ਜੇ ਤੁਹਾਡੇ ਜੋੜਾਂ ਵਿੱਚ ਲਗਾਤਾਰ ਦਰਦ ਰਹਿੰਦਾ ਹੈ ਅਤੇ ਹੱਡੀਆਂ ਕਮਜ਼ੋਰ ਹਨ, ਤਾਂ ਆਪਣੀ ਖੁਰਾਕ ਵਿੱਚ ਮਖਾਣਾ ਜ਼ਰੂਰ ਸ਼ਾਮਲ ਕਰੋ। ਇਹ ਕੈਲਸ਼ੀਅਮ, ਫਾਸਫੋਰਸ ਅਤੇ ਪੋਟੈਸ਼ੀਅਮ ਵਰਗੇ ਖਣਿਜਾਂ ਦਾ ਵਧੀਆ ਸਰੋਤ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਜੋੜਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਦਰਅਸਲ, ਮਖਾਣਾ ਇੱਕ ਸੁਪਰਫੂਡ ਹੈ ਜਿਸ ਵਿੱਚ ਕਈ ਕਿਸਮ ਦੇ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਬਹੁਤ ਐਕਟਿਵ ਰੱਖਦੇ ਹਨ। ਮਖਾਣੇ ਵਿੱਚ ਫਾਈਬਰ ਵੀ ਹੁੰਦਾ ਹੈ ਜੋ ਪਾਚਣ ਸੁਧਾਰਦਾ ਹੈ ਅਤੇ ਥਕਾਵਟ ਦੂਰ ਕਰਦਾ ਹੈ। ਆਯੁਰਵੇਦ ਦੇ ਮੁਤਾਬਕ, ਇਸ ਦਾ ਰੋਜ਼ਾਨਾ ਸੇਵਨ ਗਠੀਆ ਦੇ ਦਰਦ, ਸਰੀਰਕ ਕਮਜ਼ੋਰੀ, ਦਿਲ ਦੀ ਸਿਹਤ, ਅਨੀਂਦਰਾ ਦੂਰ ਕਰਨ ਅਤੇ ਝੁਰੜੀਆਂ ਘਟਾਉਣ ਲਈ ਵੀ ਫਾਇਦੇਮੰਦ ਹੈ। ਚਲੋ ਹੁਣ ਦੱਸਦੇ ਹਾਂ ਕਿ ਸੁਆਦ ਅਤੇ ਪੋਸ਼ਣ ਨਾਲ ਭਰਪੂਰ ਮਖਾਣੇ ਦਾ ਲੱਡੂ ਕਿਵੇਂ ਬਣਾਇਆ ਜਾਂਦਾ ਹੈ।
ਮਖਾਣੇ ਅਤੇ ਨਾਰੀਅਲ ਦੇ ਲੱਡੂ ਲਈ ਸਮੱਗਰੀ:
150 ਗ੍ਰਾਮ ਮਖਾਣਾ
100 ਗ੍ਰਾਮ ਨਾਰੀਅਲ ਦਾ ਬੁਰਾ
ਸੂਕੇ ਫਲ (ਕਾਜੂ, ਪਿਸਤਾ, ਬਾਦਾਮ, ਦਾਖਾਂ)
ਅੱਧਾ ਚਮਚ ਇਲਾਇਚੀ ਪਾਊਡਰ
2 ਵੱਡੇ ਚਮਚ ਘੀ
2 ਕੱਪ ਗੁੜ
1 ਕੱਪ ਪਾਣੀ
