Parenting Tips: ਅੱਜ-ਕਲ੍ਹ ਸਮਾਰਟਫੌਨ, ਟੀਵੀ ਆਦਿ ਕਾਰਨ ਵੱਧ ਰਹੀ ਸਕਰੀਨ ਟਾਇਮਿੰਗ ਤੇ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਬੱਚਿਆਂ ਵਿਚ ਨਿਗ੍ਹਾ ਘਟਣ ਦੀ ਸਮੱਸਿਆ ਬਹੁਤ ਵੱਧ ਰਹੀ ਹੈ। ਇਸ ਕਾਰਨ ਉਨ੍ਹਾਂ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ। ਉਹ ਪੜ੍ਹਨ ਵਿਚ ਪਛੜਨ ਲੱਗਦੇ ਹਨ। ਅਜਿਹੇ ਵਿਚ ਜ਼ਰੂਰੀ ਹੈ ਕਿ ਸਮੇਂ ਸਿਰ ਉਨ੍ਹਾਂ ਦੀ ਪਰੇਸ਼ਾਨੀ ਨੂੰ ਸਮਝ ਲਿਆ ਜਾਵੇ ਤੇ ਬਣਦਾ ਉਪਚਾਰ ਕੀਤਾ ਜਾਵੇ। ਪਰ ਪਤਾ ਕਿਵੇਂ ਲੱਗੇ ਕਿ ਬੱਚਿਆਂ ਨੂੰ ਦੇਖਣ ਵਿਚ ਔਖ ਹੋ ਰਹੀ ਹੈ। ਆਓ ਤੁਹਾਨੂੰ ਅਜਿਹੇ ਲੱਛਣ ਦੱਸੀਏ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਬੱਚੇ ਦੀ ਨਿਗ੍ਹਾ ਘੱਟ ਰਹੀ ਹੈ-


 


ਟੀਵੀ ਜਾਂ ਮੋਬਾਇਲ ਬਹੁਤ ਨੇੜੇ ਹੋ ਕੇ ਦੇਖਣਾ


 


ਜਦ ਕਿਸੇ ਬੱਚੇ ਦੀ ਨਿਗ੍ਹਾ ਘਟਣ ਲਗਦੀ ਹੈ ਤਾਂ ਉਸ ਨੂੰ ਟੀਵੀ ਜਾਂ ਮੋਬਾਇਲ ਦੀ ਸਕਰੀਨ ਦੇਖਣ ਵਿਚ ਔਖ ਮਹਿਸੂਸ ਹੁੰਦੀ ਹੈ। ਉਹ ਟੀਵੀ ਜਾਂ ਮੋਬਾਇਲ ਦੇ ਬਹੁਤ ਨੇੜੇ ਹੋ ਕੇ ਦੇਖਣ ਦੀ ਕੋਸ਼ਿਸ਼ ਕਰਦਾ ਹੈ।


 


ਇਕ ਅੱਖ ਬੰਦ ਕਰਨਾ


 


ਕਈ ਵਾਰ ਬੱਚਾ ਇਕ ਅੱਖ ਨੂੰ ਬੰਦ ਕਰਕੇ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਇਹ ਵੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਉਸ ਦੀ ਨਿਗ੍ਹਾ ਘੱਟ ਰਹੀ ਹੈ ਤੇ ਉਸ ਨੂੰ ਦੇਖਣ ਵਿਚ ਪਰੇਸ਼ਾਨੀ ਆ ਰਹੀ ਹੈ।


 


ਉਂਗਲ ਰੱਖ ਕੇ ਪੜ੍ਹਨਾ


 


ਛੋਟਿਆਂ ਬੱਚਿਆਂ ਨੂੰ ਕਿਤਾਬ ਦੇ ਵਾਕ ਉੱਤੇ ਉਂਗਲ ਰੱਖਕੇ ਪੜ੍ਹਨਾ ਸਿਖਾਇਆ ਜਾਂਦਾ ਹੈ। ਪਰ ਇਕ ਵਕਤ ਬਾਅਦ ਉਹ ਅਜਿਹਾ ਕਰਨਾ ਛੱਡ ਦਿੰਦਾ ਹੈ। ਪਰ ਜੇਕਰ ਤੁਹਾਡਾ ਬੱਚਾ ਹਰ ਸ਼ਬਦ ਨੂੰ ਉਂਗਲ ਰੱਖਕੇ ਪੜ੍ਹਦਾ ਹੈ ਤਾਂ ਸੰਭਵ ਹੈ ਕਿ ਉਸ ਨੂੰ ਲੇਜ਼ੀ ਆਈ ਦੀ ਸਮੱਸਿਆ ਹੈ, ਇਸ ਦੀ ਤੁਰੰਤ ਜਾਂਚ ਕਰਵਾਓ।


 


ਸਿਰ ਦਰਦ


ਸਿਰ ਦਰਦ ਹੋਣਾ ਜਾਂ ਚੱਕਰ ਆਉਣਾ ਨਿਗ੍ਹਾ ਦੇ ਘਟਣ ਦੀ ਇਕ ਵੱਡੀ ਨਿਸ਼ਾਨੀ ਹੈ। ਜੇਕਰ ਤੁਹਾਡੇ ਬੱਚੇ ਨੂੰ ਵੀ ਇਹ ਸਮੱਸਿਆ ਹੋ ਰਹੀ ਹੈ ਤਾਂ ਸਾਵਧਾਨ ਹੋ ਜਾਓ। ਕਈ ਵਾਰ ਬੱਚਾ ਆਪਣਾ ਸਬਕ ਪੜ੍ਹ ਰਿਹਾ ਹੁੰਦਾ ਹੈ ਤੇ ਵਾਰ ਵਾਰ ਭੁੱਲ ਜਾਂਦਾ ਹੈ ਕਿ ਉਸ ਨੇ ਆਖਰੀ ਲਾਇਨ ਕਿੱਥੇ ਛੱਡੀ ਸੀ ਜਾਂ ਅਗਲੀ ਲਾਇਨ ਦਾ ਅਨੁਮਾਨ ਠੀਕ ਤਰ੍ਹਾਂ ਨਹੀਂ ਲਗਾ ਪਾਉਂਦਾ ਹੈ। ਇਸ ਨੂੰ ਕ੍ਰਾਸ ਆਈ ਇਫੈਕਟ ਕਹਿੰਦੇ ਹਨ। ਇਸ ਪਰੇਸ਼ਾਨੀ ਨੂੰ ਜਲਦੀ ਸਮਝਕੇ ਹੱਲ ਕਰਨਾ ਚਾਹੀਦਾ ਹੈ।