ਬਿਮਾਰੀਆਂ ਨੂੰ ਜੜ੍ਹੋਂ ਪੁੱਟੇਗਾ ਫੇਸਬੁਕ, 300 ਕਰੋੜ ਡਾਲਰ ਦਾ ਐਲਾਨ
ਏਬੀਪੀ ਸਾਂਝਾ | 23 Sep 2016 05:28 PM (IST)
ਹਿਊਸਟਨ : ਸੋਸ਼ਲ ਮੀਡੀਆ ਦੇ ਲੋਕਾਂ ਦੇ ਹਰਮਨ ਪਿਆਰੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਤੇ ਉਨ੍ਹਾਂ ਦੀ ਪਤਨੀ ਪ੍ਰਿਸਸਿਲਾ ਚਾਨ ਨੇ 21ਵੀਂ ਸਦੀ ਦੇ ਅੰਤ ਤੱਕ ਸਾਰੀਆਂ ਮੁੱਖ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਵਿੱਚ ਮਾਇਕ ਮਦਦ ਦੇਣ ਦਾ ਐਲਾਨ ਕੀਤਾ ਹੈ। ਉਹ ਆਪਣੇ ਇਸ ਟੀਚੇ ਲਈ ਅਗਲੇ ਦਸ ਸਾਲਾਂ ਦੌਰਾਨ 300 ਕਰੋੜ ਡਾਲਰ ਖ਼ਰਚ ਕਰਨਗੇ। ਲੋਕ ਭਲਾਈ ਕੰਮਾਂ ਲਈ ਇਸ ਜੋੜੇ ਵੱਲੋਂ ਬਣਾਏ ਗਏ ਗਰੁੱਪ ‘ਚਾਨ ਜ਼ੁਕਰਬਰਗ ਇਨੀਸ਼ੀਏਟਿਵ’ ਦੇ ਸਾਨ ਫਰਾਂਸਿਸਕੋ ਪ੍ਰੋਗਰਾਮ ਵਿੱਚ ਪ੍ਰਿਸਸਿਲਾ ਨੇ ਦੱਸਿਆ ਕਿ ਬੱਚਿਆਂ ਵਿੱਚ ਸਾਰੀਆਂ ਬਿਮਾਰੀਆਂ ਤੋਂ ਬਚਾਅ ਲਈ ਮਿਲਕੇ ਕੰਮ ਕਰਨ ਦਾ ਇਰਾਦਾ ਬਣਾਇਆ ਗਿਆ ਹੈ। ਇਸ ਮੌਕੇ 32 ਸਾਲਾ ਜ਼ੁਕਰਬਰਗ ਨੇ ਕਿਹਾ ਕਿ ਉਨ੍ਹਾਂ ਦੀ ਇਸ ਪਹਿਲ ਨਾਲ ਬੱਚਿਆਂ ਲਈ ਬਿਹਤਰ ਭਵਿੱਖ ਸਿਰਜਿਆ ਜਾ ਸਕੇਗਾ। ਜ਼ੁਕਰਬਰਗ ਜੋੜੇ ਨੇ ਇਸ ਮੌਕੇ ਆਪਣੀ ਯੋਜਨਾ ਦਾ ਵੇਰਵਾ ਦੱਸਦੇ ਹੋਏ ਮੁੱਖ ਬਿਮਾਰੀਆਂ ਦੀ ਰੋਕਥਾਮ ਤੇ ਖੋਜ ਕੰਮਾਂ ਲਈ ਅਗਲੇ ਦਹਾਕੇ ਦੌਰਾਨ 300 ਕਰੋੜ ਡਾਲਰ ਖਰਚ ਕਰਨ ਦਾ ਐਲਾਨ ਕੀਤਾ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਾਨ ਫਰਾਂਸਿਸਕੋ ਵਿਚਲੇ ਖੋਜ ਕੇਂਦਰ ‘ਚਾਨ ਜ਼ੁਕਰਬਰਗ ਬਾਇਓ ਹੱਬ’ ਵਿੱਚ 60 ਕਰੋੜ ਡਾਲਰ ਦੇ ਦਾਨ ਨਾਲ ਕੀਤੀ ਗਈ। ਇਹ ਖੋਜ ਕੇਂਦਰ ਤਿੰਨ ਯੂਨੀਵਰਸਿਟੀਆਂ ਯੂ.ਸੀ.ਐਸ.ਐਫ., ਸਟੈਨਫੋਰਡ ਤੇ ਕੈਲੀਫੋਰਨੀਆ ਯੂਨੀਵਰਸਿਟੀ ਨਾਲ ਭਾਈਵਾਲੀ ਵਿੱਚ ਚੱਲਣਾ ਹੈ। ਜ਼ੁਕਰਬਰਗ ਜੋੜੇ ਨੇ ਪਿਛਲੇ ਸਾਲ ਦਸੰਬਰ ਵਿੱਚ ਆਪਣੀ ਜਾਇਦਾਦ ਦਾ 99 ਫੀਸਦੀ ਹਿੱਸਾ ਦਾਨ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਬਾਇਓ ਹੱਬ ਵਿੱਚ ਕੀਤਾ ਗਿਆ ਇਹ ਪਹਿਲਾ ਵੱਡਾ ਦਾਨ ਹੈ।