ਮਖਾਣੇ ਅਤੇ ਨਾਰੀਅਲ ਦਾ ਲੱਡੂ ਬਣਾਉਣ ਦਾ ਤਰੀਕਾ:
ਮਖਾਣੇ ਦਾ ਲੱਡੂ ਬਣਾਉਣ ਲਈ ਸਭ ਤੋਂ ਪਹਿਲਾਂ ਗੈਸ ਆਨ ਕਰੋ ਅਤੇ ਪੈਨ ਰੱਖੋ। ਜਦੋਂ ਪੈਨ ਗਰਮ ਹੋ ਜਾਵੇ, ਤਾਂ ਇਸ ਵਿੱਚ 2 ਚਮਚ ਘੀ ਪਾਓ। ਹੁਣ 150 ਗ੍ਰਾਮ ਮਖਾਣਾ ਪੈਨ ਵਿੱਚ ਪਾਓ। ਮਖਾਣੇ ਨੂੰ ਚੰਗੀ ਤਰ੍ਹਾਂ ਰੋਸਟ ਕਰੋ।
ਜਦੋਂ ਮਖਾਣਾ ਸੁਨਹਿਰਾ ਹੋ ਜਾਵੇ, ਤਾਂ ਫਿਰ ਅੱਧਾ ਚਮਚ ਘੀ ਲੈ ਕੇ ਸਾਰੇ ਡ੍ਰਾਈ ਫਰੂਟ ਜਿਵੇਂ ਕਾਜੂ, ਪਿਸਤਾ, ਬਾਦਾਮ, ਦਾਖਾਂ ਚੰਗੀ ਤਰ੍ਹਾਂ ਰੋਸਟ ਕਰ ਲਵੋ। ਉਸ ਤੋਂ ਬਾਅਦ 100 ਗ੍ਰਾਮ ਨਾਰੀਅਲ ਦਾ ਪਾਊਡਰ ਵੀ ਅੱਧੇ ਚਮਚ ਘੀ ਵਿੱਚ ਰੋਸਟ ਕਰ ਲਵੋ।
ਹੁਣ ਪੈਨ ਵਿੱਚ 2 ਕੱਪ ਗੁੜ ਪਾਓ। ਜਦ ਤੱਕ ਗੁੜ ਪਿਘਲੇ, ਤਦ ਤੱਕ ਮਖਾਣਾ ਅਤੇ ਡ੍ਰਾਈ ਫਰੂਟ ਨੂੰ ਬਾਰੀ-ਬਾਰੀ ਗ੍ਰਾਈਂਡਰ ਵਿੱਚ ਪਾਊਡਰ ਬਣਾ ਕੇ ਪੀਸ ਲਵੋ। ਜਦੋਂ ਗੁੜ ਹੌਲੀ-ਹੌਲੀ ਪਿਘਲਣ ਲੱਗੇ, ਤਾਂ ਇਸ ਵਿੱਚ 1 ਕੱਪ ਪਾਣੀ ਪਾਓ।
ਜਦੋਂ ਗੁੜ ਦੀ ਚਾਸ਼ਨੀ ਥੋੜ੍ਹੀ ਗਾੜ੍ਹੀ ਹੋ ਜਾਵੇ, ਤਾਂ ਇਸ ਵਿੱਚ ਮਖਾਣੇ ਦਾ ਪਾਉਡਰ, ਡ੍ਰਾਈ ਫਰੂਟ ਦਾ ਪਾਊਡਰ ਅਤੇ ਨਾਰੀਅਲ ਦਾ ਬੁਰਾ ਮਿਲਾਓ। ਹੁਣ ਖੁਸ਼ਬੂ ਵਾਸਤੇ ਇਸ ਮਿਸ਼ਰਣ ਵਿੱਚ ਅੱਧਾ ਚਮਚ ਇਲਾਇਚੀ ਪਾਊਡਰ ਵੀ ਪਾਓ। ਹੁਣ ਹੌਲੇ-ਹੌਲੇ ਹੱਥਾਂ ਨਾਲ ਗੋਲ-ਗੋਲ ਆਕਾਰ ਵਿੱਚ ਮਖਾਣੇ ਦੇ ਲੱਡੂ ਬਣਾਓ। ਤੁਹਾਡਾ ਮਖਾਣਾ ਲੱਡੂ ਤਿਆਰ ਹੈ।