How to Check Wheat Flour: ਮਹਿੰਗਾਈ ਕਾਰਨ ਅੱਜਕੱਲ੍ਹ ਕਈ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ। ਅੱਜ ਸਰ੍ਹੋਂ ਦਾ ਤੇਲ, ਘਿਓ, ਖੰਡ ਆਦਿ ਵਰਗੀਆਂ ਬਹੁਤ ਸਾਰੀਆਂ ਜ਼ਰੂਰੀ ਵਸਤੂਆਂ ਵਿੱਚ ਮਿਲਾਵਟ ਦੀਆਂ ਖਬਰਾਂ ਤਾਂ ਅਕਸਰ ਹੀ ਸੁਣੀਆਂ ਜਾਂਦੀਆਂ ਹਨ ਪਰ ਕਣਕ ਦੇ ਭਾਅ ਤੇਜ਼ ਹੋਣ ਕਾਰਨ ਅੱਜਕੱਲ੍ਹ ਬਾਜ਼ਾਰ ਵਿੱਚ ਨਕਲੀ ਆਟਾ ਵੀ ਵਿਕਣ ਲੱਗਾ ਹੈ। ਪਿਛਲੇ ਸਮੇਂ ਦੌਰਾਨ ਕਾਫੀ ਮਾਤਰਾ ਵਿੱਚ ਨਕਲੀ ਆਟਾ ਫੜਿਆ ਵੀ ਗਿਆ ਹੈ।
ਦਰਅਸਲ ਭਾਰਤ ਵਿੱਚ ਕਣਕ ਦੇ ਰੇਟ ਆਸਮਾਨ ਛੂਹਣ ਲੱਗੇ ਹਨ। ਇਸ ਕਰਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਕਣਕ ਦੇ ਆਟੇ ਦਾ ਰੇਟ 50 ਤੋਂ 60 ਰੁਪਏ ਕਿੱਲੋ ਹੋ ਗਿਆ ਹੈ। ਇਸ ਕਰਕੇ ਬਾਜ਼ਾਰ ਵਿੱਚ ਨਕਲੀ ਆਟਾ ਵੀ ਵਿਕਣ ਲੱਗਾ ਹੈ। ਇਹ ਆਟਾ ਵੇਖਣ ਨੂੰ ਕਣਕ ਦਾ ਹੀ ਲੱਗਦਾ ਹੈ ਪਰ ਇਸ ਵਿੱਚ ਹੋਰ ਪਦਾਰਥਾਂ ਦੀ ਮਿਲਾਵਟ ਹੁੰਦੀ ਹੈ। ਇਸ ਆਟੇ ਦੀਆਂ ਰੋਟੀਆਂ ਖਾਣ ਨਾਲ ਪੇਟ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਨਕਲੀ ਆਟਾ ਕਈ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਨਾਲ ਗੰਭੀਰ ਬਿਮਾਰੀਆਂ ਵੀ ਲੱਗ ਸਕਦੀਆਂ ਹਨ। ਜੇਕਰ ਤੁਸੀਂ ਵੀ ਬਾਜ਼ਾਰਾਂ ਵਿੱਚੋਂ ਪੈਕੇਡ ਵਾਲਾ ਆਟਾ ਖਰੀਦਦੇ ਹੋ ਤਾਂ ਇਸ ਦੀ ਪਛਾਣ ਕਰਨਾ ਜ਼ਰੂਰੀ ਹੈ। ਇਸ ਸਬੰਧੀ ਅੱਜ ਅਸੀਂ ਤੁਹਾਨੂੰ ਉਨ੍ਹਾਂ ਖਾਸ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਅਸਲੀ ਤੇ ਨਕਲੀ ਆਟੇ ਦੀ ਪਛਾਣ ਕਰ ਸਕਦੇ ਹੋ।
ਦੱਸ ਦਈਏ ਕਿ ਤੁਸੀਂ ਇੱਕ ਗਲਾਸ ਪਾਣੀ ਦੀ ਮਦਦ ਨਾਲ ਅਸਲੀ ਤੇ ਨਕਲੀ ਆਟੇ ਵਿੱਚ ਫ਼ਰਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਇੱਕ ਗਲਾਸ ਪਾਣੀ ਲੈਣਾ ਪਵੇਗਾ। ਇਸ ਵਿੱਚ ਅੱਧਾ ਚਮਚ ਆਟਾ ਪਾਓ। ਇਸ ਤੋਂ ਬਾਅਦ ਤੁਹਾਨੂੰ 10 ਸਕਿੰਟ ਉਡੀਕ ਕਰਨੀ ਪਵੇਗੀ। ਇਸ ਪ੍ਰਕਿਰਿਆ ਨੂੰ ਕਰਨ ਤੋਂ ਬਾਅਦ ਤੁਹਾਨੂੰ ਪਾਣੀ ਨੂੰ ਧਿਆਨ ਨਾਲ ਦੇਖਣਾ ਪਵੇਗਾ। ਜੇਕਰ ਆਟਾ ਪਾਣੀ ਵਿੱਚ ਤੈਰਦਾ ਦਿਖਾਈ ਦੇਵੇ ਤਾਂ ਇਸ ਸਥਿਤੀ ਵਿੱਚ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਟਾ ਮਿਲਾਵਟੀ ਹੈ। ਇਸ ਦੇ ਨਾਲ ਹੀ ਜੇਕਰ ਆਟਾ ਪਾਣੀ ਦੀ ਸਤ੍ਹਾ 'ਤੇ ਬੈਠ ਜਾਵੇ ਤਾਂ ਅਜਿਹੀ ਸਥਿਤੀ ਵਿੱਚ ਤੁਹਾਡਾ ਆਟਾ ਸ਼ੁੱਧ ਹੈ।
ਇਸ ਤੋਂ ਇਲਾਵਾ ਤੁਸੀਂ ਰੋਟੀ ਬਣਾਉਂਦੇ ਸਮੇਂ ਉਸ ਦੀ ਸ਼ੁੱਧਤਾ ਦੀ ਵੀ ਜਾਂਚ ਕਰ ਸਕਦੇ ਹੋ। ਜੇਕਰ ਗੁੰਨ੍ਹਦੇ ਸਮੇਂ ਆਟਾ ਬਹੁਤ ਨਰਮ ਹੋਵੇ ਤਾਂ ਅਜਿਹੀ ਸਥਿਤੀ ਵਿੱਚ ਸਮਝੋ ਕਿ ਤੁਹਾਡਾ ਆਟਾ ਸ਼ੁੱਧ ਹੈ। ਇਸ ਤੋਂ ਇਲਾਵਾ ਮਿਲਾਵਟੀ ਆਟਾ ਗੁੰਨ੍ਹਦੇ ਸਮੇਂ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਸ਼ੁੱਧ ਆਟੇ ਤੋਂ ਬਣੀਆਂ ਚਪਾਤੀਆਂ ਕਾਫ਼ੀ ਨਰਮ ਹੁੰਦੀਆਂ ਹਨ। ਇਸ ਤੋਂ ਇਲਾਵਾ ਅਸਲੀ ਕਣਕ ਦੇ ਆਟੇ ਤੋਂ ਬਣੀਆਂ ਰੋਟੀਆਂ ਬਹੁਤ ਵਧੀਆ ਬਣਦੀਆਂ ਹਨ।