜ੍ਹਨਾ 

2. ਸਵੇਰੇ ਉੱਠਦੇ ਹੀ ਭਾਰੀਪਨ ਮਹਿਸੂਸ ਕਰਨਾ

3. ਛਾਤੀ ਵਿੱਚ ਜਲਣ ਜਾਂ ਦਬਾਅ

4. ਵਾਰ-ਵਾਰ ਥਕਾਵਟ ਜਾਂ ਨੀਂਦ ਨਾ ਆਉਣਾ

5. ਤਣਾਅ ਜਾਂ ਜਲਦੀ ਗੁੱਸਾ ਆਉਣਾ

ਦਿਲ ਦੀ ਉਮਰ ਨੂੰ ਕਿਵੇਂ ਘਟਾਇਆ ਜਾਵੇ?

1. ਹਰ ਰੋਜ਼ ਘੱਟੋ-ਘੱਟ 30 ਮਿੰਟ ਤੇਜ਼ ਤੁਰੋ

2. ਫਲ, ਸਬਜ਼ੀਆਂ ਤੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਭੋਜਨ ਖਾਓ

3. ਸਿਗਰਟਨੋਸ਼ੀ ਤੇ ਸ਼ਰਾਬ ਤੋਂ ਦੂਰ ਰਹੋ

4. ਅੱਠ ਘੰਟੇ ਦੀ ਚੰਗੀ ਨੀਂਦ ਲੈਣਾ ਯਕੀਨੀ ਬਣਾਓ

5. ਤਣਾਅ ਘਟਾਉਣ ਲਈ ਯੋਗਾ ਜਾਂ ਮੈਡੀਟੇਸ਼ਨ ਕਰੋ ਜਾਂ ਸੰਗੀਤ ਸੁਣੋ

ਤੁਹਾਡਾ ਦਿਲ ਹਰ ਰੋਜ਼ ਤੁਹਾਡੇ ਲਈ ਧੜਕਦਾ ਹੈ, ਪਰ ਕੀ ਤੁਸੀਂ ਇਸ ਦੇ ਲਈ ਕੁਝ ਕਰ ਰਹੇ ਹੋ? ਜੇਕਰ ਤੁਸੀਂ ਅੱਜ ਹੀ ਆਪਣੇ ਦਿਲ ਦੀ ਉਮਰ ਨੂੰ ਪਛਾਣ ਲੈਂਦੇ ਹੋ ਤੇ ਇਸ ਨੂੰ ਘਟਾਉਣ ਲਈ ਕਦਮ ਚੁੱਕਦੇ ਹੋ, ਤਾਂ ਨਾ ਸਿਰਫ਼ ਦਿਲ ਦੇ ਦੌਰੇ ਦਾ ਡਰ ਦੂਰ ਹੋਵੇਗਾ, ਸਗੋਂ ਜ਼ਿੰਦਗੀ ਵੀ ਲੰਬੀ ਤੇ ਸਿਹਤਮੰਦ ਹੋਵੇਗੀ।